ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

7/18/2021 1:22:21 PM

(ਕਿਸ਼ਤ ਸਤਵੰਝਵੀਂ)
ਭਾਈ ਜੈ ਰਾਮ ਜੀ ਦਾ ਸੁਭਾਅ ਅਤੇ ਵਿਅਕਤਿੱਤਵ

ਸੰਮਤ 1539-40 ਬਿਕਰਮੀ ਦੇ ਮੱਘਰ ਅਰਥਾਤ ਸੰਨ 1482-83 ਈਸਵੀ ਦੇ ਨਵੰਬਰ-ਦਸੰਬਰ ਮਹੀਨੇ ਵਿੱਚ, ਜਦੋਂ ਬੀਬੀ ਨਾਨਕੀ ਜੀ ਦਾ ਵਿਆਹ ਭਾਈ ਜੈ ਰਾਮ ਜੀ ਨਾਲ ਸੰਪੰਨ ਹੋਇਆ, ਉਦੋਂ ਗੁਰੂ ਨਾਨਕ ਸਾਹਿਬ ਅੰਦਾਜ਼ਨ 14 ਵਰ੍ਹਿਆਂ ਦੇ ਹੋ ਚੁੱਕੇ ਸਨ। ਇਸ ਹਿਸਾਬ ਨਾਲ ਉਸ ਸਮੇਂ ਬੀਬੀ ਨਾਨਕੀ ਜੀ ਦੀ ਆਰਜ਼ਾ, ਲਗਭਗ 19 ਸਾਲਾਂ ਦੀ ਸੀ। ਉਸ ਸਮੇਂ ਦੇ ਸਮਾਜਿਕ ਦਸਤੂਰ ਅਤੇ ਪ੍ਰਚਲਿਤ ਰਿਵਾਜ਼ ਅਨੁਸਾਰ, ਭਾਈ ਜੈ ਰਾਮ ਜੀ ਜੰਝ ਜੋੜ ਕੇ ਪਰਿਵਾਰ ਅਤੇ ਬਰਾਤੀਆਂ ਸਹਿਤ, ਸੁਲਤਾਨਪੁਰ ਤੋਂ ਤਲਵੰਡੀ ਆਏ। 

ਸੁਲਤਾਨਪੁਰ ਲੋਧੀ ਤੋਂ ਰਾਇ ਭੋਇ ਦੀ ਤਲਵੰਡੀ (ਨਾਨਕਿਆਣਾ ਸਾਹਿਬ) ਲਗਭਗ 100 ਮੀਲ (160 ਕਿਲੋਮੀਟਰ) ਦੂਰ ਪੈਂਦਾ ਹੈ। ਇਸ ਦੂਰੀ ਦੇ ਹਿਸਾਬ ਨਾਲ ਸਪਸ਼ਟ ਹੈ ਕਿ ਭਾਈ ਜੈ ਰਾਮ ਜੀ ਦੀ ਜੰਝ 02-03 ਦਿਨਾਂ ਵਿੱਚ ਤਲਵੰਡੀ ਪੁੱਜੀ ਹੋਵੇਗੀ। ਉਪਰੰਤ ਘੱਟੋ-ਘੱਟ ਦੋ ਰਾਤਾਂ ਤਾਂ ਜ਼ਰੂਰ ਹੀ ਉੱਥੇ ਠਹਿਰੀ ਹੋਵੇਗੀ। ਮਹਿਤਾ ਕਾਲੂ ਜੀ ਦੇ ਘਰ ਦੋ ਤੋਂ ਤਿੰਨ ਦਿਨਾਂ ਤੱਕ ਚੱਲਿਆ ਵਿਆਹ ਦਾ ਸਮੁੱਚਾ ਸਮਾਗਮ, ਰਾਇ ਬੁਲਾਰ ਖ਼ਾਨ ਸਾਹਿਬ ਦੀ ਸਰਪ੍ਰਸਤੀ ਅਤੇ ਰਾਹਨੁਮਾਈ ਹੇਠ ਬੜੇ ਵਧੀਆ ਅਤੇ ਸ਼ਾਨਦਾਰ ਢੰਗ ਨਾਲ ਹੋਇਆ। 

ਇੱਕ ਆਦਰਸ਼ਕ ਮੇਜ਼ਬਾਨ ਦਾ ਫ਼ਰਜ਼ ਨਿਭਾਉਂਦਿਆਂ ਰਾਇ ਬੁਲਾਰ ਖ਼ਾਨ ਸਾਹਿਬ ਅਤੇ ਮਹਿਤਾ ਕਾਲੂ ਜੀ ਨੇ ਆਪਣੇ ਜਵਾਈ, ਕੁੜਮਾਂ ਅਤੇ ਬਰਾਤੀਆਂ (ਸਾਰੇ ਮਹਿਮਾਨਾਂ) ਦੀ ਖ਼ੂਬ ਆਓ-ਭਗਤ ਕੀਤੀ। ਸਾਰਿਆਂ ਦਾ ਬਹੁਤ ਖ਼ਿਆਲ ਰੱਖਿਆ ਗਿਆ; ਆਦਰ-ਮਾਣ ਕੀਤਾ ਗਿਆ। ਉਪਰੰਤ ਵੈਰਾਗਮਈ ਵਿਦਾਇਗੀ ਹੋਈ। ਭਾਈ ਜੈ ਰਾਮ ਜੀ ਬੀਬੀ ਨਾਨਕੀ ਜੀ ਦੀ ਡੋਲੀ ਲੈ ਕੇ, ਸੁਲਤਾਨਪੁਰ ਲੋਧੀ ਨੂੰ ਰਵਾਨਾ ਹੋਏ। ਉਨ੍ਹਾਂ ਸਮਿਆਂ ਵਿੱਚ ਦੁਲਹਨ/ਵਹੁਟੀ ਦੀ ਡੋਲੀ ਨੂੰ ਕਿਉਂਕਿ ਚਾਰ ਕਹਾਰ ਆਪਣੇ ਮੋਢਿਆਂ ’ਤੇ ਚੁੱਕ ਕੇ ਲਿਜਾਂਦੇ ਸਨ। ਸੋ ਨਿਸ਼ਚਿਤ ਹੀ ਡੋਲੀ ਨੂੰ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਪਹੁੰਚਣ ਵਿੱਚ, ਬਰਾਤ ਦੇ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਪੁੱਜਣ ਨਾਲੋਂ ਵੱਧ ਸਮਾਂ (ਘੱਟੋ-ਘੱਟ ਤਿੰਨ ਜਾਂ ਚਾਰ ਦਿਨ) ਲੱਗੇ ਹੋਣਗੇ।

ਉਲੇਖਯੋਗ ਹੈ ਕਿ ਪਿਤਾ ਮਹਿਤਾ ਕਾਲੂ ਜੀ ਦਾ ਜਵਾਈ, ਭੈਣ ਨਾਨਕੀ ਦਾ ਘਰਵਾਲਾ ਅਰਥਾਤ ਗੁਰੂ ਨਾਨਕ ਸਾਹਿਬ ਦਾ ਭਾਈਆ (ਜੀਜਾ), ਭਾਈ ਜੈ ਰਾਮ ਜੀ ਬਹੁਤ ਸਿਆਣੇ, ਸ਼ਾਇਸ਼ਤਾ, ਸੁਹਿਰਦ ਅਤੇ ਜ਼ਿੰਮੇਵਾਰ ਨੌਜਵਾਨ ਸਨ। ਉਹ ਜਲੰਧਰ-ਦੁਆਬ ਦੇ ਇਲਾਕੇ ਦੇ ਫ਼ੌਜਦਾਰ/ਸੂਬੇਦਾਰ ਜਨਾਬ ਦੌਲਤ ਖ਼ਾਨ ਲੋਧੀ ਸਾਹਿਬ ਦੇ ਹੈਡ-ਕੁਆਟਰ, ਸੁਲਤਾਨਪੁਰ ਲੋਧੀ ਵਿਖੇ ਸਥਿਤ ਮਾਲ ਮਹਿਕਮੇ ਵਿੱਚ ਤਹਿਸੀਲਦਾਰ ਜਾਂ ਕਾਨੂੰਗੋ ਦੀ ਪੱਧਰ ਦੇ ਮਾਲ ਅਫ਼ਸਰ ਅਰਥਾਤ ਆਮਿਲ ਸਨ। ਉਨ੍ਹਾਂ ਸਮਿਆਂ ਵਿੱਚ ਸਰਕਾਰੀ ਮਾਮਲਾ, ਕਰ ਜਾਂ ਟੈਕਸ (State Revenue), ਅੱਜ ਵਾਂਗ ਪੈਸਿਆਂ ਦੇ ਰੂਪ ਵਿੱਚ ਨਹੀਂ ਸਗੋਂ ਜਿਨਸ ਦੇ ਰੂਪ ਵਿੱਚ ਇਕੱਤਰ ਕੀਤਾ ਜਾਂਦਾ ਸੀ। 

ਜਿਨਸ ਦਾ ਮਤਲਬ ਹੈ ਅਨਾਜ, ਖੇਤੀ ਉਪਜ ਜਾਂ ਫ਼ਸਲਾਂ। ਸਾਰੇ ਇਲਾਕੇ ਜਾਂ ਰਾਜ ਦਾ ਲਗਾਨ/ਮਾਮਲਾ ਜਾਂ ਕਰ ਜਿਨਸਾਂ ਦੇ ਰੂਪ ਵਿੱਚ ਇਕੱਠਿਆਂ ਕਰਨ ਦਾ ਨਤੀਜਾ ਇਹ ਨਿਕਲਦਾ ਸੀ ਕਿ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਵਾਢੀ ਤੋਂ ਬਾਅਦ, ਮਾਲ ਮਹਿਕਮੇ ਦੇ ਅਧਿਕਾਰੀਆਂ/ਕਰਮਚਾਰੀਆਂ ਕੋਲ ਅਨਾਜ (ਵੱਖ-ਵੱਖ ਕਿਸਮ ਦੀਆਂ ਫ਼ਸਲਾਂ) ਦੇ ਵੱਡੇ-ਵੱਡੇ ਢੇਰ ਲੱਗ ਜਾਂਦੇ ਸਨ। ਮਾਲ ਮਹਿਕਮੇ ਦੇ ਸਥਾਨਕ ਅਧਿਕਾਰੀ ਆਪੋ-ਆਪਣੇ ਇਲਾਕਿਆਂ ਵਿੱਚੋਂ, ਕਰ ਜਾਂ ਲਗਾਨ ਦੇ ਰੂਪ ਵਿੱਚ ਇਕੱਠੀਆਂ ਕੀਤੀਆਂ ਫ਼ਸਲਾਂ, ਅਗਾਂਹ ਸੂਬਾਈ ਰਾਜਧਾਨੀ ਪਹੁੰਚਾ ਦਿਆ ਕਰਦੇ ਸਨ। ਇਸ ਪ੍ਰਕਾਰ ਸਾਰੇ ਰਾਜ ਜਾਂ ਪ੍ਰਾਂਤ ਦਾ ਮਾਮਲਾ ਜਾਂ ਟੈਕਸ ਸੂਬਾਈ ਰਾਜਧਾਨੀ ਸੁਲਤਾਨਪੁਰ ਲੋਧੀ ਵਿਖੇ ਇਕੱਠਾ ਹੋ ਜਾਣ ਕਰਕੇ ਇਸਦੇ ਭੰਡਾਰਨ, ਸਾਂਭ-ਸੰਭਾਲ, ਵਰਤੋਂ ਅਤੇ ਵਿਤਰਣ ਦਾ ਕਾਰਜ ਬੜਾ ਵਿਆਪਕ, ਜਟਿਲ, ਟੇਢਾ ਅਤੇ ਵੱਡੀ ਜ਼ਿੰਮੇਵਾਰੀ ਵਾਲਾ ਬਣ ਜਾਂਦਾ ਸੀ।

ਲਗਾਨ/ਕਰ ਦੇ ਰੂਪ ਵਿੱਚ ਇਕੱਠੇ ਹੋਏ ਸੂਬਾਈ ਅਨਾਜ ਦੇ ਇਸ ਵਿਸ਼ਾਲ ਭੰਡਾਰ ਨੂੰ ਜਿਸ ਥਾਂ ਉੱਪਰ ਰੱਖਿਆ ਅਤੇ ਸਾਂਭਿਆ-ਸੰਭਾਲਿਆ ਜਾਂਦਾ ਸੀ, ਉਸ ਥਾਂ ਜਾਂ ਮਾਲ-ਗੋਦਾਮ ਨੂੰ ਉਨ੍ਹਾਂ ਸਮਿਆਂ ਵਿੱਚ ਮੋਦੀਖ਼ਾਨਾ (ਅੰਨ-ਭੰਡਾਰ) ਆਖਿਆ ਜਾਂਦਾ ਸੀ। ‘ਮੋਦੀਖ਼ਾਨਾ’ ਸੂਬਾਈ ਹਕੂਮਤ ਦਾ ਇੱਕ ਪ੍ਰਕਾਰ ਨਾਲ ਬੜਾ ਬੁਨਿਆਦੀ, ਵਿਆਪਕ ਅਤੇ ਕੇਂਦਰੀ ਵਿਭਾਗ ਹੁੰਦਾ ਸੀ। ਜਿਨਸਾਂ ਨੂੰ ਮਾਮਲੇ/ਕਰ ਦੇ ਰੂਪ ਵਿੱਚ ਇਕੱਠਿਆਂ ਕਰਨ ਤੋਂ ਲੈ ਕੇ ਇਨ੍ਹਾਂ ਨੂੰ ਆਮ ਲੋਕਾਈ, ਫ਼ੌਜਾਂ, ਕਰਮਚਾਰੀਆਂ ਆਦਿ ਵਿੱਚ ਵਿਧੀਵੱਧ ਢੰਗ ਨਾਲ ਵੰਡਣ ਦੇ ਸਮੁੱਚੇ ਕਾਰ-ਵਿਹਾਰ ਦੀ ਵੱਡੀ ਜ਼ਿੰਮੇਵਾਰੀ ਇਸ ਵਿਭਾਗ ਦੀ ਹੁੰਦੀ ਸੀ।

ਸਪਸ਼ਟ ਅਤੇ ਸੁਭਾਵਕ ਹੈ ਕਿ ਉਨ੍ਹਾਂ ਸਮਿਆਂ ਵਿੱਚ ਕਿਉਂਕਿ ਰਾਜਕੀ ਕਰ ਦੀ ਉਗਰਾਹੀ ਜ਼ਿਆਦਾਤਰ ਜਿਨਸ ਦੇ ਰੂਪ ਵਿੱਚ ਹੁੰਦੀ ਸੀ, ਇਸ ਕਰਕੇ ਮੋੜਵੇਂ ਰੂਪ ਵਿੱਚ ਫ਼ੌਜਾਂ ਅਤੇ ਹੋਰ ਸਾਰੇ ਕਰਮਚਾਰੀਆਂ ਨੂੰ ਤਨਖ਼ਾਹ ਦੀ ਅਦਾਇਗੀ ਵੀ ਅਧਿਕਤਰ ਜਿਨਸ ਦੇ ਰੂਪ ਵਿੱਚ ਹੀ ਕੀਤੀ ਜਾਂਦੀ ਸੀ। ਅਜੋਕੀ ਸੰਕਲਪੀ ਸ਼ਬਦਾਵਲੀ ਵਿੱਚ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਦੋਂ ਦਾ ਮਾਲ ਵਿਭਾਗ ਜਾਂ ਮੋਦੀਖ਼ਾਨਾ, ਸੂਬਾਈ ਸਰਕਾਰ ਦੇ ਦੋ ਬਹੁਤ ਹੀ ਮਹੱਤਵਪੂਰਣ ਅਤੇ ਬੁਨਿਆਦੀ ਵਿਭਾਗਾਂ, ਵਿੱਤ ਵਿਭਾਗ ਅਤੇ ਫੂਡ ਅਤੇ ਸਪਲਾਈ ਵਿਭਾਗ ਦਾ ਇਕਜੁੱਟ ਸੁਮੇਲ ਹੁੰਦਾ ਸੀ। ਆਮ ਲੋਕਾਈ, ਫ਼ੌਜਾਂ, ਕਰਮਚਾਰੀਆਂ ਆਦਿ ਨੂੰ ਵੰਡਣ ਪਿਛੋਂ, ਇਸ ਵਿਭਾਗ ਕੋਲ ਜੋ ਅਨਾਜ ਵਾਧੂ ਬਚਦਾ, ਉਹ ਲੋੜ ਅਨੁਸਾਰ ਵਪਾਰੀਆਂ ਨੂੰ ਵੇਚ ਦਿੱਤਾ ਜਾਂਦਾ ਸੀ। ਇਵੇਂ ਕਰਕੇ ਸੂਬਾਈ ਹਕੂਮਤਾਂ, ਆਪਣੇ ਲਈ ਕੁੱਝ ਵਾਧੂ ਨਕਦ ਰਾਸ਼ੀ ਇਕੱਠੀ ਕਰ ਲੈਂਦੀਆਂ ਸਨ, ਜੋ ਸੰਕਟ ਦੇ ਸਮੇਂ ਉਨ੍ਹਾਂ ਦੇ ਕੰਮ ਆਉਂਦੀ ਸੀ।

ਇਸ ਸਾਰੇ ਪ੍ਰਸੰਗ ਵਿੱਚ ਅਸੀਂ ਨੁਕਤਾ ਇਹ ਉਭਾਰਨਾ ਚਾਹੁੰਦੇ ਹਾਂ ਕਿ ਭਾਈਆ ਜੈ ਰਾਮ ਜੀ, ਨਵਾਬ ਦੌਲਤ ਖ਼ਾਨ ਲੋਧੀ ਦੀ ਹਕੂਮਤ ਦੇ ਬੇਹੱਦ ਮਹੱਤਵਪੂਰਣ ਵਿਭਾਗ, ਮਾਲ ਵਿਭਾਗ (ਮੋਦੀਖ਼ਾਨੇ) ਵਿੱਚ ਆਮਿਲ ਸਨ। ਆਮਿਲ ਤੋਂ ਮਤਲਬ ਇਹ ਕਿ ਉਹ ਤਹਿਸੀਲਦਾਰ ਜਾਂ ਕਾਨੂੰਗੋ ਦੀ ਪੱਧਰ ਦੇ ਸਮਰੱਥਾਵਾਨ ਉੱਚ-ਅਧਿਕਾਰੀ ਸਨ। ਸਮਰੱਥਾਵਾਨ ਅਧਿਕਾਰੀ ਹੋਣ ਤੋਂ ਇਲਾਵਾ ਉਹ ਨਵਾਬ ਸਾਹਿਬ ਦੇ ਗਿਣਤੀ ਦੇ ਵਿਸ਼ੇਸ਼ ਅਤੇ ਬੇਹੱਦ ਵਿਸ਼ਵਾਸ਼ਪਾਤਰ ਅਧਿਕਾਰੀਆਂ ਵਿੱਚ ਵੀ ਸ਼ੁਮਾਰ ਸਨ। ਹਾਕਮਾਂ ਦੀ ਨਜ਼ਰ ਵਿੱਚ ਪ੍ਰਵਾਨ ਚੜ੍ਹਨਾ, ਇਹ ਉਨ੍ਹਾਂ ਦੀ ਬੁਲੰਦ ਸ਼ਖ਼ਸੀਅਤ ਦਾ ਇੱਕ ਛੋਟਾ ਜਿਹਾ ਮਹੱਤਵਪੂਰਣ ਪੱਖ ਹੈ। 

ਉਨ੍ਹਾਂ ਦੇ ਵਿਅਕਤਿੱਤਵ ਦਾ ਇਸ ਤੋਂ ਵੀ ਵੱਡਾ ਅਤੇ ਵੱਧ ਅਹਿਮੀਅਤ ਵਾਲਾ ਪੱਖ ਇਹ ਹੈ ਕਿ ਉਹ ਰੱਬ ਤੋਂ ਡਰਨ ਵਾਲੇ ਅਤੇ ਜ਼ਮੀਨ ’ਤੇ ਪੈਰ ਜਮਾਈ ਰੱਖਣ ਵਾਲੇ ਬੜੇ ਜ਼ਹੀਨ, ਸੰਵੇਦਨਸ਼ੀਲ, ਮਿਲਣਸਾਰ ਅਤੇ ਸ਼ਾਇਸ਼ਤਾ ਇਨਸਾਨ ਸਨ। ਮਾਲ ਮਹਿਕਮੇ ਦਾ ਵੱਡਾ ਅਫ਼ਸਰ ਹੋਣ ਤੋਂ ਇਲਾਵਾ ਇੱਕ ਖ਼ਾਨਦਾਨੀ ਖੱਤਰੀ ਪਰਿਵਾਰ ਦਾ ਬੜਾ ਸਲੀਕਾਯੁਕਤ ਅਤੇ ਰੌਸ਼ਨ-ਦਿਮਾਗ ਨੌਜਵਾਨ ਹੋਣ ਕਰਕੇ ਭਾਈਚਾਰੇ, ਨਗਰ ਅਤੇ ਇਲਾਕੇ ਵਿੱਚ ਉਨ੍ਹਾਂ ਦਾ ਬੜਾ ਮਾਣ-ਤਾਣ ਸੀ। ਅਸਰ-ਰਸੂਖ਼ ਸੀ।
 
                                                ਚਲਦਾ......
                                                                                                                                                                                                                                                              
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com

 


rajwinder kaur

Content Editor rajwinder kaur