ਸਿੱਖ ਪੰਥ ਦੇ ਪਿਆਰੇ : ‘ਝੰਡੇ ਸ਼ਾਹ’ ਅਤੇ ‘ਸੁਥਰੇ ਸ਼ਾਹ’

10/4/2020 6:43:32 PM

ਅਲੀ ਰਾਜਪੁਰਾ 
9417679302

ਝੰਡੇ ਸ਼ਾਹ

ਝੰਡੇ ਸ਼ਾਹ ਦਾ ਅਸਲ ਨਾਂਅ ਸੂਫੀ ਸਾਈਂ ਵਲੈਤ ਸ਼ਾਹ ਸੀ। ਪਿੰਡ ਝੰਡੇ ਕਲਾਂ (ਸਰਦੂਲਗੜ੍ਹ) ਦਾ ਹੋਣ ਕਰਕੇ ਲੋਕ ਇਸ ਨੂੰ ਝੰਡੇ ਸ਼ਾਹ ਕਹਿਣ ਲੱਗੇ। ਮਾਨਸਾ ਤਹਿਸੀਲ ਦਾ ਮਸ਼ਹੂਰ ਪਿੰਡ ਹੈ ‘ਝੰਡੇ’। ਝੰਡੇ ਸ਼ਾਹ ਨੇ ਗੁਰੂਆਂ ਪ੍ਰਤੀ ਆਪਣੇ ਮਨ ਅੰਦਰ ਅਥਾਹ ਸਨੇਹ ਪਾਲ਼ਿਆ ਹੋਇਆ ਸੀ, ਕਿਉਂਕਿ ਉਹ ਆਪਣੇ ਮੁਰਸ਼ਦ ਪਾਸੋਂ ਗੁਰੂ ਘਰ ਦੀ ਮਹਿਮਾ ਬੜੀ ਰੀਝ ਨਾਲ  ਸੁਣਦਾ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਸੁਣ ਕੇ ਉਸ ਨੇ ਦੁੱਖ ਮਨਾਇਆ ਸੀ। ਉਸ ਦਿਨ ਤੋਂ ਬਾਅਦ ਝੰਡੇ ਸ਼ਾਹ ਉਦਾਸ ਰਹਿੰਦਾ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਡੀਕ ਕਰਨ ਲੱਗਿਆ। ਤੜਕੇ ਉਠ ਕੇ ਗਲ਼ੀਆਂ ਵਿਚ ਪਾਣੀ ਛਿੜਕਦਾ ਅਤੇ ਝਾੜੂ ਮਾਰਦਾ ਹੈ, ਜਦੋਂ ਕਿਸੇ ਵੀ ਰਾਹੀ ਨੇ ਪੁੱਛਣਾ ਕਿ ‘‘ਝੰਡੇ ਸ਼ਾਹ ਕੀ ਕਰ ਰਿਹਾ ਹੈਂ...?’’ਤਾਂ ਝੰਡੇ ਸ਼ਾਹ ਮੁਹੱਬਤ ਭਿੱਜੇ ਬੋਲਾਂ ਵਿਚ ਆਖਦਾ ‘‘ ਮੇਰੇ ਮੁਰਸ਼ਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਮਾਰਗ ’ਤੇ ਆਉਣਾ ਹੈ, ਮੈਂ ਡਰਦਾਂ ਕਿਧਰੇ ਮਿੱਟੀ ਘੱਟਾ ਉਡ ਕੇ ਗੁਰੂ ਸਾਹਿਬ ਜੀ ’ਤੇ ਨਾ ਪਵੇ...।

ਸਮਾਂ ਪਾ ਕੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਝੰਡੇ ਆਏ ਤਾਂ ਇਹ ਖ਼ੁਸ਼ੀ ’ਚ ਫੁੱਲਿਆ ਨਾ ਸਮਾਇਆ ਅਤੇ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ। ਗੁਰੂ ਸਾਹਿਬ ਜੀ ਨੇ ਜਦੋਂ ਜਲ ਮੰਗਿਆ ਤਾਂ ਝੰਡੇ ਸ਼ਾਹ ਨੇ ਕਿਹਾ, ‘‘ ਗੁਰੂ ਜੀ ਤੁਸੀਂ ਦੁੱਧ ਪੀਓ ਪਾਣੀ ਤਾਂ ਇੱਥੋਂ ਦਾ ਖਾਰਾ ਹੈ, ਜੋ ਪੀਣ ਦੇ ਕਾਬਲ ਨਹੀਂ।’’

ਗੁਰੂ ਜੀ ਨੇ ਇਕ ਥਾਂ ਨਿਸ਼ਾਨ ਲਾ ਕੇ ਬਚਨ ਕੀਤਾ ਕਿ ‘‘ਇਥੇ ਖੂਹ ਪੁੱਟੋ, ਜਲ ਮਿੱਠਾ ਨਿਕਲੇਗਾ...।’’ ਗੁਰੂ ਜੀ ਨੇ ਖੂਹ ਲਈ ਮਾਇਆ ਵੀ ਭੇਂਟ ਕੀਤੀ। ਸੁੱਚਮੁਚ ਜਦੋਂ ਉੱਥੇ ਖੂਹ ਪੁੱਟਿਆ ਗਿਆ ਤਾਂ ਸੀਤਲ-ਮਿੱਠਾ ਜਲ ਨਿਕਲਿਆ।ਜਦੋਂ ਗੁਰੂ ਜੀ ਨੇ ਸੰਗਤ ਸਮੇਤ ਚਾਲੇ ਪਾਏ ਤਾਂ ਝੰਡੇ ਸ਼ਾਹ ਜੀ ਨੇ ਬੇਨਤੀ ਕੀਤੀ ਕਿ ਮੇਰੀ ਇੱਛਾ ਹੈ ਕਿ ਸਾਰੀ ਜ਼ਿੰਦਗੀ ਮੈਨੂੰ ਆਪ ਦੇ ਦਰਸ਼ਨ ਹੁੰਦੇ ਰਹਿਣ...। ਲਗਭਗ 1781 ਈ. ਮਹਾਰਾਜਾ ਅਮਰ ਸਿੰਘ ਜੀ ਪਟਿਆਲਾ ਨੇ ਗੁਰੂ ਘਰ ਨੂੰ ਜ਼ਮੀਨ ਦਿੱਤੀ। ਜਿਥੇ ਗੁਰੂ ਘਰ ਉਸਰਿਆ ਹੋਇਆ ਹੈ, ਉਸ ਦੇ ਬਿਲਕੁਲ ਸਾਹਮਣੇ ਮਕਬਰਾ ਹੈ।

 

ਸੁਥਰੇ ਸ਼ਾਹ

ਇਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡਾਂ ਵਿੱਚੋਂ ਗੁਜ਼ਰ ਰਹੇ ਸਨ। ਉਸ ਸਮੇਂ ਇਹ ਬਾਲ ਰੋਂਦਾ ਕੁਰਲਾਉਂਦਾ ਮਿਲਿਆ ਸੀ। ਮਿੱਟੀ ਵਿਚ ਲਿਬੜਿਆ ਹੋਣ ਕਰਕੇ ਗੁਰੂ ਜੀ ਨੇ ਕਿਹਾ ਸੀ, ‘‘ਲਿਆਓ ਮੈਨੂੰ ਸੰਭਾਲ ਦਿਓ... ਤੁਹਾਡੇ ਕੱਪੜੇ ਖ਼ਰਾਬ ਹੋ ਜਾਣਗੇ...।’’

ਗੁਰੂ ਜੀ ਦੇ ਭਗਤ ਭਾਈ ਭਗਤੂ ਨੇ ਕਿਹਾ, ‘‘ਗੁਰੂ ਜੀ ਇਹ ਕਿਹੜਾ ਕੁਥਰਾ (ਕਰੂਪ) ਹੈ, ਇਸ ਨੂੰ ਸਾਫ ਕਰਕੇ ਹੁਣੇ ਸੁਥਰਾ ਬਣਾ ਲੈਂਦੇ ਹਾਂ।’’ ਗੁਰੂ ਜੀ ਦੀ ਛਤਰ-ਛਾਇਆ ਹੇਠ ਉਹ ਪਲਣ ਲੱਗਿਆ। ਜਦੋਂ ਉਸ ਦੇ ਪਰਿਵਾਰ ਨੂੰ ਉਸ ਦੇ ਗੁਰੂ ਸਾਹਿਬ ਕੋਲ਼ ਹੋਣ ਦਾ ਪਤਾ ਲੱਗਿਆ ਤਾਂ ਉਹ ਉਸ ਨੂੰ ਘਰ ਲੈ ਗਏ...। ਉਸ ਬਾਲ ਦਾ ਉੱਥੇ ਚਿਤ ਨਾ ਲੱਗਿਆ। ਥੋੜ੍ਹੇ ਸਮੇਂ ਬਾਅਦ ਉਹ ਫਿਰ ਵਾਪਸ ਗੁਰੂ ਸਾਹਿਬ ਕੋਲ ਆਇਆ। ਗੁਰੂ ਮਹਾਰਾਜ ਉਸ ਨੂੰ ਦੇਖ ਕੇ ਬੋਲੇ, ‘‘ ਆਓ ਸੁਥਰਾ ਸ਼ਾਬ ਜੀ...।’’ ਇਥੋਂ ਇਸ ਦਾ ਨਾਂਅ ਸੁਥਰਾ ਸ਼ਾਹ ਪੱਕ ਗਿਆ। ਇਹ ਬਾਲ ਵੱਡਾ ਹੋ ਕੇ ਪੰਜਾਬੀ ਦਾ ਪ੍ਰਸਿੱਧ ਹਾਸ-ਰਾਸ ਕਵੀ ਬਣਿਆ। ਸੁਥਰੇ ਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨੇ ਨਸੀਬ ਹੋਏ। ਦੱਸਿਆ ਜਾਂਦਾ ਹੈ ਕਿ ਸੁਥਰਾ ਸੰਪਰਦਾਇ ਵੀ ਚੱਲੀ, ਜਿਸ ਦੇ ਉੱਘੇ ਸੱਜਣ ਭਾਈ ਜਾਂਦੋ, ਭਾਈ ਰਜਾਲ ਸ਼ਾਹ ਅਤੇ ਅੰਧੇਰੇ ਸ਼ਾਹ ਹੋਏ।


rajwinder kaur

Content Editor rajwinder kaur