ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

8/28/2020 5:47:14 PM

(ਕਿਸ਼ਤ ਤਰਤਾਲੀਵੀਂ)
ਮਹਿਤਾ: ਇੱਕ ਅਹਿਮ ਅਹੁਦਾ/ਉਪਾਧੀ

ਇਸ ਪ੍ਰਸੰਗ ਵਿੱਚ ਸਮਝਣਯੋਗ ਨੁਕਤਾ ਇਹ ਹੈ ਕਿ ਕਾਲੂ ਜੀ ਦੇ ਨਾਂ ਅੱਗੇ ਲੱਗਿਆ ਸ਼ਬਦ ‘ਮਹਿਤਾ’, ਉਨ੍ਹਾਂ ਦੇ ਨਾਂ ਦਾ ਹਿੱਸਾ ਨਹੀਂ ਸਗੋਂ ਇੱਕ ਉਪਾਧੀ ਜਾਂ ਅਹੁਦਾ ਹੈ। ਇਤਿਹਾਸ ਦੱਸਦਾ ਹੈ ਕਿ ਉਨ੍ਹਾਂ ਸਮਿਆਂ ਵਿੱਚ ਜ਼ਮੀਨੀ ਬੰਦੋਬਸਤ ਦਾ ਕੰਮ ਕਰਨ ਵਾਲੇ ਕਾਨੂੰਗੋ, ਕਾਰਦਾਰ ਜਾਂ ਕਰਮਚਾਰੀ ਦੇ ਨਾਂ ਅੱਗੇ ‘ਮਹਿਤਾ’ ਸ਼ਬਦ ਲੱਗਦਾ ਹੁੰਦਾ ਸੀ। ਕਿਸੇ ਜਾਗੀਰਦਾਰ ਜਾਂ ਰਜਵਾੜੇ ਦੇ ਅਧੀਨ, ਦੂਜੇ ਨੰਬਰ ’ਤੇ ਕੰਮ ਕਰਨ ਵਾਲੇ ਸਮਰੱਥਾਵਾਨ ਅਧਿਕਾਰੀ ਜਾਂ ਕਰਮਚਾਰੀ ਨੂੰ ‘ਮਹਿਤਾ’ ਆਖ ਸਤਿਕਾਰਿਆ ਜਾਂਦਾ ਸੀ। ਕਹਿਣ ਤੋਂ ਭਾਵ ਕਿ ਮਹਿਤਾ, ਰਾਜੇ ਜਾਂ ਜਾਗੀਰਦਾਰ ਤੋਂ ਹੇਠਾਂ ਦਾ ਇੱਕ ਮਹੱਤਵਪੂਰਣ ‘ਅਹੁਦਾ’ ਸੀ। ਕਾਨੂੰਗੋ ਨੂੰ ‘ਮਹਿਤਾ’ ਤੋਂ ਇਲਾਵਾ ‘ਪਟਵਾਰੀ’ ਵੀ ਕਹਿ ਦਿੱਤਾ ਜਾਂਦਾ ਸੀ। ਅਸੀਂ ਜਾਣਦੇ ਹਾਂ ਕਿ ਉਨ੍ਹਾਂ ਸਮਿਆਂ ਵਿੱਚ ਹੀ ਨਹੀਂ, ਜ਼ਮੀਨ-ਜਾਇਦਾਦ ਦੇ ਕੰਮ-ਕਾਰ ਦੇ ਮਾਮਲੇ ਵਿੱਚ ਪਟਵਾਰੀ/ਕਾਨੂੰਗੋ ਲੱਗੇ ਬੰਦੇ ਦੀ ਹੈਸੀਅਤ ਅੱਜ ਵੀ ਕਿੱਡੀ ਵੱਡੀ ਹੈ। ਜਾਗੀਰਦਾਰੀ ਦੌਰ ਵਿੱਚ, ਰਜਵਾੜੇ ਤੋਂ ਬਾਅਦ ਨਿਰਸੰਦੇਹ ਇਹ ਇੱਕ ਵੱਡਾ ਅਤੇ ਤਾਕਤਵਰ ਅਹੁਦਾ ਰਿਹਾ ਹੈ ਅਤੇ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੱਖ-ਵੱਖ ਥਾਂਵਾਂ ’ਤੇ ਆਏ ਸ਼ਬਦਾਂ ਮਹਤੁ ਅਤੇ ਮਹਤਾ (“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥”, “ਮਾਣੁ ਮਹਤੁ ਕਲਿਆਣੁ ਹਰਿ ਜਸੁ ਸੰਗਿ ਸੁਰਜਨੁ ਸੋ ਪ੍ਰਭੂ॥”, “ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥”, “ਮਾਣੁ ਮਹਤੁ ਨਾਮੁ ਧਨੁ ਪਲੈ ਸਾਚੈ ਸਬਦਿ ਪਛਾਣੇ॥” ਅਤੇ “ਮਾਣੁ ਮਹਤੁ ਤੇਜੁ ਅਪਣਾ ਆਪਿ ਜਰਿ॥”) ਦੇ ਭਾਵ ਅਰਥਾਂ ਅਤੇ ਭਾਈ ਕਾਨ੍ਹ ਸਿੰਘ ਜੀ ਨਾਭਾ ਵੱਲੋਂ ਇਨ੍ਹਾਂ ਸ਼ਬਦਾਂ ਦੇ ਦਿੱਤੇ ਅਰਥਾਂ ਅਨੁਸਾਰ ‘ਮਹਿਤਾ’ ਸ਼ਬਦ ਕਿਸੇ ਨੂੰ ਮਾਣ-ਤਾਣ, ਮਹੱਤਤਾ ਅਤੇ ਵਡਿਆਈ ਪ੍ਰਦਾਨ ਕਰਨ ਦੇ ਨਾਲ-ਨਾਲ ਉਸਨੂੰ ਵੱਡਾ, ਵਿਸ਼ੇਸ਼, ਮੁੱਖੀਆ, ਵਜ਼ੀਰ ਜਾਂ ਬਜ਼ੁਰਗ ਦੱਸਣ ਵਾਲਾ ਸਨਮਾਨਸੂਚਕ, ਉਪਾਧੀਮੂਲਕ ਜਾਂ ਅਹੁਦਾਬੋਧਕ ਵਿਸ਼ੇਸ਼ਣੀ ਸ਼ਬਦ ਹੈ।

ਇੱਥੇ ਇਹ ਤੱਥ ਵੀ ਉਲੇਖਯੋਗ ਹੈ ਕਿ ਉਸ ਜ਼ਮਾਨੇ ਵਿੱਚ ਮਹਿਤਾ ਅਤੇ ਕਾਨੂੰਗੋ ਲਈ ਇੱਕ ਹੋਰ ਪਦ, ਅਹੁਦਾ ਜਾਂ ਨਾਂ ਪਟਵਾਰੀ ਵੀ ਪ੍ਰਚਲਿਤ ਸੀ। ‘ਪਟਵਾਰੀ’ ਸ਼ਬਦ ਅਸਲ ਵਿੱਚ ‘ਪਟਵਾਲੀ’ ਸ਼ਬਦ ਦਾ ਰੂਪਾਂਤਰਿਤ ਰੂਪ ਹੈ। ‘ਪਟ’ ਦਾ ਅਰਥ ਹੈ ਰੇਸ਼ਮ ਜਾਂ ਰੇਸ਼ਮ ਦਾ ਕੱਪੜਾ ਜਦੋਂਕਿ ‘ਵਾਲੀ’ ਦਾ ਭਾਵ ਹੈ ਇੱਕ ਨਿਸ਼ਚਿਤ ਇਲਾਕੇ ਦੀ ਵਲਦੀਅਤ ਅਰਥਾਤ ਜ਼ਮੀਨ ਦੀ ਮਾਲਕੀ ਦੇ ਰਿਕਾਰਡ ਨੂੰ, ਇੱਕ ਨਕਸ਼ੇ ਦੇ ਰੂਪ ਵਿੱਚ ਕਪੜੇ ’ਤੇ ਉਕਰਨ ਜਾਂ ਉਤਾਰਨ ਵਾਲਾ। ਸੋ ਇਨ੍ਹਾਂ ਅਰਥਾਂ ਦੇ ਹਿਸਾਬ ਨਾਲ ਮਾਲ ਮਹਿਕਮੇ ਦੇ ਉਸ ਕਰਮਚਾਰੀ ਨੂੰ ਪਟਵਾਰੀ ਜਾਂ ਪਟਵਾਲੀ ਆਖਿਆ ਜਾਂਦਾ ਸੀ ਅਤੇ ਹੈ, ਜੋ ਇੱਕ ਵਿਸ਼ੇਸ਼ ਇਲਾਕੇ ਦੀ ਜ਼ਮੀਨ ਉੱਪਰ ਕਾਬਜ਼ ਲੋਕਾਂ ਦੇ ਭੋਂਇ ਨਾਲ ਸੰਬੰਧਿਤ ਵੱਖ-ਵੱਖ ਵੇਰਵਿਆਂ (ਮਲਕੀਅਤ, ਵਿਰਾਸਤ, ਜਮ੍ਹਾਂਬੰਦੀ, ਹੱਦਬੰਦੀ, ਇੰਤਕਾਲ, ਗਰਦਾਵਰੀ, ਕੁਰਸੀਨਾਮਾ, ਨਿਸ਼ਾਨਦੇਹੀ ਆਦਿ) ਨੂੰ ਇੱਕ ਨਕਸ਼ੇ ਜਾਂ ਰਿਕਾਰਡ ਦੇ ਰੂਪ ਵਿੱਚ ਕੱਪੜੇ ਜਾਂ ਕਾਗਜ਼ਾਂ ’ਤੇ ਉਤਾਰਨ/ਅੰਦਰਾਜ ਕਰਨ ਦਾ ਕਾਰਜ ਕਰਦਾ ਹੈ।

ਪੰਜਾਬ ਦਾ ਇਤਿਹਾਸ (ਤਾਰੀਖ਼-ਏ-ਪੰਜਾਬ) ਦੱਸਦਾ ਹੈ ਕਿ ਭੱਟੀ ਜਾਗੀਰਦਾਰ ਰਾਇ ਭੋਇ ਸਾਹਿਬ ਨੇ, ਪੱਠੇਵਿੰਡ ਤੋਂ ਉੱਠ ਕੇ, ਰਾਇਪੁਰ ਦੇ ਇਲਾਕੇ ਅੰਦਰ 1500 ਮੁਰੱਬਿਆਂ ਦੀ ਜੋ ਜਾਗੀਰ ਸਥਾਪਿਤ ਕੀਤੀ, ਉਸਨੂੰ ਸਹੀ ਢੰਗ ਨਾਲ ਨਿਯਮਿਤ ਅਤੇ ਸੰਚਾਲਿਤ ਕਰਨ ਹਿਤ, ਸਭ ਤੋਂ ਪਹਿਲਾਂ ਇਸ ਇਲਾਕੇ ਅੰਦਰ ਆਪਣੇ ਨਾਂ ਉੱਪਰ ਇੱਕ ਵੱਖਰਾ ਨਗਰ (ਰਾਇ ਭੋਇ ਦੀ ਤਲਵੰਡੀ) ਵਸਾਇਆ। ਉਪਰੰਤ ਇੱਕ ਨਹਿਰ ਵੀ ਕੱਢਵਾਈ। ‘ਤਲਵੰਡੀ’ ਸ਼ਬਦ ਦੋ ਸ਼ਬਦਾਂ ‘ਤਲ’ ਅਤੇ ‘ਵੰਡੀ’ ਦਾ ਸੁਮੇਲ ਹੈ। ਤਲ ਦਾ ਅਰਥ ਧਰਤ, ਜ਼ਮੀਨ ਜਾਂ ਭੋਂਇ ਅਤੇ ਵੰਡੀ ਦਾ ਅਰਥ ਹੈ ਵੰਡ। ਤੁਸੀਂ ਆਮ ਵੇਖੋਗੇ ਕਿ ਪੰਜਾਬ ਅੰਦਰ ਜਿੱਥੇ ਕਿਤੇ ਵੀ ਤਲਵੰਡੀ ਨਾਂ ਦਾ ਪਿੰਡ ਮਿਲੇਗਾ, ਉਸਦੇ ਅੱਗੇ ਜਾਂ ਪਿੱਛੇ ਇੱਕ ਸ਼ਬਦ ਜ਼ਰੂਰ ਹੋਵੇਗਾ। ਜਿਵੇਂ ਤਲਵੰਡੀ ਸਾਬੋ (ਸਾਬੋ ਕੀ ਤਲਵੰਡੀ), ਤਲਵੰਡੀ ਨਿਪਾਲਾਂ, ਤਲਵੰਡੀ ਭਾਈ ਕੀ, ਤਲਵੰਡੀ ਮੁਸਲਮਾਨਾਂ, ਤਲਵੰਡੀ ਮੰਗੇ ਖ਼ਾਨ, ਤਲਵੰਡੀ ਜੱਲ੍ਹੇ ਖ਼ਾਨ, ਰਾਇ ਭੋਇ ਕੀ ਤਲਵੰਡੀ, ਤਲਵੰਡੀ ਮਲਿਕ ਆਦਿ। ਇਸਦਾ ਮਤਲਬ ਇਹ ਹੁੰਦਾ ਹੈ ਕਿ ਪੁਸ਼ਤੈਨੀ ਭੋਂਇ, ਤਲ ਜਾਂ ਜ਼ਮੀਨ ਦੀ ਵੰਡ ਦੌਰਾਨ ਇਹ ਜ਼ਮੀਨ ਫਲਾਣੇ ਕੋੜਮੇ ਦੇ ਫਲਾਣੇ ਜਾਗੀਰਦਾਰ/ਵਿਅਕਤੀ ਦੇ ਵੰਡੇ ਜਾਂ ਹਿੱਸੇ ਆਈ ਹੈ। ਅਜੋਕੇ ਦੌਰ ਦੇ ਇੱਕ ਪ੍ਰਸਿੱਧ ਸਿੱਖ ਇਤਿਹਾਸਕਾਰ ਅਤੇ ਚਿੰਤਕ ਡਾ. ਸੁਖਪ੍ਰੀਤ ਸਿੰਘ ਉਦੋਕੇ ਦੇ ਯੂਟਿਊਬ ’ਤੇ ਉਪਲਬਧ ਇੱਕ ਮਹੱਤਵਪੂਰਣ ਭਾਸ਼ਣ “ਰਾਏ ਬੁਲਾਰ ਅਤੇ ਗੁਰ ਨਾਨਕ ਜੀ” ਵਿਚਲੇ ਵੇਰਵਿਆਂ ’ਤੇ ਆਧਾਰਿਤ ਸਾਡੇ ਉਪਰੋਕਤ ਸਾਰੇ ਬਿਰਤਾਂਤ ਤੋਂ ਇਹ ਤੱਥ ਨਿੱਤਰ ਕੇ ਸਾਹਮਣੇ ਆਉਂਦਾ ਹੈ ਕਿ ਮਹਿਤਾ ਕਾਲੂ ਜੀ ਦਾ ਪਰਿਵਾਰ, ਪਿੰਡ ਦੇ ਚੌਧਰੀ ਰਾਇ ਬੁਲਾਰ ਸਾਹਿਬ ਜੀ ਦੇ ਪਰਿਵਾਰ ਦਾ ਦਹਾਕਿਆਂ ਤੋਂ ਬਹੁਤ ਹੀ ਕਰੀਬੀ, ਚਹੇਤਾ, ਖ਼ਾਸਮ ਖ਼ਾਸ ਅਤੇ ਵਿਸ਼ਵਾਸ਼ਪਾਤਰ ਪਰਿਵਾਰ ਸੀ।

ਰਾਇ ਬੁਲਾਰ ਸਾਹਿਬ ਜੀ ਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਇਲਾਹੀ ਰੂਪ ਅਤੇ ਰੁਤਬੇ ਨੂੰ ਪਹਿਚਾਣਨ ਅਤੇ ਉਨ੍ਹਾਂ ਦੇ ਪੱਕੇ ਮੁਰੀਦ ਹੋ ਜਾਣ (ਸੱਚੇ ਸੌਦੇ ਵਾਲੇ ਅਹਿਮ ਘਟਨਾਕ੍ਰਮ) ਤੋਂ ਬਾਅਦ ਦੋਹਾਂ ਪਰਿਵਾਰਾਂ ਦੇ ਰਿਸ਼ਤੇ ਦੀ ਤਾਸੀਰ ਅਤੇ ਖ਼ੁਸ਼ਬੋ ਵਿੱਚ ਵੱਡੀ ਸਿਫ਼ਤੀ ਤਬਦੀਲੀ ਇਹ ਵਾਪਰੀ ਸੀ ਕਿ ਹੁਣ ਇਸ ਵਿੱਚ ਆਰਥਿਕਤਾ ਅਤੇ ਸਮਾਜਿਕਤਾ ਦੇ ਨਾਲ-ਨਾਲ ਰੂਹਾਨੀਅਤ ਦਾ ਸਦਾ ਕਾਇਮ ਰਹਿਣ ਵਾਲਾ, ਗਹਿਰਾ ਵਿਸਮਾਦੀ ਰੰਗ ਵੀ ਸ਼ਾਮਲ ਹੋ ਗਿਆ ਸੀ।

ਭਾਈ ਮਨੀ ਸਿੰਘ ਜੀ ਨੇ ਭਾਈ ਮਰਦਾਨਾ ਜੀ ਦਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਨਾਲ ਪਹਿਲਾ ਮੇਲ ਲਗਭਗ 1480 ਈਸਵੀ ਵਿੱਚ ਹੋਇਆ ਦੱਸਿਆ ਹੈ। ਸਾਡੇ ਚੱਲ ਰਹੇ ਬਿਰਤਾਂਤ ਦਾ ਅੰਤਰੀਵ ਇਤਿਹਾਸਕ ਵਿਵੇਕ, ਸਪਸ਼ਟ ਸੰਕੇਤ ਦਿੰਦਾ ਹੈ ਕਿ ਭਾਈ ਮਰਦਾਨਾ ਜੀ ਦਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਪਹਿਲਾ ਵਧੇਰੇ ਉਘੜਵਾਂ ਅਤੇ ਵਿਧੀਵੱਧ ਮਿਲਾਪ ਸੱਚੇ ਸੌਦੇ ਵਾਲੇ ਘਟਨਾਕ੍ਰਮ ਤੋਂ ਕੁੱਝ ਸਮਾਂ ਬਾਅਦ ਉਦੋਂ ਹੋਇਆ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ, ਬਿਨਾਂ ਕਿਸੇ ਪਰਿਵਾਰਕ ਰੋਕ-ਟੋਕ ਤੋਂ, ਪਹਿਲਾਂ ਨਾਲੋਂ ਕਿਤੇ ਵੱਧ ਡੂੰਘੀ ਬੇਪਰਵਾਹੀ, ਬੇਨਿਆਜ਼ੀ ਅਤੇ ਮਸਤੀ ਵਾਲੀ ਅਵਸਥਾ ਵਿੱਚ ਵਿਚਰਦਿਆਂ, ਅਕਸਰ ਇਲਾਹੀ ਬਾਣੀ ਦਾ ਗੁਣ-ਗਾਇਨ ਕਰਨ ਵਿੱਚ ਮਗਨ ਰਿਹਾ ਕਰਦੇ ਸਨ। ਗਾਹੇ-ਬਗਾਹੇ ਅਵਤਰਿਤ ਜਾਂ ਇਲਹਾਮ ਹੋ ਰਹੀ ਰੱਬੀ ਬਾਣੀ (ਸਬਦ) ਦੇ ਹੋਰ ਵਧੀਆ, ਪ੍ਰਭਾਵਸ਼ਾਲੀ ਅਤੇ ਸੁਰਬੱਧ/ਰਾਗਬੱਧ ਗਾਇਨ ਲਈ, ਉਨ੍ਹਾਂ ਨੂੰ ਇੱਕ ਬਹੁਤ ਹੀ ਪ੍ਰਬੀਨ ਅਤੇ ਸੁਹਿਰਦ ਸੰਗੀਤਕਾਰ ਸਾਥੀ ਦੀ ਲੋੜ ਬੜੀ ਸ਼ਿੱਦਤ ਨਾਲ ਮਹਿਸੂਸ ਹੋ ਰਹੀ ਸੀ।

                                                                  ਚਲਦਾ...........
                                                                                                                                           
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com


rajwinder kaur

Content Editor rajwinder kaur