ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼: ਬੰਦ-ਬੰਦ ਕਟਾਉਣ ਵਾਲੇ 'ਭਾਈ ਮਨੀ ਸਿੰਘ ਜੀ'

7/9/2022 12:24:39 PM

ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਦੇ ਨੇੜੇ ਪੈਂਦੇ ਪਿੰਡ ਕੈਂਬੋਵਾਲ ਵਿਖੇ ਹੋਇਆ। ਜਦੋਂ ਭਾਈ ਮਨੀ ਸਿੰਘ ਜੀ ਦੀ ਉਮਰ ਕੇਵਲ ਪੰਜ ਸਾਲ ਦੀ ਸੀ ਤਾਂ ਉਨ੍ਹਾਂ ਦੇ ਪਿਤਾ ਜੀ ਉਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਜ਼ੂਰੀ ਵਿਚ ਭੇਟਾ ਕਰ ਗਏ। ਉਸ ਵੇਲੇ ਅਕਸਰ ਹੀ ਸ਼ਰਧਾਲੂ ਆਪਣੇ ਬੱਚਿਆਂ ਨੂੰ ਸੰਤ ਮਹਾਪੁਰਸ਼ਾਂ ਦੇ ਡੇਰੇ ’ਤੇ ‘ਚੜ੍ਹਾ’ ਦਿਆ ਕਰਦੇ ਸਨ। ਇਸ ਲਈ ਛੋਟੀ ਅਵਸਥਾ ਤੋਂ ਹੀ ਭਾਈ ਮਨੀ ਸਿੰਘ ਨੌਵੇਂ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੇਵਾ ਵਿੱਚ ਰਹੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਹੀ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤ ਛਕਿਆ ਅਤੇ ਮਨੀਏ ਤੋਂ ਉਨ੍ਹਾਂ ਦਾ ਨਾਂ ਮਨੀ ਸਿੰਘ ਰੱਖ ਦਿੱਤਾ ਗਿਆ। 

ਸੰਮਤ 1761 ਬਿਕਰਮੀ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਸਦਾ ਲਈ ਛੱਡ ਦਿੱਤਾ ਤਾਂ ਭਾਈ ਮਨੀ ਸਿੰਘ ਜੀ ਦੀ ਡਿਊਟੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਲੈ ਕੇ ਜਾਣ ਦੀ ਲਗਾਈ ਗਈ, ਜਿਸ ਵਿੱਚ ਉਨ੍ਹਾਂ ਨੇ ਬਹੁਤ ਨਿਪੁੰਨਤਾ ਨਾਲ ਸਫਲਤਾ ਹਾਸਿਲ ਕੀਤੀ ਅਤੇ ਦੋਵੇਂ ਮਾਤਾਵਾਂ ਨੂੰ ਦਿੱਲੀ ਪਹੁੰਚਾ ਦਿੱਤਾ। ਗੁਰੂ ਜੀ ਦੀ ਆਗਿਆ ਅਨੁਸਾਰ ਭਾਈ ਮਨੀ ਸਿੰਘ ਜੀ ਮਾਤਾਵਾਂ ਦੇ ਕੋਲ ਹੀ ਰਹਿੰਦੇ ਰਹੇ। 
ਜਦੋਂ ਦਿੱਲੀ ਵਿਖੇ ਭਾਈ ਮਨੀ ਸਿੰਘ ਜੀ ਨੂੰ ਇਹ ਸੂਚਨਾ ਮਿਲੀ ਕਿ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਵਿਖੇ ਪਹੁੰਚ ਗਏ ਹਨ ਤਾਂ ਉਹ ਦੋਵੇਂ ਮਾਤਾਵਾਂ ਨੂੰ ਨਾਲ ਲੈ ਕੇ ਗੁਰੂ ਜੀ ਕੋਲ ਦਮਦਮਾ ਸਾਹਿਬ ਵਿਖੇ ਪਹੁੰਚ ਗਏ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਤਿਆਰ ਕੀਤੀ, ਜਿਸ ਨੂੰ ਬਾਅਦ ਵਿੱਚ ਗੁਰਤਾਗੱਦੀ ਦਿੱਤੀ ਗਈ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਮੌਜੂਦਾ ਸਰੂਪ ਹੀ ਅੱਜਕੱਲ੍ਹ ਪ੍ਰਚੱਲਿਤ ਹੈ। ਭਾਈ ਮਨੀ ਸਿੰਘ ਜੀ ਨੇ ਇਸ ਸਾਰੇ ਗ੍ਰੰਥ ਦੀ ਲਿਖਾਈ ਕੀਤੀ। ਗੁਰੂ ਗੋਬਿੰਦ ਸਿੰਘ ਜੀ ਭਾਈ ਮਨੀ ਸਿੰਘ ਜੀ ਨੂੰ ਗੁਰਬਾਣੀ ਲਿਖਵਾਉਂਦੇ ਗਏ ਅਤੇ ਉਹ ਲਿਖਦੇ ਰਹੇ। ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਸਮੇਂ ਕਾਗਜ਼ ਸਿਆਹੀ ਅਤੇ ਕਲਮਾਂ ਦੀ ਸੇਵਾ ਕਰਦੇ ਰਹੇ। 
1778 ਸੰਮਤ ਬਿਕਰਮੀ ਮੁਤਾਬਿਕ 1721 ਈਸਵੀ ਨੂੰ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦਾ ਮੁੱਖ ਗ੍ਰੰਥੀ ਥਾਪ ਕੇ ਉਥੇ ਭੇਜਿਆ। ਇੱਥੇ ਰਹਿੰਦਿਆਂ ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਵਿਲੱਖਣ ਬੀੜ ਤਿਆਰ ਕੀਤੀ। ਇਸ ਵਿਚ ਸਾਰੇ ਗੁਰੂ ਸਾਹਿਬਾਨ ਦੀ ਵੱਖ-ਵੱਖ ਬਾਣੀ ਵੱਖ-ਵੱਖ ਰਾਗਾਂ ਵਿਚ ਦਿੱਤੀ ਗਈ। ਖ਼ਾਲਸਾ ਪੰਥ ਨੇ ਇਸ ਗ੍ਰੰਥ ਨੂੰ ਸਵੀਕਾਰ ਨਾ ਕੀਤਾ ਅਤੇ ਭਾਈ ਮਨੀ ਸਿੰਘ ਜੀ ਨੂੰ ਸਰਾਪ ਦੇ ਦਿੱਤਾ ਕਿ ਉਨ੍ਹਾਂ ਨੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੰਡਿਤ ਕੀਤਾ ਹੈ ਉਸੇ ਤਾਂ ਭਾਈ ਮਨੀ ਸਿੰਘ ਜੀ ਦੇ ਅੰਗ ਅੰਗ ਜੁਦਾ ਹੋਣਗੇ। 

ਇਸੇ ਦੌਰਾਨ ਲਾਹੌਰ ਦੇ ਦੀਵਾਨ ਲੱਖਪਤ ਰਾਏ ਨੇ ਅਚਾਨਕ ਸਿੱਖਾਂ ਉਤੇ ਜ਼ੁਲਮ ਕਰਨੇ ਕਾਫ਼ੀ ਵਧਾ ਦਿੱਤੇ। ਉਸ ਨੇ ਬੁੱਢਾ ਦਲ ਨੂੰ ਬਾਰੀ ਦੋਆਬ ਵਿਚੋਂ ਬਾਹਰ ਕੱਢ ਦਿੱਤਾ। ਬੁੱਢਾ ਦਲ ਉੱਥੋਂ ਚੱਲ ਕੇ ਮਾਲਵੇ ਵਿੱਚ ਆ ਗਿਆ ਜਿੱਥੇ ਬਾਬਾ ਆਲਾ ਸਿੰਘ ਨੇ ਆਪਣੀ ਰਾਜਧਾਨੀ ਬਰਨਾਲਾ ਵਿੱਚ ਬੁੱਢਾ ਦਲ ਦਾ ਹਾਰਦਿਕ ਸਵਾਗਤ ਕੀਤਾ ਅਤੇ ਬੁੱਢਾ ਦਲ ਦੇ ਮੁਖੀ ਨਵਾਬ ਕਪੂਰ ਸਿੰਘ ਦੇ ਹੱਥੋਂ ਅੰਮ੍ਰਿਤ ਪਾਨ ਕੀਤਾ। ਇਸੇ ਦੌਰਾਨ ਜਦੋਂ ਬੁੱਢਾ ਦਲ ਤਾਜ਼ਾ ਦਮ ਹੋ ਕੇ ਮਾਝੇ ਵੱਲ ਨੂੰ ਵਾਪਸ ਜਾ ਰਿਹਾ ਸੀ ਤਾਂ ਲਖਪਤ ਰਾਏ ਨੇ ਸੱਤ ਹਜ਼ਾਰ ਸੈਨਿਕਾਂ ਦੀ ਫੌਜ ਆਪਣੀ ਕਮਾਨ ਥੱਲੇ ਲੈ ਕੇ ਬੁੱਢਾ ਦਲ ਉੱਤੇ ਹਮਲਾ ਕਰ ਦਿੱਤਾ। ਇਸ ਵਿੱਚ ਬੁੱਢਾ ਦਲ ਦਾ ਕਾਫੀ ਨੁਕਸਾਨ ਹੋਇਆ। ਜਦੋਂ ਇਸ ਘਟਨਾ ਦਾ ਤਰੁਣਾ ਦਲ ਨੂੰ ਪਤਾ ਲੱਗਾ ਤਾਂ ਉਹ ਬੜੀ ਤੇਜ਼ੀ ਨਾਲ ਬੁੱਢਾ ਦਲ ਦੀ ਮਦਦ ਲਈ ਪਹੁੰਚਾ। ਦੋਵੇਂ ਦਲਾਂ ਨੇ ਇਕੱਠੇ ਹੋ ਕੇ ਮੁਗਲ ਫ਼ੌਜ ਉੱਤੇ ਹਮਲਾ ਬੋਲ ਦਿੱਤਾ, ਕਿਉਂਕਿ ਮੁਗਲ ਫ਼ੌਜ ਅਜੇ ਤਕ ਲਾਹੌਰ ਵਿਖੇ ਨਹੀਂ ਸੀ ਪਹੁੰਚੀ। ਹੁਜਰਾ ਸਾਹ ਮੁਕੀਮ ਦੇ ਨੇੜੇ ਗਹਿਗੱਚ ਲੜਾਈ ਹੋਈ ਜਿੱਥੇ ਸਿੱਖਾਂ ਨੇ ਮੁਗਲਾਂ ਨੂੰ ਭਾਰੀ ਹਾਰ ਦਿੱਤੀ। ਇਸ ਲੜਾਈ ਵਿੱਚ ਲਖਪਤ ਰਾਏ ਦਾ ਭਤੀਜਾ ਦੁਨੀ ਚੰਦ ਅਤੇ ਉਸ ਦੇ ਦੋ ਪ੍ਰਸਿੱਧ ਫੌਜਦਾਰ ਤਾਤਾਰ ਖ਼ਾਨ ਅਤੇ ਜਮਾਲ ਖਾਂ ਵੀ ਮਾਰੇ ਗਏ। ਸਿੱਖਾਂ ਦੇ ਇਸ ਜਿੱਤ ਤੋਂ ਹੌਸਲੇ ਵਧ ਗਏ ਅਤੇ ਉਨ੍ਹਾਂ ਅੰਮ੍ਰਿਤਸਰ ਤੱਕ ਦੇ ਸਾਰੇ ਇਲਾਕੇ ਵਿਚ ਤਰਥੱਲੀ ਮਚਾ ਦਿੱਤੀ ਅਤੇ ਮੁਗਲਾਂ ਨੂੰ ਘੇਰ ਘੇਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਸਰਕਾਰ ਦੁਬਾਰਾ ਹਰਕਤ ਵਿੱਚ ਆ ਗਈ ਅਤੇ ਉਨ੍ਹਾਂ ਅੰਮ੍ਰਿਤਸਰ ਸਾਹਿਬ ਤੇ ਸਰਕਾਰ ਨੇ ਕਬਜ਼ਾ ਕਰ ਲਿਆ। ਇੱਥੇ ਪਹੁੰਚਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ। ਸਿੰਘਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਤੋਂ ਵੀ ਰੋਕ ਦਿੱਤਾ ਗਿਆ। ਸਰਕਾਰ ਨੇ ਸਿੱਖਾਂ ਦੇ ਵਿਰੁੱਧ ਦਮਨ ਚੱਕਰ ਚਲਾਇਆ ਅਤੇ ਹਜ਼ਾਰਾਂ ਸਿੱਖ ਕਤਲ ਕਰ ਦਿੱਤੇ ਗਏ।  

ਇਸ ਮੌਕੇ ਉਸ ਸਮੇਂ ਦੇ ਮਹਾਨ ਵਿਦਵਾਨ ਅਤੇ ਬਹੁਤ ਹੀ ਆਦਰਯੋਗ ਸਿੱਖ ਭਾਈ ਮਨੀ ਸਿੰਘ ਜੀ ਨੇ ਲਾਹੌਰ ਦੇ ਗਵਰਨਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਦਾ ਮੇਲਾ ਭਰਨ ਦੀ ਆਗਿਆ ਦਿੱਤੀ ਜਾਵੇ। ਸਰਕਾਰ ਨੇ ਇਹ ਆਗਿਆ ਇਸ ਸ਼ਰਤ ਉੱਤੇ ਦਿੱਤੀ ਕਿ ਮੇਲਾ ਭਰਨ ਦੀ ਸੂਰਤ ਵਿੱਚ ਪੰਜ ਹਜਾਰ ਰੁਪਏ ਸਰਕਾਰ ਨੂੰ ਕੋਲ ਜਮ੍ਹਾਂ ਕਰਾਉਣੇ ਪੈਣਗੇ। ਭਾਈ ਮਨੀ ਸਿੰਘ ਜੀ ਨੇ ਦਸ ਦਿਨ ਤੱਕ ਇਹ ਮੇਲਾ ਜਾਰੀ ਰੱਖਣ ਦੀ ਆਗਿਆ ਹਾਸਲ ਕਰ ਲਈ। ਉਨ੍ਹਾਂ ਨੂੰ ਉਮੀਦ ਸੀ ਕਿ ਵੱਡੀ ਗਿਣਤੀ ਵਿਚ ਸੰਗਤ ਇੱਥੇ ਇਕੱਤਰ ਹੋਵੇਗੀ, ਜਿਸ ਵਿੱਚੋਂ ਭੇਟਾਵਾਂ ਇਕੱਠੀਆਂ ਕਰਕੇ ਪੰਜ ਹਜ਼ਾਰ ਰੁਪਏ ਸਰਕਾਰ ਨੂੰ ਅਦਾ ਕਰ ਦਿੱਤੇ ਜਾਣਗੇ। ਗਵਰਨਰ ਨੇ ਇਸ ਮੌਕੇ ਨੂੰ ਚੰਗਾ ਮੌਕਾ ਜਾਣਦਿਆਂ ਸਿੱਖਾਂ ਦਾ ਕਤਲੇਆਮ ਕਰਨ ਦਾ ਫ਼ੈਸਲਾ ਕਰ ਲਿਆ। ਦੀਵਾਨ ਲਖਪਤ ਰਾਏ ਦੀ ਅਗਵਾਈ ਵਿਚ ਵੱਡੀ ਗਿਣਤੀ ਵਿੱਚ ਇੱਕ ਫ਼ੌਜ ਅੰਮ੍ਰਿਤਸਰ ਸਾਹਿਬ ਵਿਖੇ ਭੇਜ ਦਿੱਤੀ ਗਈ। ਇਸ ਫੌਜ ਨੇ ਰਾਮ ਤੀਰਥ ਵਾਲੇ ਸਥਾਨ ਤੇ ਆਪਣਾ ਡੇਰਾ ਲਾਇਆ। ਭਾਈ ਮਨੀ ਸਿੰਘ ਵੱਲੋਂ ਪਹਿਲਾਂ ਸਿੱਖ ਸੰਗਤਾਂ ਨੂੰ ਦੂਰ-ਦੂਰ ਤੱਕ ਪੱਤਰ ਲਿਖ ਦਿੱਤੇ ਗਏ ਸਨ ਕਿ ਇਸ ਵਾਰ ਦੀਵਾਲੀ ਦਾ ਮੇਲਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਭਰੇਗਾ। ਜਦੋਂ ਉਨ੍ਹਾਂ ਨੂੰ ਸੂਹੀਆ ਤੋਂ ਇਹ ਖ਼ਬਰ ਮਿਲੀ ਕਿ ਜੇਕਰ ਸਿੱਖ ਇੱਥੇ ਇਕੱਠੇ ਹੋ ਗਏ ਤਾਂ ਉਨ੍ਹਾਂ ਦਾ ਕਤਲੇਆਮ ਕਰ ਦਿੱਤਾ ਜਾਵੇਗਾ ਤਾਂ ਭਾਈ ਮਨੀ ਸਿੰਘ ਜੀ ਨੇ ਵਿਸ਼ੇਸ਼ ਤੌਰ ’ਤੇ ਬੰਦੇ ਭੇਜ ਕੇ ਆਪਣੀ ਪਹਿਲਾਂ ਵਾਲੀ ਸੂਚਨਾ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਇਹ ਸੂਚਨਾ ਨਾ ਪਹੁੰਚ ਸਕੀ ਤੇ ਸਿੱਖ ਕਾਫ਼ੀ ਗਿਣਤੀ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਗਏ ਸਨ। ਮੁਗਲ ਸੈਨਾ ਨੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ, ਜਿਸ ਕਰਕੇ ਮੇਲਾ ਖਿੰਡ ਪੁੰਡ ਗਿਆ ਅਤੇ ਭੇਟਾਵਾਂ ਇਕੱਤਰ ਨਾ ਹੋ ਸਕੀਆਂ। ਸਰਕਾਰ ਵੱਲੋਂ ਭਾਈ ਮਨੀ ਸਿੰਘ ਜੀ ਨੂੰ ਇਸ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਕਿ ਉਨ੍ਹਾਂ ਨੇ ਨਿਰਧਾਰਤ ਪੰਜ ਹਜ਼ਾਰ ਰੁਪਏ ਸਰਕਾਰ ਨੂੰ ਘਰ ਅਦਾ ਨਹੀਂ ਕੀਤਾ। 

ਭਾਈ ਮਨੀ ਸਿੰਘ ਜੀ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ ਪੈਸੇ ਜਮ੍ਹਾ ਕਰਵਾਉਣ ਨਹੀਂ ਤਾਂ ਫਿਰ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮੌਤ ਤੋਂ ਬਚਣ ਲਈ ਇਸਲਾਮ ਧਰਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਪਰ ਭਾਈ ਮਨੀ ਸਿੰਘ ਜੀ ਨੇ ਆਪਣਾ ਸਿੱਖੀ ਧਰਮ ਨਾ ਛੱਡਦੇ ਹੋਏ ਉਲਟਾ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਮੇਲਾ ਭਰ ਲੈਣ ਦਿੰਦੀ ਤਾਂ ਕਰ ਸਰਕਾਰ ਨੂੰ ਅਦਾ ਕਰ ਦਿੱਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨਾਲ ਬੇਈਮਾਨੀ ਕੀਤੀ ਹੈ। ਇਹ ਦੀਵਾਲੀ ਦਾ ਦਿਨ ਸੀ। ਭਾਈ ਮਨੀ ਸਿੰਘ ਜੀ ਨੂੰ ਫੜ ਕੇ ਲਾਹੌਰ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦੀ ਸਜ਼ਾ ਸੁਣਾ ਦਿੱਤੀ ਗਈ। ਇੱਥੇ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਿੱਥੇ ਭਾਈ ਮਨੀ ਸਿੰਘ ਜੀ ਸ਼ਹੀਦ ਕੀਤੇ ਗਏ ਉਹ ਪਵਿੱਤਰ ਸ਼ਹੀਦਗੰਜ ਲਾਹੌਰ ਦੇ ਕਿਲ੍ਹੇ ਦੇ ਨੇੜੇ ਸਥਿਤ ਹੈ। ਇਸ ਮੌਕੇ ਇਕੱਲਾ ਭਾਈ ਮਨੀ ਸਿੰਘ ਜੀ ਨੂੰ ਹੀ ਸ਼ਹੀਦ ਨਹੀਂ ਕੀਤਾ ਗਿਆ, ਬਲਕਿ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਨੂੰ ਵੀ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।   

ਗੁਰਪ੍ਰੀਤ ਸਿੰਘ ਨਿਆਮੀਆਂ


rajwinder kaur

Content Editor rajwinder kaur