ਪੜ੍ਹੋ ਸਰਦਾਰ ਹਰੀ ਸਿੰਘ ਨਲਵੇ ਦੇ ਕਿਰਦਾਰ ਦੀ ਬੇਮਿਸਾਲ ਗਾਥਾ

7/12/2021 2:32:49 PM

ਸਰਦਾਰ ਨਲਵੇ ਦੇ ਕਿਰਦਾਰ ਦੀ ਬੇਮਿਸਾਲ ਗਾਥਾ (ਪਿਸ਼ਾਵਰ ਦੇ ਰਹਿ ਚੁੱਕੇ ਡਿਪਟੀ ਕਮਿਸ਼ਨਰ ਓਲਫ ਕੈਰੋ ਦੀ ਜ਼ੁਬਾਨੀ)

ਇਕ ਅਫਰੀਦੀ ਪਠਾਣ ਨੇ, ਇਸ ਅਦਭੁਤ ਜਰਨੈਲ (ਹਰੀ ਸਿੰਘ ਨਲੂਆ) ਬਾਰੇ ਇਹ ਖਾਸ ਵਾਕਿਆ ਸੁਣਾਇਆ। ਇਕ ਦਿਨ ਹਰੀ ਸਿੰਘ ਕਿਲ੍ਹੇ ਦੇ ਬਾਹਰ ਸਵੇਰ ਸਾਰ ਫੁਲਾਹੀ ਦੀ ਦਾਤਣ ਕਰ ਰਿਹਾ ਸੀ , ਜਾਮ ਪਿੰਡ (ਜਿਸ ਦੇ ਨਾਮ 'ਤੇ ਕਿਲ੍ਹਾ ਜਮਰੌਦ ਦਾ ਨਾਮ ਪਿਆ ਸੀ),  ਦਾ ਇਕ ਪਠਾਣ ਆਪਣੀ ਬੇਗਮ ਨਾਲ ਉੱਧਰੋਂ ਦੀ ਲੰਘ ਰਿਹਾ ਸੀ । ਉਹਨੇ ਸਰਦਾਰ ਨੂੰ ਪੁੱਛਿਆ ਕਿ ਤੁਸੀ ਪਠਾਣਾਂ ਦੇ ਦੇਸ਼ 'ਚ ਰਹਿੰਦੇ ਹੋ ਤੇ ਇੰਝ ਆਜ਼ਾਦੀ ਨਾਲ ਬੇਖ਼ੌਫ਼ ਟੁਰੇ ਫਿਰਦੇ ਹੋ। ਕੀ ਕਰੋਗੇ ਜੇ ਕਿਸੇ ਨੇ ਇਥੇ ਖੜ੍ਹੇ ਨੂੰ ਮਾਰ ਦਿੱਤਾ ਤਾਂ?ਸਰਦਾਰ ਨੇ ਮਾਣ ਨਾਲ ਉੱਤਰ ਦਿਤਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਹਾਂ ਤੇ ਸੱਚੇ ਪਾਤਸ਼ਾਹ ਆਪ ਹਰ ਔਖੀ ਘੜੀ 'ਚ ਸਾਡੀ ਰੱਖਿਆ ਕਰਦਾ ਹੈ। ਪਠਾਣ ਨੇ ਰੋਹ ਨਾਲ ਕਿਹਾ ਕਿ ਚੱਲ ਮੇਰੇ ਨਾਲ ਮੇਰੇ ਪਿੰਡ ਚੱਲ ਕਿ ਲੜਾਈ ਕਰ। ਮੈਂ ਆਪਣੀ ਬੇਗਮ ਨੂੰ ਘਰ ਛੱਡ ਕਿ ਤੇਰੀ ਤੇ ਤੇਰੇ ਗੁਰੂ ਦੀ ਅਜ਼ਮਾਇਸ਼ ਕਰਾਂਗਾ । ਪਠਾਣ ਨੇ ਕਿਹਾ- ਤੂੰ ਮੇਰਾ ਮਹਿਮਾਨ ਹੋਵੇਗਾ ਹੋਰ ਕੋਈ ਤੇਰੀ ਵਾ ਵਲ ਵੀ ਨਹੀ ਦੇਖੇਗਾ। 

ਖ਼ਾਲਸਾ ਕਮਾਂਡਰ ਉਹਦੀ ਗੱਲ ਮੰਨ ਕੇ ਉਹਦੇ ਇਲਾਕੇ ਵਿਚ ਚਲਾ ਗਿਆ। ਪਠਾਣ ਨੇ ਖਾਲਸਾ ਕਮਾਂਡਰ ਨੂੰ ਇਕ ਤਲਵਾਰ ਤੇ ਢਾਲ ਦਿਤੀ ਅਤੇ ਆਪ ਵੀ ਲੈ ਲਈ। ਸਾਰਾ ਪਿੰਡ ਇਹ ਨਜ਼ਾਰਾ ਦੇਖਣ ਉਮੜ ਆਇਆ । ਹਰੀ ਸਿੰਘ ਨੇ ਪਹਿਲਾਂ ਪਠਾਣ ਨੂੰ ਵਾਰ ਕਰਨ ਲਈ ਕਿਹਾ। ਉਸਦੇ ਪੂਰਨ ਜੋਸ਼ ਤੇ ਤਾਕਤ ਨਾਲ ਕੀਤੇ ਵਾਰ ਨੂੰ ਸਰਦਾਰ ਨੇ ਆਪਣੀ ਢਾਲ 'ਤੇ ਲਿਆ। ਫੇਰ ਸਰਦਾਰ ਨਲਵਾ ਨੇ ਵਾਰ ਕੀਤਾ। ਤਲਵਾਰ ਪਠਾਣ ਦੀ ਢਾਲ ਦੇ ਦੋ ਟੋਟੇ ਕਰ ਪਠਾਣ ਦੀ ਵੱਖੀ ਨੂੰ ਚੀਰ ਗਈ। ਹਾਲੇ ਪਠਾਣ ਸਹਿਕਦਾ ਸੀ  ਕਿ ਬਹਾਦਰ ਹਰੀ ਸਿੰਘ ਨੇ ਉਹਨੂੰ ਆਪਣੀਆਂ ਬਾਹਾਂ ਵਿਚ ਲਿਆ ਤੇ ਆਪਣੀ ਦਸਤਾਰ ਨਾਲੋਂ ਟੁਕੜਾ ਲੈ ਕਿ ਪਠਾਣ ਦੇ ਜ਼ਖ਼ਮ ਨੂੰ ਸੰਭਾਲਣ ਲੱਗ ਪਿਆ। ਮਰਦਾ ਪਿਆ ਅਫਰੀਦੀ, ਸਰਦਾਰ ਦੇ ਇਸ ਰਵੱਈਏ 'ਤੇ ਹੈਰਾਨ ਹੋ ਕਿ ਉਸ ਵੱਲ ਵੇਖ ਰਿਹਾ ਸੀ। ਸਰਦਾਰ ਜੀ ਨੇ ਕਿਹਾ "ਜਦੋਂ ਤੂੰ ਸਾਬਤ ਸਬੂਤ ਸੀ ਤਾਂ ਮੇਰਾ ਦੁਸ਼ਮਣ ਸੀ। ਹੁਣ ਜਦੋਂ ਤੂੰ ਗੰਭੀਰ ਰੂਪ ਵਿਚ ਜ਼ਖ਼ਮੀ ਹੈ ਤਾਂ ਗੁਰੂ ਕਾ ਸਿੱਖ ਹੋਣ ਨਾਤੇ ਮੇਰਾ ਫਰਜ਼ ਹੈ ਕਿ ਮੈਂ ਤੇਰੀ ਮਰਹਮ ਪੱਟੀ ਕਰਾਂ" 

ਨਲਵਾ ਸਾਹਿਬ ਦੀ ਗੱਲ ਨੇ ਉਸਤੇ ਡੂੰਘਾ ਅਸਰ ਕੀਤਾ। ਉਸ ਅਫਰੀਦੀ ਨੇ ਆਪਣੇ ਪਿੰਡ ਵਾਲਿਆਂ ਨੂੰ ਹੁਕਮ ਕੀਤਾ ਕਿ ਸਰਦਾਰ ਜੀ ਨੂੰ ਉਨ੍ਹਾਂ ਦੇ ਕਿਲ੍ਹੇ ਵਿਚ ਸਹੀ ਸਲਾਮਤ ਪਹੁੰਚਾ ਦਿਓ। ਬਾਅਦ ਵਿਚ ਜਦੋਂ ਅਫਰੀਦੀ ਪਿੰਡ ਦੇ ਪਠਾਣਾਂ ਨੂੰ ਪਤਾ ਲੱਗਾ ਕਿ ਇਹ ਸਿੱਖ ਤਾਂ ਹਰੀ ਸਿੰਘ ਨਲਵਾ ਆਪ ਸੀ ਤਾਂ ਉਨ੍ਹਾਂ ਨੂੰ ਬਹੁਤ ਪਛਤਾਵਾ ਲੱਗਾ ਕਿ ਅਸੀ ਆਪਣੇ ਸਭ ਤੋਂ ਵੱਡੇ ਦੁਸ਼ਮਣ ਨੂੰ ਐਵੇਂ ਹੀ ਛੱਡ ਦਿਤਾ (Olaf Caroe, The Pathans 550bc- ad 1957)

ਬਲਦੀਪ ਸਿੰਘ ਰਾਮੂੰਵਾਲੀਆ


Harnek Seechewal

Content Editor Harnek Seechewal