ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ : ਕੋਮਲ ਹਿਰਦੇ ਦੇ ਮਾਲਕ ਸੱਤਵੇਂ ਪਾਤਸ਼ਾਹ 'ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ'
2/22/2024 5:06:13 AM
ਸੱਤਵੇਂ ਪਾਤਸ਼ਾਹ ਧੰਨ ਧੰਨ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਦੀ ਧਰਤੀ ’ਤੇ ਸਨ 1630 ਈਸਵੀ ਨੂੰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਹੋਇਆ। ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਵੱਡੇ ਪੁੱਤਰ ਸਨ। ਇਸ ਹਿਸਾਬ ਨਾਲ ਗੁਰੂ ਹਰਿਰਾਇ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਿਸ਼ਤੇ ਵਿੱਚ ਪੋਤਰੇ ਲੱਗਦੇ ਸਨ। ਜਿਸ ਸਮੇਂ ਗੁਰੂ ਜੀ ਦਾ ਪ੍ਰਕਾਸ਼ ਹੋਇਆ, ਉਸ ਸਮੇਂ ਛੇਵੇਂ ਪਾਤਸ਼ਾਹ ਜੀ ਗੁਰਤਾਗੱਦੀ ’ਤੇ ਬਿਰਾਜਮਾਨ ਸਨ। ਤਕਰੀਬਨ ਚੌਦਾਂ ਸਾਲ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਗੁਰਮਤਿ ਦੀ ਵਿੱਦਿਆ ਪੜ੍ਹਨ ਦਾ ਸਮਾਂ ਪ੍ਰਾਪਤ ਹੋਇਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦੀ ਪੜ੍ਹਾਈ ਲਿਖਾਈ, ਗੁਰਮਤਿ ਵਿੱਦਿਆ, ਸ਼ਸਤਰ ਵਿੱਦਿਆ ਅਤੇ ਘੋੜ ਸਵਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਸੀ। ਗੁਰੂ ਜੀ ਬਹੁਤ ਘੱਟ ਉਮਰ ਵਿਚ ਹੀ ਹਰੇਕ ਪ੍ਰਕਾਰ ਦੀ ਵਿੱਦਿਆ ਵਿੱਚ ਨਿਪੁੰਨ ਹੋ ਚੁੱਕੇ ਸਨ।
ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਬਹੁਤ ਸ਼ਾਂਤਮਈ ਅਤੇ ਕੋਮਲ ਹਿਰਦੇ ਦੇ ਮਾਲਕ ਸਨ। ਗੁਰੂ ਜੀ ਦੇ ਹਿਰਦੇ ਦੀ ਕੋਮਲਤਾ ਦਾ ਪਤਾ ਬਚਪਨ ਦੇ ਸਮੇਂ ’ਚ ਵਾਪਰੀ ਉਨ੍ਹਾਂ ਦੀ ਇੱਕ ਘਟਨਾ ਤੋਂ ਲੱਗਦਾ ਹੈ। ਇੱਕ ਦਿਨ ਕੀਰਤਪੁਰ ਸਾਹਿਬ ਦੀ ਧਰਤੀ ’ਤੇ ਧੰਨ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਸਵੇਰ ਸਮੇਂ ਬਾਗ ਵਿੱਚ ਟਹਿਲਣ ਵਾਸਤੇ ਗਏ ਸਨ, ਥੋੜ੍ਹੀ ਦੇਰ ਬਾਅਦ ਉਨ੍ਹਾਂ ਦੇ ਪਿੱਛੇ ਪਿੱਛੇ ਗੁਰੂ ਹਰਿਰਾਇ ਸਾਹਿਬ ਜੀ ਵੀ ਆਪਣੇ ਦਾਦਾ ਜੀ ਨੂੰ ਮਿਲਣ ਵਾਸਤੇ ਪਹੁੰਚੇ। ਉਨ੍ਹਾਂ ਨੇ ਖੁੱਲ੍ਹੇ ਆਕਾਰ ਦਾ ਚੋਲਾ ਪਹਿਨਿਆ ਹੋਇਆ ਸੀ, ਤੁਰੇ ਜਾਂਦਿਆਂ ਚੋਲੇ ਨਾਲ ਅਟਕ ਜਾਣ ਕਰਕੇ ਕੁਝ ਫੁੱਲ ਟੁੱਟ ਕੇ ਜ਼ਮੀਨ ਉੱਪਰ ਡਿੱਗ ਗਏ। ਟੁੱਟੇ ਫੁੱਲਾਂ ਨੂੰ ਦੇਖ ਕੇ ਗੁਰੂ ਸਾਹਿਬ ਜੀ ਦੇ ਕੋਮਲ ਹਿਰਦੇ ਨੂੰ ਬਹੁਤ ਠੇਸ ਪਹੁੰਚੀ। ਇੰਨੇ ਚਿਰ 'ਚ ਗੁਰੂ ਹਰਗੋਬਿੰਦ ਸਾਹਿਬ ਜੀ ਉਨ੍ਹਾਂ ਕੋਲ ਆਏ, ਜਿਨ੍ਹਾਂ ਨੇ ਉਨ੍ਹਾਂ ਤੋਂ ਉਨ੍ਹਾਂ ਦੀ ਉਦਾਸੀ ਦਾ ਕਾਰਨ ਪੁੱਛਿਆ।
ਉਨ੍ਹਾਂ ਨੇ ਗੁਰੂ ਜੀ ਨੂੰ ਦੱਸਿਆ, ''ਸੱਚੇ ਪਾਤਸ਼ਾਹ ਜੀ ਮੇਰੇ ਖੁੱਲ੍ਹੇ ਜਾਮੇ ਨਾਲ ਅੜ ਕੇ ਇਹ ਨਿਰਦੋਸ਼ ਫੁੱਲ ਹੇਠਾਂ ਡਿੱਗ ਪਏ ਹਨ।'' ਇਸ 'ਤੇ ਛੇਵੇਂ ਪਾਤਸ਼ਾਹ ਜੀ ਨੇ ਉਪਦੇਸ਼ਮਈ ਜਵਾਬ ਦਿੰਦਿਆਂ ਕਿਹਾ ਕਿ ਜੇ ਜਾਮਾ ਵੱਡਾ ਪਹਿਨੀਏ ਤਾਂ ਸੰਭਲ ਕੇ ਤੁਰਨਾ ਚਾਹੀਦਾ ਹੈ। ਉਪਦੇਸ਼ ਬੜਾ ਸਪੱਸ਼ਟ ਸੀ ਕਿ ਜੇ ਜ਼ਿੰਮੇਵਾਰੀ ਵੱਡੀ ਚੁੱਕ ਲਈਏ ਤਾਂ ਤਾਕਤ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਇਹ ਤਾਕਤ ਨਿਆਸਰਿਆਂ ਦਾ ਆਸਰਾ ਬਣਨੀ ਚਾਹੀਦੀ ਹੈ। ਗੁਰੂ ਹਰਿ ਰਾਏ ਜੀ ਨੇ ਆਪਣੇ ਦਾਦਾ ਗੁਰੂ ਦੇ ਉਪਦੇਸ਼ ਨੂੰ ਪੱਲੇ ਬੰਨ੍ਹ ਲਿਆ। ਸਾਰੀ ਉਮਰ ਉਨ੍ਹਾਂ ਨੇ ਇਸ ਉਪਦੇਸ਼ ਦੀ ਕਮਾਈ ਕੀਤੀ ਤੇ ਤਾਣ ਹੁੰਦਿਆਂ ਵੀ ਨਿਤਾਣੇ ਬਣੇ ਰਹੇ।
ਗੁਰੂ ਹਰਿ ਰਾਏ ਸਾਹਿਬ ਜੀ ਦਾ ਵਿਆਹ ਅਨੂਪ ਸ਼ਹਿਰ (ਯੂ.ਪੀ.) ਦੇ ਵਸਨੀਕ ਦਇਆ ਰਾਮ ਦੀ ਸਪੁੱਤਰੀ ਬੀਬੀ ਕ੍ਰਿਸ਼ਨ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਸਪੁੱਤਰ ਸ੍ਰੀ ਰਾਮ ਰਾਏ ਤੇ ਸ੍ਰੀ ਹਰਿਕ੍ਰਿਸ਼ਨ ਜੀ ਨੇ ਜਨਮ ਲਿਆ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ 3 ਮਾਰਚ 1644 ਨੂੰ ਜੋਤੀ ਜੋਤ ਸਮਾ ਗਏ। ਉਸ ਤੋਂ ਪੰਜ ਦਿਨ ਬਾਅਦ 8 ਮਾਰਚ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਭਾਨਾ (ਸਪੁੱਤਰ ਬਾਬਾ ਬੁੱਢਾ ਸਾਹਿਬ) ਨੇ ਗੁਰੂ ਹਰਿ ਰਾਏ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ। ਗੁਰੂ ਜੀ ਇੰਨੇ ਰਹਿਮ ਦਿਲ ਸਨ ਕਿ ਕਿਸੇ ਵੀ ਦੁੱਖੀ ਦੇ ਦੁੱਖ ਨੂੰ ਸਹਿਣ ਨਹੀਂ ਸਨ ਕਰ ਸਕਦੇ। ਇਸ ਲਈ ਰੋਗੀਆਂ ਨੂੰ ਨਿਰੋਗ ਕਰਨ ਲਈ ਉਨ੍ਹਾਂ ਨੇ ਦਵਾਖ਼ਾਨਾ ਖੋਲ੍ਹਿਆ ਹੋਇਆ ਸੀ। ਇਸ ਦਵਾਖ਼ਾਨੇ 'ਚ ਗ਼ਰੀਬਾਂ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਸਨ। ਮੁਗ਼ਲ ਬਾਦਸ਼ਾਹ ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋਹ ਵੀ ਉਨ੍ਹਾਂ ਵਲੋਂ ਦਿੱਤੀਆਂ ਦਵਾਈਆਂ ਦੀ ਬਦੌਲਤ ਹੀ ਸਿਹਤਯਾਬ ਹੋਇਆ ਸੀ।
ਜਦੋਂ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਤਾਂ ਉਨ੍ਹਾਂ ਨੇ ਆਪਣੇ ਜੇਠੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ ਅਤੇ ਹਦਾਇਤ ਕੀਤੀ ਕਿ ਔਰੰਗਜ਼ੇਬ ਦੇ ਦਰਬਾਰ 'ਚ ਜਾ ਕੇ ਜੋ ਵੀ ਬਚਨ ਬਿਲਾਸ ਕਰਨੇ ਹਨ, ਉਹ ਗੁਰੂ ਨਾਨਕ ਪਾਤਸ਼ਾਹ ਦੇ ਆਸ਼ੇ ਅਨੁਸਾਰ ਹੋਣੇ ਚਾਹੀਦੇ ਹਨ ਪਰ ਗੁਰੂ ਸਾਹਿਬ ਜੀ ਦੀ ਹਦਾਇਤ ਦੇ ਉਲਟ ਰਾਮ ਰਾਏ ਜੀ ਨੇ ਬਾਦਸ਼ਾਹ ਨੂੰ ਖ਼ੁਸ਼ ਕਰਨ ਹਿੱਤ ਰੱਬੀ ਬਾਣੀ 'ਚ ਹੇਰ-ਫੇਰ ਕਰ ਕੇ ਬਾਦਸ਼ਾਹ ਨੂੰ ਤਾਂ ਖ਼ੁਸ਼ ਕਰ ਲਿਆ ਪਰ ਗੁਰੂ ਨਾਨਕ ਦੇ ਘਰ ਨਾਲ ਸਦਾ ਵਾਸਤੇ ਨਾਰਾਜ਼ਗੀ ਮੁੱਲ ਲੈ ਲਈ। ਗੁਰੂ ਹਰਿ ਰਾਏ ਸਾਹਿਬ ਜੀ ਨੂੰ ਰਾਮ ਰਾਏ ਦੀ ਇਸ ਕਾਰਵਾਈ ਨਾਲ ਬੜਾ ਦੁੱਖ ਹੋਇਆ ਅਤੇ ਉਨ੍ਹਾਂ ਨੇ ਫ਼ੈਸਲਾ ਲਿਆ ਕਿ ਉਹ ਸਾਰੀ ਉਮਰ ਉਸ ਨੂੰ ਮੂੰਹ ਨਹੀਂ ਲਾਉਣਗੇ। ਇਸੇ ਕਰਕੇ ਉਨ੍ਹਾਂ ਨੇ ਗੁਰਗੱਦੀ ਦਾ ਹੱਕਦਾਰ ਆਪਣੇ ਛੋਟੇ ਪੁੱਤਰ ਗੁਰੂ ਹਰਿਕ੍ਰਿਸ਼ਨ ਜੀ ਨੂੰ ਬਣਾਇਆ ਸੀ। ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਅਖ਼ਰੀਲਾ ਸਮਾਂ ਕੀਰਤਪੁਰ ਸਾਹਿਬ 'ਚ ਹੀ ਬੀਤਿਆ। 6 ਅਕਤੂਬਰ 1661 (ਸੰਮਤ 1718) ਨੂੰ ਉਹ ਜੋਤੀ ਜੋਤ ਸਮਾ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਸਤਲੁਜ ਦਰਿਆ ਦੇ ਕੰਢੇ ਪਾਤਾਲਪੁਰੀ 'ਚ ਕੀਤਾ ਗਿਆ।