ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ
1/16/2021 1:21:31 PM
ਸਿੱਖ ਪੰਥ ਤੇ ਗੁਜ਼ਰੀਆਂ ਪੋਹ ਦੀਆਂ ਬਰਫੀਲੀਆਂ ਅਤੇ ਠੰਡੀਆਂ ਰਾਤਾਂ ਦਾ ਬਿਰਤਾਂਤ ਸੁਨਣਾ ਜਿੰਨਾ ਔਖਾ ਹੈ ਉਸ ਤੋਂ ਔਖਾ ਹੈ ਲਿਖਣਾ। ਇਨ੍ਹਾਂ ਦਿਨਾਂ 'ਚ ਹੱਥਾਂ ਪੈਰਾਂ ਦਾ ਸੁੰਨ ਹੋ ਜਾਣਾ ਰੁੱਤ ਨਾਲ ਬਦਲਦੀਆਂ ਸਰੀਰਿਕ ਕਿਰਿਆਵਾਂ ਦਾ ਇਕ ਹਿੱਸਾ ਤਾਂ ਜ਼ਰੂਰ ਹੈ ਲੇਕਿਨ ਜੇ ਕਿਤੇ ਸਿਰ ਤੇ ਮੁਸੀਬਤ ਆ ਪਵੇ ਤਾਂ ਕੀ ਗੁਜ਼ਰਦੀ ਹੈ, ਕਿਤੇ ਦਸ਼ਮ ਪਿਤਾ ਦੇ ਜੀਵਨ ਨੂੰ ਗਹੁ ਨਾਲ ਵਾਚਨ ਦੀ ਖੇਚਲ ਕਰਨਾ। ਚਮਕੌਰ ਸਾਹਿਬ ਦੀ ਗੜ੍ਹੀ 'ਚ ਹੋਈ ਜੰਗ ਤੋਂ ਮਗਰੋਂ ਜਦੋਂ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਜਾਨ ਤੋਂ ਪਿਆਰੇ ਫਰਜੰਦ ਅਤੇ ਕੁਝ ਸਿੰਘ ਅਕਾਲ ਪੁਰਖ ਨੂੰ ਸਮਰਪਿਤ ਕਰਕੇ ਭਾਈ ਸੰਗਤ ਸਿੰਘ ਦੇ ਸਿਰ ਕਲਗੀ ਸਜਾ ਕੇ ਨਿਕਲਦੇ ਹਨ ਤਾਂ ਜੁਲਮ ਦੇ ਖ਼ਿਲਾਫ਼ ਲੜਨ ਲਈ ਅਜੇ ਵੀ ਜੋਸ਼ ਪਾਤਸਾਹ ਦਾ ਠੰਡਾ ਨਹੀਂ ਹੋਇਆ। ਲਾਡਲੇ ਸਪੁੱਤਰਾਂ ਨੂੰ ਵਾਰ ਕੇ ਵੀ ਦਸ਼ਮ ਪਿਤਾ ਨੇ ਹਾਰ ਨਹੀਂ ਮੰਨੀ। ਤੇਗ ਦੀ ਧਾਰ ਪਹਿਲਾਂ ਤੋਂ ਵੀ ਤੇਜ਼ ਹੋ ਗਈ।
ਅੱਲਾ ਯਾਰ ਖਾਂ ਜੋਗੀ ਲਿਖਦਾ ਹੈ:
ਕਦਮੋ ਸੇ ਟਹਿਲਤੇ ਥੇ ਪਰ ਦਿਲ ਥਾ ਦੁਵਾ ਮੈਂ
ਬੋਲੇ ਐ ਖੁਦਾਵੰਦ ਖੂਬ ਖੁਸ਼ ਹੂੰ ਤੇਰੀ ਰਜ਼ਾ ਮੈਂ
ਕਿਰਦਾਰ ਸੇ ਕਹਿਤੇ ਥੇ ਗੋਇਆ ਰੂ-ਬਰੂ ਹੋ ਕਰ
ਕਬ ਜਾਊਂਗਾ ਮੈਂ ਚਮਕੋਰ ਸੇ ਸੁਰਖਰੂ ਹੋਕਰ।।
ਗੁਰੂ ਸਾਹਿਬ ਬੜੇ ਪਿਆਰ ਨਾਲ ਸਿੰਘਾਂ ਨੂੰ ਨਿਹਾਰਦੇ , ਉਨ੍ਹਾਂ ਦੀਆਂ ਦਸਤਾਰਾਂ ਠੀਕ ਕਰਦੇ , ਇਕ ਤੰਬੂ 'ਚ ਦੋਨੋ ਸਾਹਿਬਜ਼ਾਦਿਆਂ ਨੂੰ ਸੁਤਿਆਂ ਦੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਦੇ ਬਿਰਤਾਂਤ ਨੂੰ ਅੱਲਾ ਯਾਰ ਖਾਂ ਜੋਗੀ ਬਿਆਨ ਕਰਦਾ ਹੈ।
ਥੇ ਚਾਰ ਅਬ ਦੋ ਹੀ , ਸਹਿਰ ਏਹ ਭੀ ਨਾਂ ਹੋਗੇਂ।।
ਹਮ ਸਬਰ ਕਰੇਂਗੇ ਜੁ ਅਗਰ ਏਹ ਭੀ ਨਾਂ ਹੋਂਗੇ।।
ਰਾਤ ਪਈ ਸਿੰਘਾਂ ਨੇ ਗੁਰੂ ਸਾਹਿਬ ਅਗੇ ਬੇਨਤੀ ਕੀਤੀ ਕਿ ਤੁਸੀਂ ਦੋਨੋ ਫਰਜੰਦ ਨਾਲ ਲੈ ਕੇ ਨਿਕਲ ਜਾਵੋ ਤਾਂ ਜਵਾਬ ਮਿਲਿਆ, ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ”। ਇਕ ਪਾਸੇ ਥੱਕੇ ਅਤੇ ਹਾਰੇ ਹੋਏ 40 ਕੁ ਸਿੰਘ ਦੂਸਰੇ ਪਾਸੇ 10 ਲੱਖ ਮੁਗਲ ਫੌਜ਼। ਸਵੇਰ ਹੁੰਦੀ ਹੈ ਕੱਲਾ ਕੱਲਾ ਸਿੰਘ ਬਹਾਦਰੀ ਦੇ ਨਵੇਂ ਤੋਂ ਨਵੇਂ ਮੁਕਾਮ ਸਥਾਪਤ ਕਰਦਾ ਆਕਾਲ ਪੁਰਖ ਦੀ ਅਗੋਸ਼ 'ਚ ਸਮਾ ਗਿਆ। ਗੁਰੂ ਸਹਿਬ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਘਬਰਾਏ ਨਹੀਂ , ਸਗੋਂ ਬੁਲੰਦ ਆਵਾਜ਼ 'ਚ ਕਿਹਾ ,” ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ ,ਹਾਂ ਕਿਉ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ ” ਅੱਲਾ ਯਾਰ ਜੋਗੀ ਲਿਖਦਾ ਹੈ।
” ਬੇਟੋ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ।।
ਤੂਫਾਂ ਗਮ ਕਾ ਕੀਆ ਦੀਦਾ-ਏ -ਤਰ ਨੇ।।
ਫਰਜੰਦ ਵਾਰ ਕਿ ਕਹਿੰਦੇ ਹਨ ਕਿ ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ ਬੇਟੋ ਕੀ ਜਾਨ ਧਰਮ ਖਾਤਿਰ ਫ਼ਿਦਾ ਹੁਈ।
ਜੰਗ 'ਚੋਂ ਨਿਕਲਣ ਵੇਲੇ ਮਾਰੀਆਂ ਤੇਗਾ ਨਾਲ ਖਾਲਸਾ ਥੱਕਣ ਵਾਲਾ ਕਿੱਥੇ ਸੀ। ਹਾਂ ਇਹ ਜ਼ਰੂਰ ਹੈ ਕਿ ਮਨ ਚ ਵਿਚਾਰਾ ਅਤੇ ਸਵਾਲਾਂ ਦੀ ਥਕਾਵਟ ਮਹਿਸੂਸ ਹੋਈ ਸੀ।ਤੁਰਦਿਆਂ ਹੋਇਆਂ ਪਾਤਸ਼ਾਹ ਨੂੰ ਰਾਤ ਮਾਛੀਵਾੜੇ ਦੇ ਜੰਗਲਾਂ 'ਚ ਗੁਜ਼ਾਰਨੀ ਪਈ। ਆਪਣੀ ਬਾਹ ਨੂੰ ਹੀ ਅੰਦਰ ਵੱਲ ਘੁਮਾ ਕੇ ਪਾਤਸਾਹ ਨੇ ਸਿਰਹਾਣਾ ਬਣਾ ਲਿਆ। ਮਨ 'ਚ ਵਿਚਾਰ ਦਾ ਕਾਫ਼ਲਾ
ਨਿਰੰਤਰ ਤੁਰਦਾ ਜਾ ਰਿਹਾ ਹੈ ਕਿ ਹੇ ਵਾਹਿਗੁਰੂ ਸਿੱਖੀ ਦੇ ਇਸ ਕਠਿਨ ਰਸਤੇ ਤੇ ਇਸ ਕਰਕੇ ਤੁਰਿਆ ਹਾਂ ਕਿ ਕਿਤੇ ਇਹ ਕੌਮ ਖੇਰੂ-ਖੇਰੂ ਨਾ ਹੋ ਜਾਵੇ। ਇਸ ਕੌਮ ਦੀ ਚੜ੍ਹਦੀ ਕਲਾ ਲਈ ਪਰਿਵਾਰ ਸਮੇਤ ਖੁਦ ਨੂੰ ਵੀ ਸਮਰਪਿਤ ਕਰ ਦੇਵਾਂਗਾ। ਇਨ੍ਹਾਂ ਹੀ ਜੰਗਲਾਂ 'ਚ ਦਸ਼ਮ ਪਿਤਾ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਰੂਹਾਨੀਅਤ ਪ੍ਰਾਥਨਾ ਕੀਤੀ।
ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ
ਨਾਗ ਨਿਵਾਸਾਂ ਦੇ ਰਹਿਣਾ॥
ਸੂਲ ਸੁਰਾਹੀ ਖੰਜਰੁ ਪਿਆਲਾ
ਬਿੰਗ ਕਸਾਈਆਂ ਦਾ ਸਹਿਣਾ॥
ਯਾਰੜੇ ਦਾ ਸਾਨੂੰ ਸੱਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ॥ ੧ ॥
ਅੰਤ ਜੰਗਲਾਂ 'ਚ ਖੋਜਦੇ ਹੋਏ ਭਾਈ ਮਾਨ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੇ ਗੁਰੂ ਸਾਹਿਬ ਨੂੰ ਮਿਲੇ ਜਿੱਥੇ ਆਪ ਸੁੱਤੇ ਹੋਏ ਸਨ । (ਅੱਜਕੱਲ੍ਹ ਇਸ ਥਾਂ ਤੇ ਹੀ ਗੁਰਦੁਆਰਾ ਚਰਨਕੰਵਲ ਸਾਹਿਬ ਦੀ ਸੁੰਦਰ ਇਮਾਰਤ ਹੈ। ) ਜ਼ਾਲਮ ਮੁਗਲ ਹਲਕਾਏ ਹੋਏ ਫਿਰ ਰਹੇ ਸਨ । ਭਾਈ ਕ੍ਹਾਨ ਸਿੰਘ ਨਾਭਾ ਲਿਖਦੇ ਹਨ ਕਿ ਦੋ ਪਠਾਨ ਭਰਾ ਗਨੀ ਖਾਂ ਅਤੇ ਨਬੀ ਖਾਂ ਜਿਹੜੇ ਗੁਰੂ ਦਰਬਾਰ 'ਚ ਕੁਝ ਮਹੀਨੇ ਨੌਕਰੀ ਕਰ ਚੁੱਕੇ ਸਨ, ਨੇ ਉਨ੍ਹਾਂ ਨੂੰ ਇੱਕ ਪਾਲਕੀ 'ਚ ਬਿਠਾਇਆ ਅਤੇ ਉੱਚ ਦਾ ਪੀਰ ਦਾ ਰੂਪ ਦੇ ਕੇ ਉੱਥੋਂ ਲੈ ਗਏ। ਮੁਗਲ ਦਿਲਾਵਰ ਖਾਂ ਨੇ ਇਨ੍ਹਾਂ ਨੂੰ ਰੋਕ ਲਿਆ ਅਤੇ ਪੁੱਛਿਆ ਕਿ ਪਲੰਘ ਤੇ ਕੌਣ ਹੈ ,ਜਵਾਬ ਮਿਲਿਆ ਇਹ ਸਾਡੇ ਉੱਚ ਦੇ ਪੀਰ ਹਨ। ਮੁਗਲ ਫੌਜ ਦੇ ਦਿਲਾਵਰ ਖਾਂ ਨੇ ਸ਼ੱਕ ਪੈਣ ਤੇ ਕਿਹਾ ਕਿ ਪੀਰ ਸਾਹਿਬ ਉਨ੍ਹਾਂ ਦਾ ਖਾਣਾ ਖਾ ਕੇ ਜਾਣ, ਜਿਸ ਤੇ ਭਾਈ ਗਨੀ ਖਾਂ ਤੇ ਨਬੀ ਖਾਂ ਨੇ ਉੱਤਰ ਦਿੱਤਾ ਕਿ ਪੀਰ ਜੀ ਦਾ ਅੱਜ ਪੱਕਾ ਰੋਜ਼ਾ ਹੈ ਪਰ ਅਸੀਂ ਖਾ ਲਵਾਂਗੇ।
ਦਿਲਾਵਰ ਖਾਂ ਨੇ ਆਪਣਾ ਸ਼ੱਕ ਦੂਰ ਕਰਨ ਲਈ ਨੂਰਪੁਰ ਤੋਂ ਸੱਯਦ ਪੀਰ ਕਾਜ਼ੀ ਨੂੰ ਵੀ ਬੁਲਾ ਲਿਆ। ਦਿਲਾਵਰ ਖਾਂ ਨੇ ਚਮਕੌਰ ਸਾਹਿਬ ਦੀ ਜੰਗ 'ਚ ਆਪਣੀ ਜਾਨ ਬਚਾਉਣ ਲਈ ਉੱਚ ਦੇ ਪੀਰ ਅੱਗੇ 500 ਅਸ਼ਰਫੀਆਂ ਦੀ ਭੇਟ ਕਰਨ ਦੀ ਬੇਨਤੀ ਕੀਤੀ ਸੀ। ਜਦੋਂ ਦਿਲਾਵਰ ਖਾਂ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਉੱਚ ਦੇ ਪੀਰ ਹਨ ਤਾਂ ਉਸ ਨੇ ਗੁਰੂ ਜੀ ਅੱਗੇ 500 ਅਸ਼ਰਫੀਆਂ ਰੱਖ ਕੇ ਆਪਣੀ ਮੰਨਤ ਪੂਰੀ ਕੀਤੀ ਅਤੇ ਮਾਫ਼ੀ ਮੰਗੀ। ਆਲਮਗੀਰ ਦੀ ਧਰਤੀ ਤੇ ਕੌਤਕ ਰਚਣ ਤੋਂ ਬਾਅਦ ਫਿਰ ਗੁਰੂ ਜੀ ਭਾਈ ਨਿਗਾਹੀਆ ਸਿੰਘ ਵੱਲੋ ਦਿੱਤੇ ਗਏ ਘੋੜੇ ਤੇ ਬੈਠ ਗਏ ਅਤੇ ਰਾਏਕੋਟ ਵੱਲ ਚਲੇ ਗਏ। ਦਿਨ ਚੜ੍ਹਿਆ ਰਾਏ ਕੱਲੇ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਆ ਗਿਆ ਅਤੇ ਗੁਰੂ ਸਾਹਿਬ ਨੇ ਨੂਰੇ ਕੋਲੋ ਦੁੱਧ ਛਕਿਆ। ਰਾਇ ਕੱਲਾ ਨੂੰ ਮਿਲੇ ਤਾਂ ਰਾਇ ਨੇ ਬੇਨਤੀ ਕੀਤੀ ਕਿ ਦਾਸ ਨੂੰ ਕੋਈ ਸੇਵਾ ਬਖਸ਼ੋ। ਗੁਰੂ ਸਾਹਿਬ ਨੇ ਕਿਹਾ ਸਰਹੰਦ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਖ਼ਬਰ ਮੰਗਵਾਓ। ਰਾਏ ਕੱਲਾ ਨੇ ਇਸੇ ਵੇਲੇ ਨੂਰੇ ਨੂੰ ਸਰਹੰਦ ਆਪਣੀ ਭੈਣ ਨੂਰਾਂ ਕੋਲ ਭੇਜਿਆ।
ਸਰਹੰਦ ਪਹੁੰਚ ਕੇ ਨੂਰਾ ਮਾਹੀ ਆਪਣੀ ਭੈਣ ਨੂਰਾਂ ਤੋਂ ਛੋਟੇ ਗੁਰੂ ਸਾਹਿਬ ਦੇ ਬੱਚਿਆਂ ਅਤੇ ਮਾਤਾ ਬਾਰੇ ਦੁੱਖ ਭਰੀ ਕਹਾਣੀ ਸੁਣ ਕੇ ਵਾਪਸ ਆ ਕੇ ਗੁਰੂ ਜੀ ਨੂੰ ਦੱਸੀ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਨੂੰ ਇਸਲਾਮ ਨਾ ਕਬੂਲਣ ਕਰਕੇ ਸ਼ਹੀਦ ਕਰ ਦਿੱਤਾ ਹੈ। ਗੁਰੂ ਸਾਹਿਬ ਨੇ ਪੁੱਛਿਆ ਕਿਸੇ ਨੇ ਹਮਦਰਦੀ ਦਾ ਹਾਅ ਦਾ ਨਾਅਰਾ ਨਹੀਂ ਮਾਰਿਆ। ਤਦ ਨੂਰੇ ਨੇ ਕਿਹਾ ਬੱਚਿਆਂ ਦੀ ਹਮਦਰਦੀ ਚ ਹਾਅ ਦਾ ਨਾਅਰਾ ਨਵਾਬ ਮਾਲੇਰਕੋਟਲਾ ਨੇ ਮਾਰਿਆ ਸੀ ਕਿ ਇਨ੍ਹਾ ਮਾਸੂਮਾਂ ਦਾ ਕੋਈ ਕਸੂਰ ਨਹੀਂ ਹੈ ਅਤੇ ਇੰਨੀ ਵੱਡੀ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ, ਜੋ ਨਵਾਬ ਸਰਹੰਦ ਨੇ ਨਹੀਂ ਮੰਨੀ। ਮਾਤਾ ਜੀ ਠੰਡੇ ਬੁਰਜ ਵਿਚ ਸ਼ਹਾਦਤ ਪਾ ਗਏ ਸਨ। ਗੁਰੂ ਜੀ ਨੇ ਸਾਰੀ ਗੱਲ ਸੁਣੀ ਅਤੇ ਤੀਰ ਦੀ ਨੋਕ ਨਾਲ ਕਾਹੀ ਦੀ ਜੜ੍ਹ ਪੁਟੀ ਅਤੇ ਕਿਹਾ ਕਿ ਅੱਜ ਤੋਂ ਜੁਲਮ ਦੀ ਜਡ਼੍ਹ ਪੁਟੀ ਗਈ ਏ। ਰਾਏ ਕੱਲੇ ਨੂੰ ਗੁਰੂ ਸਾਹਿਬ ਨੇ ਤਲਵਾਰ ਅਤੇ ਗੰਗਾ ਸਾਗਰ ਬਖਸ਼ਿਸ ਕੀਤਾ। ਅੱਜ ਕੱਲ੍ਹ ਉਸ ਅਸਥਾਨ ਤੇ ਗੁਰਦੁਆਰਾ ਟਾਹਲੀਆਣਾ ਸਾਹਿਬ ਸੁਸ਼ੋਭਿਤ ਹੈ।
ਅਵਤਾਰ ਸਿੰਘ ਆਨੰਦ
9877092505
ਇਸ ਆਰਟੀਕਲ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।