ਜਾਣੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਉਂ ਧਾਰਨ ਕੀਤੀਆਂ ਮੀਰੀ-ਪੀਰੀ ਦੀਆਂ ਤਲਵਾਰਾਂ

6/22/2021 5:41:08 PM

ਮੀਰੀ-ਪੀਰੀ ਸ਼ਬਦ ਅਰਬੀ-ਫ਼ਾਰਸੀ ਪਿਛੋਕੜ ਵਾਲੇ ਹਨ। ‘ਮੀਰੀ’ ਦਾ ਸੰਬੰਧ ‘ਮੀਰ’ ਨਾਲ ਹੈ, ਜੋ ਅਰਬੀ ਦੇ ‘ਅਮੀਰ’ ਸ਼ਬਦ ਦਾ ਸੰਖਿਪਤ ਰੂਪ ਹੈ। ‘ਮੀਰੀ’ ਤੋਂ ਭਾਵ ਬਾਦਸ਼ਾਹਤ ਜਾਂ ਸਰਦਾਰੀ। ‘ਪੀਰੀ’ ਸ਼ਬਦ ਦਾ ਸੰਬੰਧ ਫ਼ਾਰਸੀ ਦੇ ‘ਪੀਰ’ ਸ਼ਬਦ ਨਾਲ ਹੈ ਜਿਸ ਦਾ ਅਰਥ ਹੈ ਧਰਮ ਆਗੂ , ਗੁਰੂ। ‘ਪੀਰੀ’ ਤੋਂ ਭਾਵ ਹੈ ਧਾਰਮਿਕ ਅਧਿਕਾਰ ਜਾਂ ਗੁਰਤਾ। ਇਨ੍ਹਾਂ ਦੋਹਾਂ ਸ਼ਬਦਾਂ ਦੀ ਇਕ ਵਿਅਕਤਿਤਵ ਲਈ ਵਰਤਣ ਦੀ ਪਰੰਪਰਾ ਦਾ ਆਰੰਭ ਸਿੱਖ ਜਗਤ ਵਿਚ ਗੁਰੂ ਹਰਿਗੋਬਿੰਦ ਸਾਹਿਬ ਤੋਂ ਹੋਇਆ। ਉਨ੍ਹਾਂ ਨੂੰ ‘ਮੀਰੀ ਪੀਰੀ ਦਾ ਮਾਲਿਕ’ ਕਿਹਾ ਗਿਆ ਹੈ, ਕਿਉਂਕਿ ਉਨ੍ਹਾਂ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਨੂੰ ਧਾਰਣ ਕੀਤਾ ਸੀ।

ਮੀਰੀ-ਪੀਰੀ ਨੂੰ ਸੰਯੁਕਤ ਕਰਨ ਪਿਛੇ ਉਸ ਸਮੇਂ ਦੀਆਂ ਇਤਿਹਾਸਿਕ ਪਰਿਸਥਿਤੀਆਂ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਸਿੱਖ ਗੁਰੂ ਸਾਹਿਬਾਨ ਪੀਰੀ ਜਾਂ ਗੁਰਤਾ ਤੱਕ ਆਪਣੀਆਂ ਅਧਿਆਤਮਿਕ ਮਾਨਤਾਵਾਂ ਦਾ ਵਿਸਤਾਰ ਕਰਦੇ ਸਨ। ਉਂਝ ਇਹ ਵੱਖਰੀ ਗੱਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਖ਼ਾਸ ਕਰਕੇ ‘ਬਾਬਰ ਵਾਣੀ’ ਪ੍ਰਸੰਗ ਵਿੱਚ ਮੁਗ਼ਲ ਸਰਕਾਰ ਦੇ ਅਤਿਆਚਾਰਾਂ ਵਿਰੁੱਧ ਰੋਸ ਦੀ ਭਾਵਨਾ ਮਿਲ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਮਾਨਸਿਕਤਾ ਨੂੰ ਝੰਝੋੜ ਦਿੱਤਾ। ਹਰਿ-ਭਗਤੀ ਦੇ ਨਾਲ ਆਤਮ-ਰਖਿਆ ਦਾ ਪ੍ਰਸ਼ਨ ਸਾਹਮਣੇ ਆਇਆ। ਗੁਰੂ ਹਰਿਗੋਬਿੰਦ ਸਾਹਿਬ ਨੇ ਪੀਰੀ ਦੇ ਹਰਿਮੰਦਿਰ ਸਾਹਿਬ ਦੇ ਨਾਲ ਮੀਰੀ ਸੂਚਕ ਅਕਾਲ ਤਖ਼ਤ ਦੀ ਸਥਾਪਨਾ ਕੀਤੀ ਅਤੇ ਆਪਣੀ ਜੀਵਨ-ਵਿਧੀ ਨੂੰ ਬਦਲ ਦਿੱਤਾ। ਹਰਿ-ਭਗਤੀ ਦੇ ਨਾਲ ਸ਼ਾਹੀ ਚਿੰਨ੍ਹ ਵੀ ਸ਼ਾਮਲ ਕਰ ਲਏ। ਭਾਈ ਗੁਰਦਾਸ ਨੇ ਲਿਖਿਆ -
ਦਲ ਭੰਜਨ ਗੁਰੁ ਸੂਰਮਾ ਬਡ ਜੋਧਾ ਬਹੁ ਪਰਉਪਕਾਰੀ। (1/48)।

ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਨਾ ਕਰਕੇ ਉਸ ਨੂੰ ‘ਸੰਤ ’ ਦੇ ਨਾਲ ‘ਸਿਪਾਹੀ’ ਵੀ ਬਣਾ ਦਿੱਤਾ। ਇਸ ਤਰ੍ਹਾਂ ਮੀਰੀ-ਪੀਰੀ ਦੇ ਸੰਯੁਕਤ ਰੂਪ ਦਾ ਪੂਰਣ ਦਿਗਦਰਸ਼ਨ ਖ਼ਾਲਸੇ ਦੀ ਸਿਰਜਨਾ ਨਾਲ ਸਾਹਮਣੇ ਆ ਸਕਿਆ।

ਸਿੱਖ ਧਰਮ ਦੀ ਵਿਲੱਖਣਤਾ ਦਾ ਪ੍ਰਤੀਕ ਮੀਰੀ-ਪੀਰੀ ਦਾ ਸਿਧਾਂਤ
ਮੀਰੀ-ਪੀਰੀ ਦਾ ਸਿਧਾਂਤ ਸਿੱਖ ਧਰਮ ਦੀ ਵਿਲੱਖਣਤਾ ਦਾ ਪ੍ਰਤੀਕ ਹੈ। ਧਰਮਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਧਰਮ ਨੇ ਅਧਿਆਤਮਿਕ ਪ੍ਰਭੂਸੱਤਾ ਦੇ ਨਾਲ-ਨਾਲ ਰਾਜਨੀਤਿਕ ਸੱਤਾ ਨੂੰ ਪ੍ਰਭਾਵਿਤ ਕੀਤਾ। ਮੀਰੀ-ਪੀਰੀ ਇਕ ਦੂਜੇ ਦੇ ਪੂਰਕ ਹਨ। ਇਸ ਨਾਲ ਜਿੱਥੇ ਅੰਦਰੂਨੀ ਵਿਕਾਰਾਂ ਨੂੰ ਦੂਰ ਕਰਕੇ ਅਧਿਆਤਮਿਕ ਮੰਡਲਾਂ ਵਿੱਚ ਹਾਜ਼ਰੀ ਲੱਗਦੀ ਹੈ, ਉੱਥੇ ਹੀ ਦੁਨਿਆਵੀਂ (ਰਾਜਨੀਤਿਕ) ਨਿਸ਼ਚਿਤਤਾ ਦਾ ਆਧਾਰ ਬਣਦੀ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਸਿਧਾਂਤ ਨੂੰ ਜ਼ਾਹਰ ਰੂਪ ਵਿੱਚ ਪ੍ਰਗਟ ਕੀਤਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨਾਲ ਸਿੱਖ ਇਤਿਹਾਸ ਵਿੱਚ ਇਕ ਕ੍ਰਾਂਤੀਕਾਰੀ ਮੋੜ ਆਇਆ। ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਜ਼ਾਲਮ ਹੁਣ ਹਥਿਆਰਾਂ ਤੋਂ ਬਿਨਾਂ ਜ਼ੁਲਮ ਕਰਨੋਂ ਮੁੜਣ ਵਾਲੇ ਨਹੀਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਮਝ ਗਏ ਸਨ ਕਿ ਹੁਣ ਭਗਤੀ ਅਤੇ ਸ਼ਕਤੀ ਦੇ ਸੁਮੇਲ ਦਾ ਸਮਾਂ ਆ ਗਿਆ ਹੈ। ਸਿੱਖਾਂ ਨੂੰ ਹੁਣ ਸੰਤ-ਸਿਪਾਹੀ ਬਨਣਾ ਹੋਏਗਾ, ਕਿਉਂਕਿ ਬਲਹੀਣ ਭਗਤਾਂ ਨੂੰ ਜ਼ਾਲਮ, ਕਲਿਆਣ ਦੇ ਰਸਤੇ ਚਲਣ ਨਹੀਂ ਦੇਵੇਗਾ।

ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਰੱਖੀ ਅਤੇ ਉਸਾਰੀ ਕਰਵਾਈ। ਗੁਰਿਆਈ ਦੇ ਤਿਲਕ ਦੀ ਜਗ੍ਹਾ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਇਕ ਮੀਰੀ ਦੀ ਅਤੇ ਇਕ ਪੀਰੀ ਦੀ ਪਹਿਨਾਉਣ ਦਾ ਹੁਕਮ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਪਹਿਲੇ ਪੰਜ ਗੁਰੂ ਸਾਹਿਬਾਨ ਵੀ ਧਾਰਮਿਕ ਅਤੇ ਰਾਜਸੀ ਗੁਰੂ ਹੋ ਕੇ ਵਿਚਰਦੇ ਰਹੇ ਹਨ, ਪਰ ਹੁਣ ਅਸੀਂ ਨਾ ਸਿਰਫ਼ ਪੰਥ ਨੂੰ ਬਲਕਿ ਸਾਰੇ ਸੰਸਾਰ ਨੂੰ ਆਪਣਾ ਰੂਪ ਪ੍ਰਤੱਖ ਕਰਨਾ ਹੈ। ਉਨ੍ਹਾਂ ਪੰਥ ਨੂੰ ਪਹਿਲਾ ਹੁਕਮਨਾਮਾ ਜਾਰੀ ਕੀਤਾ ਕਿ ਸੰਗਤਾਂ ਕੋਲੋਂ ਉਨ੍ਹਾਂ ਨੂੰ ਹਥਿਆਰ, ਘੋੜੇ ਅਤੇ ਜਵਾਨੀ ਦੀਆਂ ਭੇਟਾਵਾਂ ਉਤਮ ਰੂਪ ਵਿੱਚ ਪ੍ਰਵਾਨ ਹੋਣਗੀਆਂ। ਆਪਣੇ ਸਿੱਖਾਂ ਦੀ ਮਾਨਸਿਕ ਅਤੇ ਸਰੀਰਕ ਅਵਸਥਾ ਇਤਨੀ ਉੱਚੀ ਕਰ ਦਿੱਤੀ ਕਿ ਜਦ ਗੁਰੂ ਜੀ ਨੇ ਸਿੱਖਾਂ ਨੂੰ ਚੰਗੀ ਨਸਲ ਦੇ ਘੋੜੇ ਲਿਆਉਣ ਲਈ ਸੰਕੇਤ ਦਿੱਤਾ ਤਾਂ ਅੰਮ੍ਰਿਤਸਰ ਤੋਂ ਘੋੜੇ ਲਿਆਉਣ ਲਈ ਸੈਂਕੜੇ ਸਿੱਖ ਤੁਰ ਪਏ। ਅਜਿਹਾ ਐਲਾਨ ਹਕੂਮਤ ਦੇ ਜ਼ੁਲਮਾਂ ਖਿਲਾਫ ਜੰਗ ਛੇੜਨ ਦਾ ਇਕ ਖੁੱਲ੍ਹਾ ਸੱਦਾ ਸੀ।

ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਇਸ ਹੁਕਮ ਅਨੁਸਾਰ ਸਿੱਖ ਸੰਗਤਾਂ ਹਥਿਆਰਬੰਦ ਹੋ ਕੇ ਦਰਸ਼ਨਾਂ ਨੂੰ ਆਉਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖ ਸੂਰਬੀਰਾਂ ਨੂੰ ਬਾਬਾ ਬੁੱਢਾ ਜੀ ਦੀ ਦੇਖ-ਰੇਖ ’ਚ ਜੰਗਜੂ ਸੰਘਰਸ਼ ਲਈ ਤਿਆਰ ਕੀਤਾ ਤੇ ਇਨ੍ਹਾਂ ਦੇ ਚਾਰ ਜੱਥੇ ਬਣਾਏ। ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਬੈਠ ਕੇ ਸਿੱਖ ਸੰਗਤਾਂ ਦੇ ਦਰਬਾਰ ਲਗਾਉਣੇ ਸ਼ੁਰੂ ਕਰ ਦਿੱਤੇ। ਸ੍ਰੀ ਅਕਾਲ ਤਖ਼ਤ ਸਾਹਮਣੇ ਕੁਸ਼ਤੀਆਂ, ਜੰਗਜੂ ਕਰਤੱਬ ਵਾਲੀਆਂ ਖੇਡਾਂ ਕਰਵਾਉਣੀਆਂ ਅਰੰਭ ਕਰ ਦਿੱਤੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਦੋ ਕੇਸਰੀ ਨਿਸ਼ਾਨ ਸਾਹਿਬ ਲਹਿਰਾਏ ਗਏ, ਜੋ ਮੀਰੀ-ਪੀਰੀ ਦੀ ਸ਼ਕਤੀ ਦੇ ਪ੍ਰਤੀਕ ਹਨ।

ਗੁਰੂ ਜੀ ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਦਰਬਾਰ ਲਗਾਉਂਦੇ, ਸਿੱਖਾਂ ਦੇ ਆਪਸੀ ਝਗੜਿਆਂ ਨੂੰ ਸੁਣਿਆਂ ਜਾਂਦਾ ਅਤੇ ਉਨ੍ਹਾਂ ਦਾ ਨਿਬੇੜਾ ਕੀਤਾ ਜਾਂਦਾ। ਇਸ ਦਰਬਾਰ ਨੇ ਸਾਬਤ ਕਰ ਦਿੱਤਾ ਕਿ ਸਿੱਖ ਕੌਮ ਸਿੱਖ ਧਾਰਮਿਕ ਖੇਤਰ ਵਿੱਚ ਸੁਤੰਤਰ ਨਹੀਂ ਸਗੋਂ ਸੰਸਾਰਕ ਮਸਲਿਆਂ ਨੂੰ ਵੀ ਨਜਿੱਠਣ ਦੀ ਸ਼ਕਤੀ ਰੱਖਦੀ ਹੈ। ਇਹ ਗੁਰੂ ਜੀ ਦੀ ਸ਼ਹਾਦਤ ਦਾ ਪ੍ਰਤੀਕਰਮ ਸੀ ਅਤੇ ਸ਼ਹਾਦਤ ਦੇ ਰੂਪ ਵਿੱਚ ਦਿੱਤੇ ਗਏ ਚੈਲੰਜ ਨੂੰ ਪ੍ਰਵਾਨ ਕਰਨ ਦਾ ਐਲਾਨ ਸੀ।

ਜਲਦੀ 500 ਜਵਾਨਾਂ ਦਾ ਸੈਨਿਕ ਜਥਾ ਬਣ ਗਿਆ। ਗੁਰੂ ਸਾਹਿਬ ਨੇ ਅੱਗੋ ਇਨ੍ਹਾਂ ਦੇ ਸੌ-ਸੌ ਦੇ ਪੰਜ ਜਥੇ ਬਣਾ ਕੇ ਭਾਈ ਬਿਧੀ ਚੰਦ, ਭਾਈ ਪੈੜਾ ਜੀ, ਭਾਈ ਜੇਠਾ ਜੀ, ਭਾਈ ਪਿਰਾਣਾ ਜੀ ਤੇ ਭਾਈ ਲੰਗਾਹ ਜੀ ਨੂੰ ਇਕ-ਇਕ ਜਥੇ ਦਾ ਜਥੇਦਾਰ ਥਾਪਿਆ।ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਕੀਤਾ ਜਾਣ ਲੱਗਾ। ਇਸ ਨਾਲ ਸਿੱਖਾਂ ਵਿਚ ਜਾਗ੍ਰਤੀ ਆਈ। ਮੀਰੀ ਰਾਜ ਦੀ ਸੂਚਕ ਹੈ ਅਤੇ ਪੀਰੀ ਜੋਗ ਦੀ। ਮੀਰੀ ਸੰਸਾਰਕ ਖੇਤਰ ਨਾਲ ਸੰਬੰਧਤ ਹੈ ਅਤੇ ਪੀਰੀ ਅਧਿਆਤਮਕ ਖੇਤਰ ਨਾਲ। ਮੀਰੀ ਸਮਾਜਕ ਜੀਵਨ ਦੇ ਵਿਵਹਾਰਕ ਖੇਤਰ ਦੀ ਅਗਵਾਈ ਕਰਦੀ ਹੈ ਅਤੇ ਪੀਰੀ ਅਧਿਆਤਮਕ ਖੇਤਰ ਦੀ। ਮੀਰੀ ਸਰੀਰਕ ਭੁੱਖ ਦੀ ਪੂਰਤੀ ਕਰਦੀ ਹੈ ਅਤੇ ਪੀਰੀ ਆਤਮਿਕ ਭੁੱਖ ਦੀ। ਆਤਮਿਕ ਪੱਖੋਂ ਸੰਤ ਹੋਣਾ ਪੀਰੀ ਹੈ ਅਤੇ ਧੱਕੇਸ਼ਾਹੀ ਤੇ ਬੇਇਨਸਾਫ਼ੀ ਵਿਰੁੱਧ ਸਿਪਾਹੀ ਬਣਨਾ ਮੀਰੀ ਹੈ।

ਮੀਰੀ ਅਤੇ ਪੀਰੀ ਅਧਿਆਤਮਕਤਾ ਤੇ ਸੰਸਾਰਕਤਾ ਦਾ ਸੰਜੋਗ ਹੈ। ਭਗਤੀ ਅਤੇ ਸ਼ਕਤੀ ਦਾ ਸੁਮੇਲ ਹੈ। ਇਹ ਬਲਵਾਨ ਆਤਮਾ ਅਤੇ ਬਲਵਾਨ ਸ਼ਰੀਰ ਦਾ ਸਾਵਾਂ-ਪਨ ਹੈ। ਰੁਹਾਨੀ ਅਤੇ ਜਿਸਮਾਨੀ ਸ਼ਕਤੀ ਦਾ ਸਮਤੋਲ ਹੈ। “ਘਰ ਹੀ ਮਾਹਿ ਉਦਾਸ” ਤੇ “ਅੰਜਨ ਮਾਹਿ ਨਿਰੰਜਨਿ” ਹੋ ਕੇ ਵਿਚਰਨ ਦਾ ਨਿਰਾਲਾ ਮਾਰਗ ਹੈ। ਇਹ ਇਲਾਹੀ ਕੀਰਤਨ ਦੀਆਂ ਧੁਨਾਂ ਨਾਲ ਬੀਰ-ਰਸੀ ਵਾਰਾਂ ਦੀਆਂ ਗੁੰਜਾਰਾਂ ਦਾ ਅਲੌਕਿਕ ਸੁਮੇਲ ਹੈ। ਜਿੱਥੇ ਸਿੱਖੀ ਦੇ ਮੀਰੀ ਪੀਰੀ ਦੇ ਸਿਧਾਂਤ ਮੁਤਾਬਕ ਪਰਉਪਕਾਰ, ਸਰਬੱਤ ਦਾ ਭਲਾ ਮੰਗਣਾ, ਸਰਬੱਤ ਦੀ ਰਾਖੀ ਕਰਨੀ ਅਤੇ ਸਰਬੱਤ ਦੀ ਦੇਖ ਭਾਲ ਕਰਨੀ ਹੈ। ਉੱਥੇ ਮੱਧਕਾਲ ਵਿੱਚ ਧਰਮ ਅਤੇ ਰਾਜਸੱਤਾ ਨੂੰ ਨਿਜੀ ਸ਼ਕਤੀ ਵਧਾਉਣ ਲਈ ਅਤੇ ਨਿਜੀ ਲਾਭ ਲਈ ਵਰਤਿਆ ਗਿਆ। 

ਤਾਕਤ ਦੇ ਨਸ਼ੇ ਵਿੱਚ ਪਾਗਲ ਹੋਏ ਬਘਿਆੜਾਂ ਅੱਗੇ ਭੇਡਾਂ ਬਕਰੀਆਂ ਬਣਨ ਦੀ ਥਾਂ, ਗੁਰੂ ਸਾਹਿਬਾਂ ਨੇ ਡਟ ਕੇ ਮੁਕਾਬਲਾ ਕਰਨ ਦਾ ਸਬਕ ਸਿਖਾਇਆ। ਜ਼ੁਲਮ ਸਹਿਣ ਨੂੰ ਕਾਇਰਤਾ ਕਰਾਰ ਦਿੱਤਾ। ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਲਿਸ਼ਕਾਉਣ ਪੁਸ਼ਕਾਉਣ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਪਹਿਨੀਆਂ। ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਦੀ ਰਚਨਾ ਕੀਤੀ ਤੇ ਅਕਾਲ ਤਖਤ ਤੇ ਮੀਰੀ ਅਤੇ ਪੀਰੀ ਦੇ ਦੋ ਨਿਸ਼ਾਨ ਸਾਹਿਬ ਝੁਲਾਏ। 


rajwinder kaur

Content Editor rajwinder kaur