ਪੜ੍ਹੋ ਗੁਰਦੁਆਰਾ ਸ੍ਰੀ ਪੱਥਰ ਸਾਹਿਬ (ਲੇਹ) ਦਾ ਇਤਿਹਾਸ, ਜਿੱਥੇ ਪਹਿਲੇ ਪਾਤਸ਼ਾਹ ਜੀ ਨੇ ਚਰਨ ਪਾਏ
8/9/2021 1:55:32 PM

ਗੁਰਬਾਣੀ ਵਿੱਚ ‘ਗੁਰੂ’ ਸ਼ਬਦ ਅਧਿਆਪਕ/ਉਸਤਾਦ/ਮਾਹਿਰ ਲਈ ਵਰਤਿਆ ਗਿਆ ਹੈ ਪਰੰਤੂ ਇਹ ਗੁਰੂ ਸ਼ਬਦ ਦੀ ਵਰਤੋਂ ਬਹੁਤ ਹੀ ਸੀਮਿਤ ਹੈ। ਗੁਰਬਾਣੀ ਵਿੱਚ ਕਰਨੀ ਵਾਲੇ ਸਾਧ/ਸੰਤ ਜਾ ਬਾਣੀ ਪੜ੍ਹਨ ਵਾਲੇ ਲਈ ‘ਗੁਰੂ’ ਸ਼ਬਦ ਦੀ ਵਰਤੋਂ ਬਿਲਕੁਲ ਵੀ ਨਹੀਂ ਹੋਈ। ਗੁਰੂ ਦੀ ਵਰਤੋਂ ਸਿਖ ਗੁਰੂ ਸਾਹਿਬਾਨ ਵਾਸਤੇ ਹੋਈ ਹੈ ਪਰੰਤੂ ਉਹ ਕੇਵਲ ਉਹਨਾਂ ਦੇ ਅਤੀ-ਸਤਿਕਾਰਿਤ ਉਸਤਾਦ/ਮਾਹਿਰ ਹੋਣ ਵਜੋਂ ਹੀ ਹੋਈ ਹੈ।
ਗੁਰਬਾਣੀ ਵਿੱਚ ਸ਼ਾਮਲ ਭੱਟ ਸਾਹਿਬਾਨ ਦੀਆਂ ਰਚਨਾਵਾਂ ਵਿੱਚ ਸਿਖ ਗੁਰੂ ਸਾਹਿਬਾਨ ਨੂੰ ‘ਗੁਰ’ ਅਤੇ ‘ਸਤਿਗੁਰੂ’ ਵਰਗੇ ਸ਼ਬਦਾਂ ਨਾਲ ਉਚਾਰਿਆ ਗਿਆ ਹੈ। ਭੱਟ ਸਾਹਿਬਾਨ ਦਾ ਕੰਮ ਹੀ ਵਡਿਆਈ ਕਰਨ ਦਾ ਹੁੰਦਾ ਸੀ ਅਤੇ ਸਿੱਖ ਗੁਰੂ ਸਾਹਿਬਾਨ ਆਪਣੇ ਲਾਸਾਨੀ ਗੁਣਾਂ ਕਰਕੇ ਵਡਿਆਈ ਦੇ ਹੱਕਦਾਰ ਵੀ ਸਨ। ਭਾਈ ਗੁਰਦਾਸ ਨੇ ਵੀ ਨਾਨਕ ਲਈ ‘ਸਤਿਗੁਰ’ ਇਹਨਾਂ ਅਰਥਾਂ ਵਿੱਚ ਹੀ ਵਰਤਿਆ ਹੈ। ਅਸਲ ਅਰਥਾਂ 'ਚ ਦੱਸੇ ਗੁਰੂ ਗੁਰੂ ਕਹਾਉਣ ਦੀ ਸਮਰੱਥਾ ਰੱਖਦੇ ਸਨ। ਸਿੱਖ ਧਰਮ ਦੇ ਸਭ ਤੋਂ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਸਨ ,ਜਿਨ੍ਹਾਂ ਨੇ ਭਟਕੀ ਹੋਈ ਲੋਕਾਈ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ। ਅੱਜ ਜਿੱਥੇ ਜਾਣ ਲਈ ਅਸੀਂ ਹਵਾਈ ਜਹਾਜ਼ ਜਾ ਹੈਲੀਕਾਪਟਰ ਦੀ ਵਰਤੋਂ ਕਰਦੇ ਹਾਂ ,ਗੁਰੂ ਸਾਹਿਬ ਪੈਦਲ ਹੀ ਚਲੇ ਗਏ ,ਸਿਰਫ਼ ਉਨ੍ਹਾਂ ਨੂੰ ਅਕਾਲ ਪੁਰਖ ਦਾ ਹੀ ਆਸਰਾ ਸੀ
ਇਸੇ ਤਰ੍ਹਾਂ ਉਦਾਸੀ ਕਰਦਿਆਂ ਗੁਰੂ ਸਾਹਿਬ ਸ੍ਰੀਨਗਰ ਵਲ ਗਏ। ਲੇਹ ਤੋਂ 25 ਕਿ.ਮੀ. ਸ੍ਰੀਨਗਰ ਵਾਲੇ ਪਾਸੇ ਗੁਰੂ ਜੀ ਨੇ ਆਪਣੇ ਪਾਵਨ ਚਰਨਾਂ ਦੀ ਛੋਹ ਨਾਲ ਦੂਜੀ ਉਦਾਸੀ ਵੇਲੇ ਇਸ ਅਸਥਾਨ ਨੂੰ ਭਾਗ ਲਾਏ, ਇਤਿਹਾਸ ਮੁਤਾਬਕ ਪਹਾੜੀ 'ਤੇ ਇੱਕ ਰਾਕਸ਼ ਰਹਿੰਦਾ ਸੀ, ਜੋ ਕੇ ਇਲਾਕੇ ਦੇ ਲੋਕਾਂ ਨੂੰ ਤਸੀਹੇ ਦਿੰਦਾ ਸੀ, ਪਾਣੀ ਸਿਰ ਤੋਂ ਨਿਕਲਣ ਲੱਗਾ। ਓਸ ਸਮੇਂ ਹੀ ਗੁਰੂ ਜੀ ਓਧਰ ਉਦਾਸੀ 'ਤੇ ਸਨ ਤਾਂ ਇਲਾਕੇ ਦੇ ਲੋਕਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕੇ ਸਾਨੂੰ ਇਸ ਤੋਂ ਬਚਾਓ। ਦੱਸਦੇ ਹਨ ਕਿ ਗੁਰੂ ਜੀ ਨੇ ਬੇਨਤੀ ਸੁਣ ਕੇ ਉਹਨਾਂ ਦੀ ਮਦਦ ਕਰਨ ਦੀ ਸੋਚੀ, ਨੇੜੇ ਵਗਦੇ ਦਰਿਆ ਕੰਢੇ ਗੁਰੂ ਜੀ ਨੇ ਆਪਣਾ ਆਸਣ ਲਾਇਆ ।
ਇਹ ਵੀ ਪੜ੍ਹੋ: ਜਦੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਠੱਗ ਤੋਂ ਗੁਰਸਿੱਖ ਬਣਿਆ 'ਸੱਜਣ'
ਉਸ ਰਾਖਸ਼ ਦੇ ਗੁੱਸੇ ਦਾ ਕੋਈ ਠਿਕਾਣਾ ਨਾ ਰਿਹਾ, ਉਸਨੇ ਗੁਰੂ ਜੀ ਨੂੰ ਮਾਰਨ ਦੀ ਸੋਚੀ , ਇੱਕ ਸਵੇਰ , ਜਦੋਂ ਗੁਰੂ ਜੀ ਅਕਾਲ ਪੁਰਖ ਵਿਚ ਲੀਨ ਹੋਏ ਬੈਠੇ ਸਨ ਤਾਂ ਰਾਖਸ਼ ਨੇ ਇਕ ਭਾਰੀ ਪੱਥਰ ਗੁਰੂ ਜੀ ਉੱਤੇ ਸੁੱਟਿਆ | ਉਹ ਪੱਥਰ ਗੁਰੂ ਜੀ ਦੀ ਛੋਹ ਨਾਲ ਮੋਮ ਬਣ ਗਿਆ, ਗੁਰੂ ਜੀ ਦੀ ਪਿੱਠ ਦਾ ਨਿਸ਼ਾਨ ਪੱਥਰ ਵਿਚ ਡੂੰਘਾ ਛਪ ਗਿਆ | ਗੁਰੂ ਜੀ ਅਡੋਲ ਲੀਨ ਰਹੇ , ਰਾਖਸ਼ ਨੇ ਸੋਚਿਆ ਗੁਰੂ ਵੱਡੇ ਪੱਥਰ ਹੇਠਾਂ ਦੱਬ ਗਏ ਹੋਣਗੇ , ਉਸ ਨੇ ਹੇਠਾਂ ਆ ਕੇ ਗੁਰੂ ਜੀ ਨੂੰ ਠੀਕ ਦੇਖਿਆ ਤਾਂ ਬਹੁਤ ਹੈਰਾਨ ਹੋਇਆ | ਗੁੱਸੇ ਨਾਲ ਉਸਨੇ ਪੱਥਰ ਨੂੰ ਪੈਰ ਦੀ ਠੋਕਰ ਮਾਰੀ , ਉਸਦਾ ਪੈਰ ਮੋਮ ਬਣੇ ਪੱਥਰ ਵਿਚ ਧਸ ਗਿਆ | ਫਿਰ ਉਸ ਨੂੰ ਆਪਣੀ ਭੁੱਲ ਦਾ ਪਤਾ ਲੱਗਾ ਤਾਂ ਉਹ ਗੁਰੂ ਜੀ ਦੇ ਚਰਨਾਂ 'ਤੇ ਡਿੱਗ ਕੇ ਮਾਫੀ ਮੰਗਣ ਲੱਗਾ, ਗੁਰੂ ਜੀ ਨੇ ਉਸ ਰਾਖਸ਼ 'ਤੇ ਮਿਹਰ ਦੀ ਦ੍ਰਿਸ਼ਟੀ ਪਾ ਕੇ ਰਾਖਸ਼ ਤੋਂ ਦੇਵਤਾ ਬਣਾ ਕੇ ਮਾਨਵ – ਸੇਵਾ ਵਿਚ ਲਾਇਆ , ਆਪ ਕਾਰਗਿਲ , ਸ੍ਰੀਨਗਰ ਨੂੰ ਚਾਲੇ ਪਾ ਦਿੱਤੇ। ਗੁਰੂ ਜੀ ਇਲਾਕੇ ਵਿਚ ਹਰਮਨ ਪਿਆਰੇ ਹੋ ਗਏ , ਇਲਾਕੇ ਦੇ ਲੋਕਾਂ ਨੇ ਆਪ ਨੂੰ “ਨਾਨਕ ਲਾਮਾ” ਕਹਿਣਾ ਸ਼ੁਰੂ ਕਰ ਦਿੱਤਾ | ਗੁਰੂ ਜੀ ਦੀ ਛੋਹ ਵਾਲਾ ਪਵਿੱਤਰ ਪੱਥਰ ਗੁ: ਸਾਹਿਬ ਅੰਦਰ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਬਿਤ ਹੈ ।
ਲੇਹ ਰੋਡ ਤੋਂ ਲੇਹ ਤੋਂ 25 ਕਿ.ਮੀ. ਸ੍ਰੀਨਗਰ ਵਾਲੇ ਪਾਸੇ ਸਥਿਤ ਹੈ , ਇਹ ਪਾਵਨ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਦੀਵੀ ਯਾਦ ਵਿਚ ਬਣਾਇਆ ਗਿਆ ਹੈ , ਜਿਹਨਾਂ ਨੇ ਆਪਣੇ ਪਾਵਨ ਚਰਨਾਂ ਦੀ ਛੋਹ ਨਾਲ ਦੂਜੀ ਉਦਾਸੀ ਵੇਲੇ ਇਸ ਅਸਥਾਨ ਨੂੰ ਭਾਗ ਲਾਏ , ਗੁਰੂ ਨਾਨਕ ਦੇਵ ਜੀ ਸ੍ਰੀਨਗਰ ਜਿਸ ਵੇਲੇ ਪਧਾਰੇ, ਤਦ ਹਰੀ ਪਰਬਤ 'ਤੇ ਵਿਰਾਜੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਪੁਰਾਣੇ ਸਿੱਖਾਂ ਤੋਂ ਠੀਕ ਥਾਂ ਮਾਲੂਮ ਕਰਕੇ ਹਰੀ ਪਰਬਤ ਦੇ ਕਿਲ੍ਹੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਯਾ ਅਤੇ ਸੇਵਾ ਲਈ ਗਰੰਥੀ ਮੁਕੱਰਰ ਕੀਤਾ , ਜੋ ਵਰਤਮਾਨ ਸਮੇਂ ਭੀ ਰਿਆਸਤ ਵਲੋਂ ਹੈ । ਮਹਾਰਾਜਾ ਗੁਲਾਬ ਸਿੰਘ ਨੇ ਗੁਰਦਾਵਾਰੇ ਦੇ ਪਾਸ ਇੱਕ ਹਿੰਦੂ ਮੰਦਿਰ ਵੀ ਬਣਾ ਦਿੱਤਾ ਹੈ।
ਮਟਨ ਤੀਰਥ ਜੋ ਗਯਾ ਤੁੱਲ ਮੰਨਿਆ ਗਿਆ ਹੈ, ਜਿਸ ਦਾ ਨਿਰਮਲ ਜਲ ਅਖੰਡ ਵਗਦਾ ਰਹਿੰਦਾ ਹੈ , ਉਸ ਦੇ ਕਿਨਾਰੇ ਵਿਰਾਜ ਕੇ ਯਾਤਰੂਆਂ ਨੂੰ ਪਰਮਾਰਥ ਉਪਦੇਸ਼ ਦਿੱਤਾ। ਗੁਲਮਰਗ ਤੋਂ ਉੱਪਰ ਇੱਕ ਪਹਾੜੀ ਹੈ , ਜਿੱਥੇ ਸੁੰਦਰ ਤਲਾਉ ਹੈ , ਉੱਥੇ ਭੀ ਚਰਨ ਪਾਏ ਹਨ। ਹਰਮੁਖ ਗੰਗਾ , ਜੋ ਸ੍ਰੀਨਗਰ ਅਤੇ ਬਾਰਾਂਮੂਲਾ ਦੇ ਮੱਧ ਜੇਹਲਮ ਪਾਰ ਹੈ , ਉਸ ਥਾਂ ਭੀ ਗੁਰੂ ਨਾਨਕ ਦੇਵ ਜੀ ਵਿਰਾਜੇ ਹਨ। ਕਲਿਆਨਸਰ , ਜਿੱਥੇ ਜਲ ਦਾ ਨਿਰਮਲ ਸੋਮਾ ਹੈ , ਜਗਤਗੁਰੂ ਨੇ ਆਪਣੇ ਚਰਨਾਂ ਨਾਲ ਪਵਿੱਤ੍ਰ ਕੀਤਾ ਹੈ। ਇੱਥੇ ਭਾਈ ਮੋਹਰ ਸਿੰਘ ਜੀ ਪੁਣਛ ਵਾਲਿਆਂ ਨੇ ਗੁਰਦੁਆਰਾ ਸਾਹਿਬ ਬਣਵਾ ਦਿੱਤਾ ਹੈ। ਇਹ ਥਾਂ ਕਸ਼ਮੀਰ ਦੀ ਪੱਕੀ ਸੜਕ ਦੇ 38 ਵੇਂ ਮੀਲ ਤੋਂ ਸੱਜੇ ਪਾਸੇ ਸੱਤ ਮੀਲ ਦੀ ਵਿੱਥ 'ਤੇ ਹੈ।
ਅਵਤਾਰ ਸਿੰਘ ਆਨੰਦ