ਸਮੁੱਚੀ ਮਾਨਵਤਾ ਲਈ ਸਰਬ ਸਾਂਝੀਵਾਲਤਾ ਦੇ ਉਪਦੇਸ਼ ਦੇ ਦਾਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’

8/19/2020 11:48:31 AM

ਸ਼ਬਦ ਅਵਤਾਰ ਚਵਰ ਛੱਤਰ ਤਖ਼ਤ ਦੇ ਮਾਲਕ, ਸਮੁੱਚੀ ਮਾਨਵਤਾ ਲਈ ਸਰਬ ਸਾਂਝੀਵਾਲਤਾ ਦੇ ਉਪਦੇਸ਼ ਦੇ ਦਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਿੱਖ ਪੰਥ ਵਲੋਂ ਚਾਰ ਸੌ ਸੋਲ੍ਹਵਾਂ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਹੈ। ਜਦੋਂ ਗੁਰੂਘਰ ਦਾ ਦੋਖ਼ੀ ਮੀਣਾ ਪ੍ਰਿਥੀ ਚੰਦ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਗੁਰਤਾਗੱਦੀ ਨਾ ਖੋਹ ਸਕਿਆ ਤਾਂ ਉਸਨੇ ਗੁਰੂ ਸਾਹਿਬ ਜੀ ਦੇ ਨਾਮ ’ਤੇ ਕੱਚੀ ਬਾਣੀ ਰਚਕੇ ਸਿੱਖਾਂ ਨੂੰ ਆਪਣੇ ਪਿੱਛੇ ਲਾਉਣਾ ਸ਼ੁਰੂ ਕਰ ਦਿੱਤਾ ।

ਮਿਹਰਵਾਨ ਪੁਤ ਪ੍ਰਿਥੀਏ ਕਾ ਕਬੀਸ਼ਰੀ ਕਰੇ।
ਪਾਰਸੀ, ਹਿੰਦਵੀ, ਸੰਸਕ੍ਰਿਤ ਨਾਲੇ ਗੁਰਮੁਖੀ ਪੜ੍ਹੇ।
ਤਿਨ ਭੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ।
ਡੂਮ ਲਗੇ ਸ਼ਬਦ ਮੀਣਿਆਂ ਦੇ ਗਾਵਨਿ।
ਦੂਯਾ ਦਰਬਾਰਿ ਗੁਰਿਆਈ ਦਾ ਵੱਡਾ ਲਗੇ ਬਣਾਵਨਿ।
ਇਥੇ ਕਿਸੇ ਸਿੱਖ ਸ਼ਬਦ ਮਿਹਰਵਾਨ ਦਾ ਕੀਰਤਨ ਵਿਚ ਪੜ੍ਹਿਆ।
ਸੋ ਸਰਵਣੀ ਗੁਰੂ ਅਰਜਨ ਦੇਵ ਜੀ ਦੀ ਪਰਿਆ।

ਬਚਨ ਕੀਤਾ:
ਭਾਈ ਗੁਰਦਾਸ! ਗੁਰੂ ਦੀ ਬਾਣੀਂ ਜੁਦਾ ਕਰੀਏ।
ਮੀਣੇਂ ਪਾਂਦੇ ਨੇ ਰਲਾ ਸੇ ਵਿਚਿ ਰਲਾ ਨਾ ਧਰੀਏ

(ਕੇਸਰ ਸਿੰਘ ਛਿੱਬਰ_ਬੰਸਾਵਲੀਨਾਮਾ)

ਪੰਚਮ ਪਾਤਸ਼ਾਹ ਜੀ ਨੇ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਤੋਂ ਗੋਇੰਦਵਾਲ ਸਾਹਿਬ ਤੋਂ ਗੁਰਬਾਣੀ ਦੀਆਂ ਪੁਰਾਤਨ ਪੋਥੀਆਂ ਲਿਆਂਦੀਆਂ ਜੋ ਭਾਈ ਸਹੰਸ ਰਾਮ ਜੀ ਨੇ ਤਿਆਰ ਕੀਤੀਆਂ ਸਨ।

ਸੰਮਤ 1657 ਸੰਨ੍ਹ 1600 ਈ: ਵਿਚ ਗੁਰਦੁਆਰਾ ਰਾਮਸਰ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੇ ਪਿਆਰੇ ਸਿੱਖ ਭਾਈ ਗੁਰਦਾਸ ਜੀ ਨੇ ਬੀੜ ਸੰਪਾਦਨਾ ਦੀ ਸੇਵਾ ਆਰੰਭੀ। ਪੰਜ ਗੁਰੂ ਸਾਹਿਬ ਜੀ, ਪੰਦਰਾਂ ਭਗਤ, ਗਿਆਰਾਂ ਭੱਟ ਅਤੇ ਗੁਰੂ ਕੇ ਸਿੱਖਾਂ ਦੀ ਬਾਣੀ ਦਰਜ ਕੀਤੀ ਬਿਕ੍ਰਮੀ ਸੰਮਤ 1661 ਸੰਨ੍ਹ 1604 ਈ: ਵਿਚ ਸੰਪੂਰਨਤਾ ਹੋਈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹਿਲਾ ਪ੍ਰਕਾਸ਼ ਕੀਤਾ ਗਿਆ। ਇਸ ਮੌਕੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ।

ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਕੋਲੋਂ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕਰਵਾਈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ 1430 ਅੰਗਾਂ ਵਿਚ ਸੰਪੂਰਨ ਕੀਤਾ। ਗੁਰੂ ਸਾਹਿਬ ਜੀ ਦੀ ਬਾਣੀ ਨੂੰ ਦਰਸਾਉਣ ਲਈ ਮਹਲਾ ਸ਼ਬਦ ਵਰਤਿਆ। ਪਾਵਨ ਬਾਣੀ ਨੂੰ 31 ਮੁੱਖ ਰਾਗਾਂ ਵਿਚ ਅਤੇ 34 ਉੱਪ ਰਾਗਾਂ ਦੀ ਲੜੀ ਵਿਚ ਪਰੋਇਆ ਗਿਆ। ਗੁਰੂ ਸਾਹਿਬ ਜੀ ਅਤੇ ਸੰਤਾਂ ਭਗਤਾਂ ਦੀ ਇਹ ਬਾਣੀ ਭਾਸ਼ਾਵਾਂ ਦਾ ਸਗ੍ਰਹਿ ਹੈ। ਸਿੱਖ ਪ੍ਰੰਪਰਾ ਅਨੁਸਾਰ ਗੁਰੂ ਸ਼ਬਦ ਸਿਰਫ਼ ਦਸ ਪਾਤਸ਼ਾਹੀਆਂ ਲਈ ਹੀ ਵਰਤਿਆ ਗਿਆ ਹੈ ਪਰ ਜਦੋਂ ਦਸਮ ਪਾਤਸ਼ਾਹ ਦੱਖਣ ਦੇਸ਼ ਨਾਦੇੜ ਪਹੁੰਚੇ ਤਾਂ ਉਨ੍ਹਾਂ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਹੁਕਮ ਕੀਤਾ...

ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ।
ਸਭ ਸਿਖਨ ਕੋ ਹੁਕਮੁ ਹੈ, ਗੁਰੂ ਮਾਨਿਓ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭ ਕੋ ਮਿਲ ਬਹੁ ਚਹੈ ਖੋਜ ਸ਼ਬਦ ਮੇ ਲੇਹਿ।

ਅਤੇ ਮਹਾਰਾਜ ਜੀ ਨੇ ਆਪ ਧੁਰ ਕੀ ਬਾਣੀ ਨੂੰ ਪੰਜ ਪੈਸੇ ਨਾਰੀਅਲ ਰੱਖ ਕੇ ਨਮਸ਼ਕਾਰ ਕੀਤੀ ਸਿੱਖਾਂ ਨੂੰ ਸਦਾ ਲਈ ਸ਼ਬਦ ਗੁਰੂ ਦੇ ਲੜ੍ਹ ਲਾਇਆ।

ਸਿੱਖ ਪੰਥ ਦੇ ਸਦੀਆਂ ਦੇ ਇਤਿਹਾਸ ਵਿਚ ਸਿੱਖਾਂ ਲਈ ਚਾਹੇ 17ਵੀਂ ਸਦੀ ਦਾ ਜੰਗਾਂ ਯੁੱਧਾਂ ਦਾ ਕਠਿਨ ਸਮਾਂ ਸੀ। ਚਾਹੇ ਵਿਸ਼ਵ ਯੁੱਧ ਵਰਗੇ ਘਾਤਕ ਹਾਲਾਤ ਜਾਂ ਅਜੋਕਾ ਮਨੁੱਖੀ ਕਦਰਾਂ ਕੀਮਤਾਂ ਤੋਂ ਸੱਖਣਾ ਯੁੱਗ ਪਰ ਏਨਾ ਸਭ ਹਾਲਾਤਾਂ ਵਿਚ ਗੁਰੂ ਕੇ ਸਿੱਖਾਂ ਲਈ ਸਭ ਤੋਂ ਸਰਵੋਤਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ।

ਵਾਹੁ ਵਾਹੁ ਬਾਣੀ ਨਿੰਰਕਾਰ ਹੈ।
ਤਿਸੁ ਜੇਵਡੁ ਅਵਰ ਨਾ ਕੋਇ ।

ਜਿੰਨੇ ਵੱਖ-ਵੱਖ ਰਚਨਹਾਰੇ ਹਨ, ਉਨ੍ਹੀਆਂ ਹੀ ਹਨ। ਇਸ ਵਿੱਚ ਰਾਗ ਤੇ ਰਾਗਨੀਆਂ। ਸਾਰੇ ਮਜ਼ਮੂਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਕਾਵਿ-ਰੂਪਾਂ ਵਿੱਚ ਪ੍ਰਗਟਾਇਆ ਹੈ। 31 ਰਾਗ ਵਰਤੇ ਗਏ ਹਨ। ਉਨ੍ਹਾਂ ਨੂੰ ਪਦਿਆਂ, ਅਸਟਪਦੀਆਂ ਤੇ 4 ਲਾਇਨਾਂ ਵਾਲੇ ਸਲੋਕਾਂ ਵਿੱਚ ਕਲਮਬੰਦ ਕੀਤਾ ਹੈ। ਲੰਬੀਆਂ ਰਚਨਾਵਾਂ ਵਾਰਾਂ ਦੇ ਰੂਪ ਵਿੱਚ ਹਨ। ਇਨ੍ਹਾਂ ਸਭ ਰਚਨਾਵਾਂ ਨੂੰ ਰਾਗਾਂ ਦੇ ਅਧਿਆਇਆਂ ਵਿੱਚ ਕਰਤੇ ਦੇ ਕ੍ਰਮ ਅਨੁਸਾਰ ਰਖਿਆ ਗਿਆ ਹੈ। 1430 ਅੰਗਾਂ ਵਾਲੀ ਬੀੜ, ਜਿਸ ਨੂੰ ਸਿਖਾਂ ਦੀ ਪ੍ਰਤਿਨਿਧ ਸਭਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਰੂਪ ਵਿੱਚ ਛਾਪਣ ਦੀ ਮਾਨਤਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ (ਗੁਰਤਾ ਗੱਦੀ) ਬਾਰੇ ਭੱਟ ਵਹੀ (ਤਾਲੁਦਾ ਜੀਂਦ ਪਰਗਨੇ ਦਾ) ਵਿੱਚ ਇਉਂ ਦਰਜ ਹੈ:-

“ਸ੍ਰੀ ਗੁਰੂ ਗੋਬਿੰਦ ਸਿੰਘ ਮਹਿਲ ਦਸਮਾਂ ਬੇਟਾ ਗੁਰੂ ਤੇਗ ਬਹਾਦੁਰ ਕਾ ਪੋਤਾ ਸ੍ਰੀ ਹਰਿਗੋਬਿੰਦ ਜੀ ਕਾ ਪੜਪੋਤਾ ਸ੍ਰੀ ਗੁਰੂ ਅਰਜਨ ਕਾ ਵਾਰਿਸ ਸ੍ਰੀ ਗੁਰੂ ਰਾਮਦਾਸ ਜੀ ਕੀ ਸੂਰਜਬੰਸਿ ਗੋਸਾਲ ਗੋਤਰ ਸੋਢੀ ਖਤਰੀ ਵਾਸੀ ਆਨੰਦਪੁਰ ਪਰਗਨਾ ਕਹਿਲੂਰ ਮੁਕਾਮ ਨੰਦੇੜ ਤਟ ਗੁਦਾਵਰੀ ਦਖਣ ਦੇਸ ਸੰਮਤ ਸਤਾਰਾ ਸੌ ਪੈਂਸਠ ਕਾਤਿਕ ਮਾਸ ਕੀ ਚੌਥ ਸ਼ੁਕਲ ਪਖੇ ਬੂਦਵਾਰ ਕੇ ਦਿਹੁਰੀ ਭਾਈ ਦਇਆ ਸਿੰਘ ਸੇ ਬਚਨ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਆਓ। ਬਚਨ ਪਾਇ ਦਇਆ ਸਿੰਘ ਸ੍ਰੀ ਗਰੰਥ ਸਾਹਿਬ ਜੀ ਲੈ ਤਾਏ। ਗੁਰੂ ਜੀ ਨੇ ਪੰਜ ਪੈਸੇ ਨਰੇਲ ਅਗੇ ਭੇਟਾ ਰਖਾ ਮਥਾ ਟੇਕਾ ਸਰਬਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰਿ ਜਗ੍ਹਾ ਸ੍ਰੀ ਗ੍ਰੰਥ ਜਿ ਕੋ ਜਾਨਣਾ। ਜੋ ਸਿਖ ਜਾਣੇਗਾ ਓਸ ਕੀ ਘਾਲ ਥਾਏ ਪਵੇਗੀ ਗੁਰੂ ਤਿਸ ਕੀ ਬਹੁੜੀ ਕਰੇਗਾ।“

ਸ਼ਮਸ਼ੇਰ ਸਿੰਘ ਜੇਠੂਵਾਲ
9988114061


rajwinder kaur

Content Editor rajwinder kaur