ਗੁਰਤਾ ਗੱਦੀ ਦਿਹਾੜਾ : ਕੋਮਲ ਹਿਰਦੇ ਦੇ ਮਾਲਕ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਇ ਜੀ

4/8/2021 4:05:55 PM

ਸੱਤਵੇਂ ਪਾਤਸ਼ਾਹ ਧੰਨ ਧੰਨ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਦੀ ਧਰਤੀ ’ਤੇ ਸਨ 1630 ਈਸਵੀ ਨੂੰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਹੋਇਆ। ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਵੱਡੇ ਪੁੱਤਰ ਸਨ। ਇਸ ਹਿਸਾਬ ਨਾਲ ਗੁਰੂ ਹਰਿਰਾਇ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਿਸ਼ਤੇ ਵਿੱਚ ਪੋਤਰੇ ਲੱਗਦੇ ਸਨ। ਜਿਸ ਸਮੇਂ ਗੁਰੂ ਜੀ ਦਾ ਪ੍ਰਕਾਸ਼ ਹੋਇਆ, ਉਸ ਸਮੇਂ ਛੇਵੇਂ ਪਾਤਸ਼ਾਹ ਜੀ ਗੁਰਤਾਗੱਦੀ ’ਤੇ ਬਿਰਾਜਮਾਨ ਸਨ। ਤਕਰੀਬਨ ਚੌਦਾਂ ਸਾਲ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਗੁਰਮਤਿ ਦੀ ਵਿੱਦਿਆ ਪੜ੍ਹਨ ਦਾ ਸਮਾਂ ਪ੍ਰਾਪਤ ਹੋਇਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦੀ ਪੜ੍ਹਾਈ ਲਿਖਾਈ, ਗੁਰਮਤਿ ਵਿੱਦਿਆ, ਸ਼ਸਤਰ ਵਿੱਦਿਆ ਅਤੇ ਘੋੜ ਸਵਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਸੀ। ਗੁਰੂ ਜੀ ਬਹੁਤ ਘੱਟ ਉਮਰ ਵਿਚ ਹੀ ਹਰੇਕ ਪ੍ਰਕਾਰ ਦੀ ਵਿੱਦਿਆ ਵਿੱਚ ਨਿਪੁੰਨ ਹੋ ਚੁੱਕੇ ਸਨ।

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਬਹੁਤ ਸ਼ਾਂਤਮਈ ਅਤੇ ਕੋਮਲ ਹਿਰਦੇ ਦੇ ਮਾਲਕ ਸਨ। ਗੁਰੂ ਜੀ ਦੇ ਹਿਰਦੇ ਦੀ ਕੋਮਲਤਾ ਦਾ ਪਤਾ ਬਚਪਨ ਦੇ ਸਮੇਂ ’ਚ ਵਾਪਰੀ ਉਨ੍ਹਾਂ ਦੀ ਇੱਕ ਘਟਨਾ ਤੋਂ ਲੱਗਦਾ ਹੈ। ਇੱਕ ਦਿਨ ਕੀਰਤਪੁਰ ਸਾਹਿਬ ਦੀ ਧਰਤੀ ’ਤੇ ਧੰਨ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਸਵੇਰ ਸਮੇਂ ਬਾਗ ਵਿੱਚ ਟਹਿਲਣ ਵਾਸਤੇ ਗਏ ਸਨ, ਥੋੜ੍ਹੀ ਦੇਰ ਬਾਅਦ ਉਨ੍ਹਾਂ ਦੇ ਪਿੱਛੇ ਪਿੱਛੇ ਗੁਰੂ ਹਰਿਰਾਇ ਸਾਹਿਬ ਜੀ ਵੀ ਆਪਣੇ ਦਾਦਾ ਜੀ ਨੂੰ ਮਿਲਣ ਵਾਸਤੇ ਪਹੁੰਚੇ। ਉਨ੍ਹਾਂ ਨੇ ਖੁੱਲ੍ਹੇ ਆਕਾਰ ਦਾ ਚੋਲਾ ਪਹਿਨਿਆ ਹੋਇਆ ਸੀ, ਤੁਰੇ ਜਾਂਦਿਆਂ ਚੋਲੇ ਨਾਲ ਅਟਕ ਜਾਣ ਕਰਕੇ ਕੁਝ ਫੁੱਲ ਟੁੱਟ ਕੇ ਜ਼ਮੀਨ ਉੱਪਰ ਡਿੱਗ ਗਏ। ਜਦੋਂ ਗੁਰੂ ਜੀ ਨੇ ਉਨ੍ਹਾਂ ਫੁੱਲਾਂ ਨੂੰ ਟੁੱਟਾ ਹੋਇਆ ਵੇਖਿਆ ਤਾਂ ਗੁਰੂ ਜੀ ਉੱਥੇ ਹੀ ਬੈਠ ਗਏ ਅਤੇ ਉਨ੍ਹਾਂ ਦੇ ਮਨ ਵਿੱਚ ਬਹੁਤ ਅਫ਼ਸੋਸ ਹੋ ਰਿਹਾ ਸੀ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ, "ਬੇਟਾ ਜੇਕਰ ਚੋਲਾ ਖੁੱਲ੍ਹਾ ਪਹਿਨਿਆ ਹੋਵੇ ਤਾਂ ਚੋਲੇ ਨੂੰ ਸੰਕੋਚ ਕੇ ਚੱਲਣਾ ਚਾਹੀਦਾ ਹੈ।" ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਹੇ ਹੋਏ ਬਚਨਾਂ ਦੇ ਵਿੱਚ ਬੜੀ ਗਹਿਰਾਈ ਸੀ, ਉਨ੍ਹਾਂ ਦੇ ਕਹਿਣ ਦਾ ਭਾਵ ਸੀ ਕਿ ਜੇਕਰ ਪਰਮਾਤਮਾ ਕਿਸੇ ਨੂੰ ਉੱਚੀ ਪਦਵੀ ਦੇ ਦੇਵੇ ਤਾਂ ਉਸ ਇਨਸਾਨ ਨੂੰ ਸਮਝਦਾਰੀ ਨਾਲ ਸੰਸਾਰ ਵਿੱਚ ਤੁਰਨਾ ਚਾਹੀਦਾ ਹੈ, ਕਿ ਕਿਤੇ ਮੇਰੇ ਕਾਰਨ ਕਿਸੇ ਹੋਰ ਦਾ ਨੁਕਸਾਨ ਨਾ ਹੋ ਜਾਵੇ। ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਆਪਣੇ ਦਾਦਾ ਜੀ ਦੇ ਕਹੇ ਇਨ੍ਹਾਂ ਬਚਨਾਂ ਨੂੰ ਸਾਰੀ ਜ਼ਿੰਦਗੀ ਨਹੀਂ ਭੁਲਾਇਆ।

ਗੁਰੂ ਜੀ ਦਾ ਵਿਆਹ 1640 ਈ: ਨੂੰ ਮਾਤਾ ਕ੍ਰਿਸ਼ਨ ਕੌਰ (ਸੁਲੱਖਣੀ ਜੀ) ਨਾਲ ਹੋਇਆ। ਗੁਰੂ ਜੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ, ਵੱਡੇ ਪੁੱਤਰ ਬਾਬਾ ਰਾਮ ਰਾਇ ਜੀ ਸਨ ਅਤੇ ਛੋਟੇ ਪੁੱਤਰ ਦਾ ਨਾਮ ਗੁਰੂ ਹਰਿਕ੍ਰਿਸ਼ਨ ਸਾਹਿਬ ਸੀ।

ਸੰਨ 1644  ਵਿੱਚ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਏ ਤਾਂ ਉਨ੍ਹਾਂ ਨੇ ਗੁਰਤਾਗੱਦੀ ਦੇ ਯੋਗ ਜਾਣ ਕੇ ਆਪਣੇ ਪੋਤਰੇ ਧੰਨ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਤਾਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਕਿਉਂਕਿ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਇਹ ਰੀਤ ਚਲੀ ਆ ਰਹੀ ਸੀ ਕਿ ਗੁਰੂ ਸਾਹਿਬ ਜੀ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਹੀ ਆਪਣੇ ਅਗਲੇ ਉੱਤਰਾਧਿਕਾਰੀ ਨੂੰ ਗੁਰਤਾਗੱਦੀ ਦੀ ਦਾਤ ਦੇ ਦਿੰਦੇ ਸਨ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਹ ਦਾਤ ਕਿਸੇ ਰਿਸ਼ਤੇਦਾਰੀ ਦੇ ਕਾਰਨ ਨਹੀਂ ਬਲਕਿ ਕੇਵਲ ਯੋਗਤਾ ਦੇ ਆਧਾਰ ’ਤੇ ਹੀ ਦਿੱਤੀ ਜਾਂਦੀ ਸੀ।

ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਸਨ ਅਤੇ ਫ਼ੌਜਾਂ ਤਿਆਰ ਕਰਕੇ ਮੁਗਲ ਸਲਤਨਤ ਦੇ ਨਾਲ ਚਾਰ ਜੰਗਾਂ ਲੜੀਆਂ ਸਨ। ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਸਮੇਂ ਭਾਵੇਂ ਜੰਗਾਂ ਤਾਂ ਨਹੀਂ ਹੋਈਆਂ ਪਰ ਇਤਿਹਾਸ ਮੁਤਾਬਕ ਬਾਈ ਸੌ ਘੋੜ ਸਵਾਰ ਉਨ੍ਹਾਂ ਦੇ ਨਾਲ ਹਮੇਸ਼ਾਂ ਤਿਆਰ ਬਰ ਤਿਆਰ ਹੁੰਦੇ ਸਨ ਤਾਂ ਕਿ ਜੇ ਕਿਤੇ ਲੋੜ ਪੈ ਜਾਵੇ ਤਾਂ ਦੁਸ਼ਮਣ ਫ਼ੌਜਾਂ ਦੇ ਨਾਲ ਦੋ-ਦੋ ਹੱਥ ਕੀਤੇ ਜਾ ਸਕਣ।

ਗੁਰੂ ਘਰ ਦੀਆਂ ਮਹਾਨ ਵਡਿਆਈਆਂ ਵਿਚੋਂ ਇਕ ਵਡਿਆਈ ਇਹ ਵੀ ਹੈ ਕਿ ਏਥੇ ਜੇ ਕੋਈ ਆਤਮਕ ਤੌਰ ’ਤੇ ਭੁੱਖਾ ਹੋਵੇ ਤਾਂ ਉਸ ਨੂੰ ਗੁਰਬਾਣੀ ਰੂਪੀ ਆਤਮਿਕ ਲੰਗਰ (ਕਥਾ ਅਤੇ ਕੀਰਤਨ ਰੂਪ ਵਿੱਚ) ਤਿਆਰ ਬਰ ਤਿਆਰ ਮਿਲਦਾ ਹੈ ਅਤੇ ਜੇਕਰ ਕੋਈ ਸਰੀਰਕ ਤੌਰ ’ਤੇ ਭੁੱਖਾ ਹੋਵੇ ਤਾਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਤਿਆਰ ਬਰ ਤਿਆਰ ਮਿਲਦਾ ਹੈ। ਗੁਰੂ ਹਰਿਰਾਇ ਸਾਹਿਬ ਜੀ ਨੇ ਦੋਨੋਂ ਪ੍ਰਕਾਰ ਦੇ ਲੰਗਰ ਆਪਣੇ ਸਮੇਂ ਦੇ ਵਿੱਚ ਸੁਚਾਰੂ ਰੂਪ ਦੇ ਨਾਲ ਚੱਲਦੇ ਰੱਖੇ। ਇਸ ਤੋਂ ਇਲਾਵਾ ਗੁਰੂ ਹਰਿਰਾਇ ਸਾਹਿਬ ਜੀ ਦੇ ਸਮੇਂ ਗੁਰੂ ਘਰ ਦਾ ਦਵਾਖਾਨਾ ਉਸ ਸਮੇਂ ਬਹੁਤ ਮਸ਼ਹੂਰ ਸੀ। ਜਦੋਂ ਔਰੰਗਜ਼ੇਬ ਨੇ ਆਪਣੇ ਸਕੇ ਭਰਾ ਦਾਰਾ ਸ਼ਿਕੋਹ ਨੂੰ ਆਪਣੇ ਰਾਹ ਤੋਂ ਹਟਾਉਣ ਵਾਸਤੇ ਸ਼ੇਰ ਦੀ ਮੁੱਛ ਦਾ ਵਾਲ਼ ਭੋਜਨ ਵਿੱਚ ਪਾ ਕੇ ਖਵਾ ਦਿੱਤਾ ਸੀ ਤਾਂ ਦਾਰਾ ਸ਼ਿਕੋਹ ਬਹੁਤ ਜ਼ਿਆਦਾ ਬੀਮਾਰ ਹੋ ਗਿਆ ਸੀ। 

ਸ਼ਾਹੀ ਵੈਦਾਂ ਨੇ ਕਿਹਾ ਕਿ ਇਸ ਨੂੰ ਬਚਾਉਣ ਲਈ ਅਸੀਂ ਦਵਾਈ ਬਣਾ ਸਕਦੇ ਹਾਂ ਪਰ ਦਵਾਈ ਲਈ ਵਿਸ਼ੇਸ਼ ਪ੍ਰਕਾਰ ਦੀਆਂ ਜੜੀ ਬੂਟੀਆਂ ਅਤੇ ਹਰੜਾਂ ਦੀ ਲੋੜ ਹੈ। ਸਾਰੇ ਦੇਸ਼ ਵਿੱਚ ਉਨ੍ਹਾਂ ਨੇ ਫਿਰ ਕੇ ਵੇਖ ਲਿਆ ਕਿਸੇ ਵੀ ਜਗ੍ਹਾ ਤੋਂ ਉਨ੍ਹਾਂ ਨੂੰ ਉਹ ਜੜੀ ਬੂਟੀਆਂ ਪ੍ਰਾਪਤ ਨਾ ਹੋਈਆਂ। ਅਖੀਰ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ’ਤੇ ਗੁਰੂ ਹਰਿਰਾਇ ਸਾਹਿਬ ਜੀ ਦੇ ਦਵਾਖਾਨੇ ਵਿਚ ਪਹੁੰਚੇ, ਤਾਂ ਇੱਥੋਂ ਉਨ੍ਹਾਂ ਨੂੰ ਉਹ ਜੜੀ ਬੂਟੀਆਂ ਅਤੇ ਹਰੜਾਂ ਪ੍ਰਾਪਤ ਹੋਈਆਂ। ਦਾਰਾ ਸ਼ਿਕੋਹ ਠੀਕ ਹੋਣ ਤੋਂ ਬਾਅਦ ਸਤਿਗੁਰੂ ਜੀ ਦਾ ਧੰਨਵਾਦ ਕਰਨ ਕੀਰਤਪੁਰ ਸਾਹਿਬ ਵੀ ਆਇਆ। ਜੇਕਰ ਕਿਸੇ ਨੂੰ ਵੀ ਲੋੜ ਹੁੰਦੀ ਤਾਂ ਗੁਰੂ ਘਰ ਦੇ ਦਵਾਖਾਨੇ ਵਿੱਚੋਂ ਉਸ ਨੂੰ ਦਵਾਈ ਪ੍ਰਾਪਤ ਹੋ ਜਾਂਦੀ ਸੀ।

ਗੁਰੂ ਹਰਿਰਾਇ ਸਾਹਿਬ ਜੀ ਨੇ ਗੁਰਬਾਣੀ ਦਾ ਸਤਿਕਾਰ ਕਰਨ ਲਈ ਸੰਗਤ ’ਚ ਵਿਸ਼ੇਸ਼ ਪੂਰਨੇ ਪਾਏ, ਜਦੋਂ ਗੁਰੂ ਜੀ ਦੇ ਵਡੇ ਪੁੱਤਰ ਰਾਮ ਰਾਇ ਨੇ ਔਰੰਗਜ਼ੇਬ ਦੀ ਖੁਸ਼ੀ ਲੈਣ ਲਈ ਗੁਰਬਾਣੀ ਦੀ ਤੁਕ ਬਦਲੀ ਤਾਂ ਗੁਰੂ ਪਾਤਸ਼ਾਹ ਜੀ ਨੇ ਬਿਨਾਂ ਝਿਜਕ ਤੋਂ ਆਪਣੇ ਪੁੱਤਰ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ, ਕਿ ਜਿਸ ਪਾਸੇ ਉਸਦਾ ਮੁੱਖ ਹੈ, ਉਸੇ ਪਾਸੇ ਤੁਰ ਜਾਵੇ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ’ਚ ਇਕ ਬਾਗ ਬਣਵਾਇਆ, ਜਿਸਦਾ ਬਹੁਤਾ ਵਿਕਾਸ ਗੁਰੂ ਹਰਿਰਾਇ ਸਾਹਿਬ ਜੀ ਦੇ ਸਮੇਂ ਹੋਇਆ, ਉਸ ਵਿਚ ਕਈ ਤਰਾਂ ਦੇ ਫਲ ਤੇ ਜੜੀ ਬੂਟੀਆਂ ਲਗਵਾਈਆਂ ਗਈਆਂ, ਜੋ ਗੁਰੂ ਜੀ ਦੇ ਦਵਾਖਾਨੇ ਵਿਚ ਕੰਮ ਆਈਆਂ। ਗੁਰੂ ਜੀ ਦੇ ਸਮੇਂ ਕੀਰਤਪੁਰ ਸਾਹਿਬ ਦੀ ਅਬਾਦੀ ਇੰਨੀ ਵਧ ਗਈ ਕੀ ਕਈ ਬਸਤੀਆਂ ਬਣ ਗਈਆਂ। ਵੱਖ-ਵੱਖ ਥਾਵਾਂ ’ਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ 52 ਬਾਗ ਲਗਵਾਏ।  

ਗੁਰੂ ਹਰਿਰਾਏ ਸਾਹਿਬ ਜੀ ਸਰਬਤ ਸੰਗਤ ਨੂੰ ਇੱਕ ਅਕਾਲ ਪੁਰਖ ਪ੍ਰਮਾਤਮਾ ਦੀ ਬੰਦਗੀ ਕਰਨ, ਗੁਰਬਾਣੀ ਦੇ ਮੁਤਾਬਕ ਜੀਵਨ ਬਣਾਉਣ ਅਤੇ ਧਰਮ ਦੀ ਦਸਾਂ ਨਹੁੰਆਂ ਦੀ ਕਿਰਤ ਕਰਨ ਦੀ ਪ੍ਰੇਰਨਾ ਕਰਦੇ ਸਨ। ਇੱਕ ਵਾਰ ਜਦੋਂ ਭਾਈ ਨੰਦ ਲਾਲ ਪੁਰੀ ਅਤੇ ਉਨ੍ਹਾਂ ਦੇ ਪੋਤਰੇ ਭਾਈ ਹਕੀਕਤ ਰਾਏ ਗੁਰੂ ਜੀ ਨੂੰ ਮਿਲਣ ਲਈ ਆਏ ਅਤੇ ਉਨ੍ਹਾਂ ਨੇ ਉਪਦੇਸ਼ ਮੰਗਿਆ ਤਾਂ ਗੁਰੂ ਜੀ ਨੇ ਉਪਦੇਸ਼ ਦਿੰਦਿਆਂ ਤਿੰਨ ਗੱਲਾਂ ਦੀ ਮਨਾਹੀ ਕੀਤੀ...ਪਹਿਲੀ ਟੋਪੀ ਪਹਿਨਣ ਤੋਂ ਮਨਾਹੀ, ਨਸ਼ੇ ਤੋਂ ਮਨਾਹੀ ਅਤੇ ਕੇਸ ਕਤਲ ਕਰਵਾਉਣ ਦੀ ਮਨਾਹੀ। ਜਿਸ ਨੂੰ ਉਨ੍ਹਾਂ ਨੇ ਸਾਰੇ ਜੀਵਨ ਲਈ ਪੱਲੇ ਬੰਨ ਲਿਆ।

1661 ਈ: ਨੂੰ ਗੁਰੂ ਜੀ ਜੋਤੀ ਜੋਤਿ ਸਮਾਏ। ਜੋਤੀ ਜਤਿ ਸਮਾਉਣ ਤੋਂ ਪਹਿਲਾਂ ਗੁਰੂ ਜੀ ਨੇ ਆਪਣੇ ਛੋਟੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਆਓ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਹਾੜੇ ਦੇ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ’ਤੇ ਚੱਲਣ ਦਾ ਯਤਨ ਕਰੀਏ।

 

ਭਾਈ ਹਰਦੀਪ ਸਿੰਘ ਪਾਤੜਾਂ
ਮੋ:- 9779420625


rajwinder kaur

Content Editor rajwinder kaur