ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ 'ਚ ਉਸਰਿਆ ਗੁਰਦੁਆਰਾ ਤੰਬੂ ਸਾਹਿਬ ਪਾਕਿਸਤਾਨ

5/29/2021 5:19:03 PM

ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਅਸਥਾਨ ਤੋਂ ਇੱਕ ਕਿਲੋਮੀਟਰ ਦੀ ਦੂਰੀ 'ਤੇ ਗੁਰਦੁਆਰਾ ਤੰਬੂ ਸਾਹਿਬ ਸ਼ੁਸ਼ੋਭਿਤ ਹੈ। ਜਦੋਂ ਗੁਰੂ ਨਾਨਕ ਸਾਹਿਬ ਚੂਹੜਕਾਣੇ ਤੋਂ 20 ਰੁਪਏ ਦਾ ਸੱਚਾ ਸੌਦਾ ਕਰਕੇ ਵਾਪਸ ਪਰਤੇ ਤਾਂ ਪਿਤਾ ਮਹਿਤਾ ਕਾਲੂ ਜੀ ਦੇ ਡਰੋਂ ਗੁਰਦੁਆਰਾ ਤੰਬੂ ਸਾਹਿਬ ਵਾਲੀ ਥਾਂ ਸੰਘਣੇ ਵਣਾਂ ਦੇ ਝੁੰਡ ਹੇਠ ਬੈਠ ਗਏ ਸਨ। ਜਦੋਂ ਮਹਿਤਾ ਕਾਲੂ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਤਾੜਨਾ ਕੀਤੀ ਤੇ ਫਿਰ ਘਰ ਲੈ ਗਏ।  ਇਸ ਅਸਥਾਨ 'ਤੇ ਵਣ ਦਾ ਪੁਰਾਣਾ ਦਰੱਖਤ ਅੱਜ ਵੀ ਮੌਜੂਦ ਹੈ ਜੋ ਕਿ ਤੰਬੂ ਵਾਂਗ ਫੈਲਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਤੰਬੂ ਵਾਂਗ ਫੈਲੇ ਇਸੇ ਦਰੱਖਤ ਹੇਠ ਗੁਰੂ ਨਾਨਕ ਸਾਹਿਬ ਬੈਠੇ ਸਨ। ਇਹ ਵਣ ਵਿਚਕਾਰ ਤੋਂ ਉੱਚਾ ਹੈ ਪਰ ਇਸ ਦੀਆਂ ਟਾਹਣੀਆਂ ਆਲੇ ਦੁਆਲੇ ਫੈਲੀਆਂ ਹੋਈਆਂ ਤੇ ਜ਼ਮੀਨ ਨੂੰ ਛੂਹਦੀਆਂ ਹਨ।  

ਇਹ ਵੀ ਪੜ੍ਹੋ:  ਮਾਤਾ ਸੁੰਦਰੀ ਜੀ ਦੇ ਨਿਵਾਸ ਅਸਥਾਨ 'ਤੇ ਉਸਰਿਆ ਗੁਰਦੁਆਰਾ ਮਾਤਾ ਸੁੰਦਰੀ ਜੀ, ਦਿੱਲੀ

ਗੁਰੂ ਨਾਨਕ ਸਾਹਿਬ ਦੇ ਇਥੇ ਠਹਿਰਾਓ ਕਰਨ ਦੀ ਯਾਦ 'ਚ ਵਣ ਦੇ ਦਰੱਖਤ ਤੋਂ ਕੁਝ ਦੂਰੀ 'ਤੇ ਗੁਰਦੁਆਰਾ ਤੰਬੂ ਸਾਹਿਬ ਦੀ ਪੁਰਾਤਨ ਤੇ ਯਾਦਗਾਰੀ ਇਮਾਰਤ ਮੌਜੂਦ ਹੈ। ਗੁਰਦੁਆਰਾ ਤੰਬੂ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ। ਨਨਕਾਣਾ ਸਾਹਿਬ ਵਿਖੇ ਗੁਰਧਾਮ ਯਾਤਰਾ ਸਮੇਂ ਹਰ ਸਿੱਖ ਇਸ ਅਸਥਾਨ 'ਤੇ ਮੱਥਾ ਟੇਕਣ ਵਿੱਚ ਆਪਣੇ ਵੱਡੇ ਭਾਗ ਸਮਝਦਾ ਹੈ। ਗੁਰਦੁਆਰਾ ਤੰਬੂ ਸਾਹਿਬ ਦੇ ਆਲੇ ਦੁਆਲੇ ਖੁੱਲ੍ਹੀ ਜ਼ਮੀਨ ਤੇ ਯਾਤਰੂਆਂ ਦੇ ਠਹਿਰਾਉ ਤੇ ਸਹੂਲਤ ਲਈ ਸਰਾਵਾਂ ਬਣਾਈਆਂ ਗਈਆਂ ਹਨ।


Harnek Seechewal

Content Editor Harnek Seechewal