ਖਾਲਿਸਤਾਨੀ ਆਗੂਆਂ ਦਾ ਭਾਰਤ ਦੀ ਮੁੱਖ ਧਾਰਾ 'ਚ ਮੁੜਨਾ ਪੰਜਾਬ ਦੀ ਤਰੱਕੀ ਲਈ ਸ਼ੁਭ ਸੰਕੇਤ
Sunday, Jul 23, 2023 - 04:15 PM (IST)

ਚੰਡੀਗੜ੍ਹ (ਏਜੰਸੀ)- ਭਾਰਤ ਤੋਂ ਵੱਖ ਪੰਜਾਬ ਦੇਸ਼ ਬਣਾਉਣ ਲਈ ਚੱਲੇ ਸੰਘਰਸ਼ ਵਿੱਚ ਪੰਜਾਬ ਨੇ ਇੱਕ ਨਹੀ ਹਜ਼ਾਰਾਂ ਨੌਜਵਾਨਾਂ ਦੀ ਬਲੀ ਦੇ ਨਾਲ ਅਰਬਾਂ ਰੁਪਏ ਦੀ ਜੱਦੀ ਜਾਇਦਾਦ ਦੇ ਵੱਡੇ ਨੁਕਸਾਨ ਦੀ ਭਰਪਾਈ ਭਾਵੇਂ ਨਾ ਹੋ ਸਕੇ ਲੇਕਿਨ “ਕੱਲ ਦਾ ਭੁੱਲਿਆ ਜੇ ਸ਼ਾਮਾਂ ਨੂੰ ਵਾਪਸ ਆ ਜਾਵੇ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਉਸ ਨੂੰ ਗੱਲ ਨਾਲ ਲਾ ਕੇ ਸਵਾਗਤ ਕੀਤਾ ਜਾਂਦਾ ਹੈ”। ਇਹੀ ਗੱਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜੋੜੀ ਨੇ ਅਸੰਭਵ ਨੂੰ ਸੰਭਵ ਕਰ ਵਿਖਾਈ, ਜਦੋਂ ਚੋਟੀ ਦੇ ਖਾਲਿਸਤਾਨੀ ਆਗੂ ਭਾਰਤ ਦੀ ਮੁੱਖ ਧਾਰਾ ਵਿੱਚ ਬਗੈਰ ਕਿਸੇ ਸ਼ਰਤ ਤੋਂ ਸ਼ਾਂਤੀ ਪੂਰਵਕ ਜ਼ਿੰਦਗੀ ਬਸਰ ਕਰਨ ਲਈ ਮੁੜਨ ਲੱਗੇ। ਭਾਰਤ ਸਰਕਾਰ ਨੇ ਅਖੰਡ ਭਾਰਤ ਦੇ ਸੁਪਨੇ ਤੇ ਪਾਕਿਸਤਾਨ ਦੀ ਆਈ.ਐੱਸ.ਆਈ. ਸਮੇਤ ਪੱਛਮੀ ਮੁਲਕਾਂ ਦੀਆਂ ਸਰਕਾਰਾਂ ਨੂੰ ਭਾਰਤ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਤੇ ਅੱਤਵਾਦ ਨੂੰ ਸ਼ੈਅ ਦੇਣ ਤੋਂ ਵਰਜ ਕੇ ਰੱਖ ਦਿੱਤਾ ਹੈ।
ਭਾਰਤ ਤੋਂ ਵੱਖ ਦੇਸ਼ ਪੰਜਾਬ ਲਈ ਚੱਲੇ ਹਥਿਆਰਬੰਦ ਸੰਘਰਸ਼ ਨੇ ਦੋਵੇਂ ਧਿਰਾਂ ਦਾ ਪਰਿਵਾਰਾਂ ਸਮੇਤ ਬਹੁਤ ਵੱਡਾ ਨੁਕਸਾਨ ਕੀਤਾ ਹੈ ਅਤੇ ਇਸ ਦੇ ਵਿੱਚ ਆਮ ਲੋਕਾਂ ਤੋਂ ਇਲਾਵਾ ਅਖਬਾਰ ਨਵੀਸ, ਮਜ਼ਦੂਰ ਤੇ ਹੋਰ ਹਜ਼ਾਰਾਂ ਲੋਕਾਂ ਨੇ ਆਪਣੀ ਜਾਨ ਤੋਂ ਹੱਥ ਧੋ ਲਏ ਸਨ। ਇੰਗਲੈਂਡ, ਜਰਮਨ, ਕੈਨੇਡਾ, ਅਮਰੀਕਾ, ਯੂਰਪ ਆਦਿ ਦੇਸ਼ਾਂ ਵਿੱਚੋਂ ਭਾਰਤੀ ਮੁੱਖ ਧਾਰਾ ਵਿੱਚ ਮੁੜਨ ਵਾਲਿਆਂ ਵਿੱਚ ਦਲ ਖਾਲਸਾ ਦੇ ਬਾਨੀ ਮੈਂਬਰ ਰਹੇ ਠੇਕੇਦਾਰ ਜਸਵੰਤ ਸਿੰਘ, ਕੈਨੇਡਾ ਦੀਆਂ ਪੰਥਕ ਸੇਵਾਵਾਂ ਤੇ ਏਅਰ ਇੰਡੀਆ ਬੰਬ ਕਾਂਡ ਕੇਸਾਂ ਵਿੱਚ ਮੋਹਰੀ ਰਹੇ ਭਾਈ ਪ੍ਰਦੁਮਨ ਸਿੰਘ ਮਲਕ, ਜਲਾਵਤਨ ਸਰਕਾਰ ਦੇ ਰਾਸ਼ਟਰਪਤੀ ਜਥੇਦਾਰ ਸੇਵਾ ਸਿੰਘ ਲੱਲੀ, ਅਖੰਡ ਕੀਰਤਨੀ ਜਥੇ ਨਾਲ ਸੰਬੰਧਤ ਬਲਬੀਰ ਸਿੰਘ ਬੈਂਸ, ਬੱਬਰ ਖਾਲਸਾ ਜਰਮਨੀ ਦੇ ਮੁਖੀ ਹਰਦਵਿੰਦਰ ਸਿੰਘ, ਬ੍ਰਿਟਿਸ਼ ਸਿੱਖ ਕੌਂਸਲ ਦੇ ਭਾਈ ਤਰਸੇਮ ਸਿੰਘ ਦਿਉਲ, 84 ਵਿੱਚ ਲੰਡਨ ਭਾਰਤੀ ਅੰਬੈਸੀ ਨੂੰ ਅੱਗ ਲਾਉਣ ਵਾਲਾ ਜੋਗਿੰਦਰ ਸਿੰਘ ਬੱਲ, ਸਿੱਖ ਫੈਡਰੇਸ਼ਨ ਦੇ ਪਰਮਿੰਦਰ ਸਿੰਘ ਬੱਲ, ਰਜਿੰਦਰ ਸਿੰਘ ਪੁਰੇਵਾਲ, ਵੱਸਣ ਸਿੰਘ ਜੱਫਰਵਾਲ, ਰਘਬੀਰ ਸਿੰਘ, ਬਲਵਿੰਦਰ ਸਿੰਘ ਚਹੇੜੂ ਤੋਂ ਇਲਾਵਾ ਬੱਬਰ ਖਾਲਸਾ, ਦਲ ਖ਼ਾਲਸਾ, ਸਿੱਖ ਯੂਥ ਫੈਡਰੇਸ਼ਨ ਦੇ ਦਰਜਨਾਂ ਮੋਹਰੀ ਚੋਟੀ ਦੇ ਖਾੜਕੂ ਪੰਜਾਬ ਵਿੱਚ ਵਧੀਆ ਜ਼ਿੰਦਗੀ ਬਸਰ ਕਰ ਰਹੇ ਹਨ ਤੇ ਸਰਕਾਰ ਦੇ ਕਿਸੇ ਨਾ ਕਿਸੇ ਮੋਹਰੀ ਆਗੂ ਤੱਕ ਪਹੁੰਚ ਕਰ ਰਹੇ ਹਨ।
ਸੂਤਰਾਂ ਮੁਤਾਬਕ ਇੰਗਲੈਂਡ ਤੋਂ ਬੱਬਰ ਖਾਲਸਾ ਦਾ ਸਭ ਤੋਂ ਵੱਧ ਤਾਕਤਵਰ ਆਗੂ ਅੱਜ ਭਾਰਤ ਦੀ ਮੁੱਖ ਧਾਰਾ ਵਿੱਚ ਆ ਕੇ ਪੰਜਾਬ ਵਿੱਚ ਗੁਰੂਘਰਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਰਿਹਾ ਹੈ ਅਤੇ ਭਾਰਤ ਦੀ ਸਿਆਸਤ ਤੇ ਸਿੱਖ ਵੋਟਾਂ ਤੇ ਮੁਕੰਮਲ ਪ੍ਰਭਾਵ ਪਾਉਣ ਲਈ ਤੇ 2024 ਦੀਆਂ ਚੋਣਾਂ ਵਿੱਚ ਸਿੱਖ ਵੋਟ ਬੈਂਕ ਤੇ ਕਬਜ਼ਾ ਕਰਨ ਲਈ ਭਾਰਤ ਦੀ ਮੌਸਟ ਵਾਟਿੰਡ ਲਿਸਟ ਵਿੱਚ ਚੋਟੀ ਦੇ ਨਾਮਾਂ ਵਿੱਚ ਬੱਬਰ ਖਾਲਸਾ ਮੁਖੀ ਵਧਾਵਾ ਸਿੰਘ ਬੱਬਰ ਤੇ ਮਹਿਲ ਸਿੰਘ ਬੱਬਰ, ਜੋਗਾ ਸਿੰਘ ਬੱਬਰ ਬਰਮਿੰਘਮ, ਬਲਬੀਰ ਸਿੰਘ ਬੱਬਰ, ਦਲ ਖਾਲਸਾ ਦੇ ਮੁਖੀ ਗਜਿੰਦਰ ਸਿੰਘ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਭਰਾ ਲਖਬੀਰ ਸਿੰਘ ਰੋਡੇ ਤੇ ਵਿਦੇਸ਼ਾਂ ਵਿੱਚ ਚੋਟੀ ਦੇ ਆਗੂ, ਪੱਤਰਕਾਰਾਂ ਦੇ ਵੀ ਪੰਜਾਬ ਵਾਪਸ ਪਰਤਣ ਦੀਆਂ ਸੰਭਾਵਨਾਵਾਂ ਹਨ ਅਤੇ ਜੇਲ੍ਹਾਂ ਵਿੱਚ ਬੰਦ ਬੱਬਰ ਖਾਲਸਾ ਨਾਲ ਸੰਬੰਧਤ ਬੰਦੀ ਸਿੰਘਾਂ ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਉਪਰੰਤ ਹੋਰ ਆਗੂ ਵੀ ਜਲਦੀ ਭਾਰਤ ਆਉਣਗੇ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ’ਚ ਖਾਲਿਸਤਾਨੀਆਂ ਨੇ ਮੁੜ ਜਾਰੀ ਕੀਤਾ ਭਾਰਤ ਵਿਰੋਧੀ ਪੋਸਟਰ, ਟਰੂਡੋ ਸਰਕਾਰ ਨੇ ਬੰਦ ਕੀਤੀਆਂ ਹਨ ਅੱਖਾਂ
ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਵਿਗੜਦੀ ਆਰਥਿਕ ਅਵਸਥਾ ਕਾਰਨ ਬਹੁਤੇ ਸ਼ਰਨ ਲਈ ਬੈਠੇ ਖਾੜਕੂਆਂ ਵੱਲੋਂ ਆਪਣੀਆਂ ਬਣਾਈਆਂ ਕਰੋੜਾਂ ਰੁਪਈਆ ਦੀਆਂ ਕੋਠੀਆਂ, ਭੱਠਿਆਂ ਤੇ ਹੋਰ ਬਿਜਨੈਸ਼ ਨੂੰ ਵੇਚਣ 'ਤੇ ਲਾਇਆ ਹੋਇਆ ਹੈ ਤਾਂ ਜੋ ਪੰਜਾਬ ਆ ਕੇ ਬਾਕੀ ਰਹਿੰਦੀ ਜ਼ਿੰਦਗੀ ਨੂੰ ਸੌਖਿਆਂ ਬਿਤਾਇਆ ਜਾ ਸਕੇ ਤੇ ਵਿਦੇਸ਼ਾਂ ਵਿੱਚ ਸ਼ਰਨਾਰਥੀਆਂ ਵਾਂਗੂੰ ਜ਼ਿੰਦਗੀ ਬਸਰ ਕਰ ਰਹੇ ਪਰਿਵਾਰ ਨੂੰ ਮੁੜ ਤੋਂ ਆਪਣੀਆਂ ਜੜਾਂ ਨਾਲ ਜੋੜਿਆ ਜਾ ਸਕੇ। ਭਾਵੇਂ ਕਿ ਰਾਸ਼ਟਰੀ ਸਿੱਖ ਸੰਗਤ ਦੇ ਮਰਹੂਮ ਪ੍ਰਧਾਨ ਰੂਲਦਾ ਸਿੰਘ ਦੇ ਅਖੰਡ ਭਾਰਤ ਤੇ ਖਾਲਿਸਤਾਨ ਆਗੂਆਂ ਨੂੰ ਭਾਰਤ ਵਾਪਸ ਲਿਜਾਉਣ ਦੇ ਕੀਤੇ ਕੰਮਾਂ ਨੂੰ ਬੂਰ ਪੈ ਗਿਆ ਹੈ। ਜ਼ਿਕਰਯੋਗ ਹੈ ਕਿ ਰੁਲਦਾ ਸਿੰਘ ਵੱਲੋਂ ਇੰਗਲੈਂਡ , ਪਾਕਿਸਤਾਨ , ਯੂਰਪ ਵਿੱਚ ਚੋਟੀ ਦੇ ਆਗੂਆਂ ਨਾਲ ਕੀਤੀਆਂ ਮੀਟਿੰਗਾਂ ਤੇ ਭਾਰਤ ਵਾਪਸੀ ਲਈ ਕੀਤੀ ਚਾਰਜੋਈ ਤੇ ਮੁੜ ਵਸੇਵੇ ਲਈ ਚੰਗਾ ਹੁੰਗਾਰਾ ਭਰਿਆ ਗਿਆ ਸੀ ਪਰ ਉਸ ਦੇ ਹੋਏ ਅਚਾਨਕ ਕਤਲ ਨਾਲ ਸਾਰਾ ਸਿਸਟਮ ਥੰਮ ਰੁ੍ੱਕ ਗਿਆ ਪਰ ਮੋਦੀ ਸਰਕਾਰ ਦੀ ਵਿਦੇਸ਼ਾਂ ਵਿੱਚ ਵੱਧਦੀ ਲੋਕਪ੍ਰਿਅਤਾ ਤੇ ਅਖੰਡ ਭਾਰਤ ਲਈ ਨਿਭਾਈ ਲਈ ਰੁਲਦਾ ਸਿੰਘ ਦੀ ਨਿਭਾਈ ਭੂਮਿਕਾ ਤੇ ਦਿੱਤੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਖਾਲਿਸਤਾਨੀ ਰੁਲਦਾ ਸਿੰਘ ਦੇ ਸੰਪਰਕ ਵਿੱਚ ਸਨ
ਪਾਕਿਸਤਾਨ ਵਿੱਚ ਰਹਿ ਰਹੇ ਬੱਬਰ ਖਾਲਸਾ ਮੁਖੀ ਵਧਾਵਾ ਸਿੰਘ ਬੱਬਰ, ਦਲ ਖਾਲਸਾ ਦੇ ਬਾਨੀ ਮੈਂਬਰ ਗਜਿੰਦਰ ਸਿੰਘ, ਨਾਲ ਮਨਮੋਹਨ ਸਿੰਘ ਖਾਲਸਾ ਨਾਲ ਇੱਕ ਹੋਟਲ ਵਿੱਚ ਮੁਲਾਕਾਤ ਕੀਤੀ ਗਈ ਸੀ ਤੇ ਬੱਬਰ ਖ਼ਾਲਸਾ ਦੇ ਅਵਤਾਰ ਸਿੰਘ ਸੰਘੇੜਾ, ਜੋਗਾ ਸਿੰਘ ਬਰਮਿੰਘਮ, ਸਿੱਖ ਫੈਡਰੇਸ਼ਨ ਦੇ ਅਮਰੀਕ ਸਿੰਘ ਗਿੱਲ, ਕੁਲਦੀਪ ਸਿੰਘ ਚੇਹੜੂ, ਲਵਸਿੰਦਰ ਸਿੰਘ ਡੱਲੇਵਾਲ, ਜਰਮਨ ਤੋਂ ਗੁਰਮੀਤ ਸਿੰਘ ਘਨਿਆਣ, ਗੁਰਮੀਤ ਸਿੰਘ ਗੁਰਾਈਆ, ਪਾਲ ਸਿੰਘ ਫਰਾਂਸ, ਜਸਪਾਲ ਸਿੰਘ ਜਨੇਵਾ, ਪਰਮਜੀਤ ਸਿੰਘ ਪੰਮਾ ਆਦਿ ਸੰਪਰਕ ਵਿੱਚ ਸਨ ਤਾਂ ਜੋ ਪੰਜਾਬ ਵਿੱਚ ਪਏ ਕੇਸਾਂ ਨੂੰ ਖਤਮ ਕਰ ਪਰਿਵਾਰਾਂ ਨੂੰ ਮਿਲਿਆ ਜਾ ਸਕੇ ਤੇ ਅਜ਼ਾਦੀ ਨਾਲ ਘੁੰਮਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।