ਭਾਜਪਾ ਦੇ ਆਪਰੇਸ਼ਨ ਲੋਟਸ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ: 'ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾ ਰਹੀ ਪੰਜਾਬ ਸਰਕਾਰ'

Wednesday, Sep 14, 2022 - 06:02 PM (IST)

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਤੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਭਾਜਪਾ ਦੇ ਆਪਰੇਸ਼ਨ ਲੋਟਸ ਨੂੰ ਲੈ ਕੇ ਲਾਏ ਇਲਜ਼ਾਮ 'ਤੇ ਖੂਬ ਤੰਜ ਕਸੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਡਰਾਮੇਬਾਜ਼ੀ ਕਰ ਰਹੀ ਹੈ ਤੇ ਕਹਾਣੀਆਂ ਸੁਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਇਕ ਬਣੀ ਬਣਾਈ ਸਕਰਿਪਟ ਦੇ ਅਧੀਨ ਇਹ ਬਿਆਨਬਾਜ਼ੀ ਕਰ ਰਹੇ ਹਨ। ਵੜਿੰਗ ਨੇ ਕਿਹਾ ਕਿ 'ਆਪ' ਦੇ ਵਿਧਾਇਕਾਂ ਵੱਲੋਂ ਪੰਜਾਬ ਦੇ ਡੀ.ਜੀ.ਪੀ ਨੂੰ ਮਿਲਣਾ ਸਿਰਫ਼ ਇਕ ਘੜੀ ਘੜਾਈ ਕਹਾਣੀ ਹੈ। ਉਨ੍ਹਾਂ ਕਿਹਾ ਡੀ.ਜੀ.ਪੀ ਨੂੰ ਮਿਲਣਾ ਸਿਰਫ਼ ਇਕ ਮੀਡੀਆ ਸਟੰਟ ਹੈ।

ਇਹ ਵੀ ਪੜ੍ਹੋ : ਭਾਜਪਾ ਆਗੂ ਤਰੁਣ ਚੁੱਘ ਨੇ ਅਗਨੀਪਥ ਸਕੀਮ 'ਚ ਸਹਿਯੋਗ ਨਾ ਕਰਨ 'ਤੇ ਘੇਰੀ ਪੰਜਾਬ ਸਰਕਾਰ

ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੂੰ ਉਨ੍ਹਾਂ ਲੋਕਾਂ ਦੇ ਨਾਂ ਤੇ ਨੰਬਰ ਜਨਤਕ ਕਰਨੇ ਚਾਹੀਦੇ ਹਨ ਜਿਨ੍ਹਾਂ ਨੇ ਵਿਧਾਇਕਾਂ ਨੂੰ ਖਰੀਦਣ ਤੇ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਂ ਤੇ ਨੰਬਰ ਜਾਰੀ ਕਰੇ ਕਾਂਗਰਸ ਵੀ 'ਆਪ' ਨਾਲ ਮੋਢੇ ਨਾਲ ਮੋਢਾ ਜੋੜ ਕੇ ਭਾਜਪਾ ਵਿਰੋਧੀ ਸੰਘਰਸ਼ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਪੰਜਾਬ ਸਰਕਾਰ ਇਸ ਮਾਮਲੇ 'ਤੇ ਵਿਧਾਨ ਸਭਾ ਸੈਸ਼ਨ ਵੀ ਬੁਲਾ ਸਕਦੀ ਹੈ। ਵੜਿੰਗ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦਾ ਧਿਆਨ ਮੁੱਦਿਆਂ ਤੋਂ ਭਟਕਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹੀ ਗੱਲ ਹੈ ਤਾਂ ਐਫ.ਆਈ.ਆਰ ਦਰਜ ਹੋਣੀ ਚਾਹੀਦੀ ਹੈ। ਰਾਜਾ ਵੜਿੰਗ ਨੇ ਇਸ ਮਾਮਲੇ ਦੀ ਜਾਂਚ ਕਿਸੇ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ। 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਇਕ ਬਿਆਨ 'ਤੇ ਬੋਲਦਿਆਂ ਵੜਿੰਗ ਨੇ ਕਿਹਾ ਕਿ ਕਾਂਗਰਸ ਦਾ ਕੋਈ ਬੰਦਾ ਭਾਜਪਾ 'ਚ ਨਹੀਂ ਜਾ ਰਿਹਾ ਸਗੋਂ ਹੋਰਨਾਂ ਸੂਬਿਆਂ 'ਚ 'ਆਪ' ਦੇ ਕਈ ਵੱਡੇ ਆਗੂ ਭਾਜਪਾ 'ਚ ਸ਼ਾਮਲ ਹੋਏ ਹਨ।

ਇਹ ਵੀ ਪੜ੍ਹੋ : ਫਸਲੀ ਬੀਮਾਰੀ ਕਾਰਨ 3.50 ਏਕੜ ਤਬਾਹ ਹੋਈ ਝੋਨੇ ਦੀ ਫ਼ਸਲ, ਵਾਹੁਣ ਲਈ ਮਜਬੂਰ ਹੋਏ ਕਿਸਾਨ

'ਆਪ' ਵਿਧਾਇਕ ਨੂੰ ਮਿਲੀ ਧਮਕੀ 'ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜਿਸ ਨੰਬਰ ਤੋਂ ਧਮਕੀ ਆਈ ਹੈ ਉਹ ਨੰਬਰ ਜਨਤਕ ਕੀਤਾ ਜਾਵੇ, ਜੇਕਰ ਵਿਧਾਇਕ ਇਕ ਧਮਕੀ ਨਹੀਂ ਸਾਂਭ ਸਕਦਾ ਤਾਂ ਡੇਢ ਲੱਖ ਜਨਤਾ ਨੂੰ ਕਿਵੇਂ ਸੰਭਾਲੇਗਾ। ਨਸ਼ੇ ਤੇ ਜੇਲ੍ਹਾਂ ਚ ਮੋਬਾਈਲ ਫੋਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ 'ਚ ਨਸ਼ਾ ਤਸਕਰ ਸ਼ਰੇਆਮ ਨਸ਼ਾ ਵੇਚ ਰਹੇ ਹਨ ਤੇ ਜੇਲ੍ਹਾਂ ਚ ਮੋਬਾਈਲ ਫੋਨਾਂ ਦੀ ਵਰਤੋਂ 'ਤੇ ਕੋਈ ਪਾਬੰਦੀ ਨਹੀਂ ਲੱਗੀ ਹੈ ਤੇ ਮੋਬਾਈਲ ਫੋਨਾਂ ਦੀ ਵਰਤੋਂ ਜਾਰੀ ਹੈ। ਫੌਜਾ ਸਿੰਘ ਸਰਾਰੀ ਦੀ ਵਾਇਰਲ ਆਡੀਓ ਬਾਰੇ ਬੋਲਦਿਆਂ ਵੜਿੰਗ ਨੇ ਕਿਹਾ ਕਿ ਡਾ. ਵਿਜੇ ਸਿੰਗਲਾ ਦੀ ਆਡੀਓ ਵੀ ਲੀਕ ਨਹੀਂ ਹੋਈ ਸੀ ਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ ਪਰ ਜਿਸ ਬੰਦੇ ਦੀ ਆਡੀਓ ਲੀਕ ਹੋਈ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੋਗਲੀ ਨੀਤੀ ਅਪਣਾ ਰਹੀ ਹੈ। ਅਗਨੀਪਥ ਸਕੀਮ ਬਾਰੇ ਗੱਲ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵਿਧਾਨ ਸਭਾ 'ਚ ਇਸ ਸਕੀਮ ਦਾ ਵਿਰੋਧ ਕੀਤਾ ਸੀ ਤੇ ਹੁਣ ਸਹਿਯੋਗ ਦੇਣ ਦੀ ਗੱਲ ਕਰ ਰਹੀ ਹੈ।

ਇਹ ਵੀ ਪੜ੍ਹੋ : ਨਾਜਾਇਜ਼ ਕਬਜ਼ਿਆਂ ਨੇ ਸੰਭਾਲੀਆਂ ਸ਼ਹਿਰ ਦੀਆਂ ਸੜਕਾਂ, ਯੈਲੋ ਲਾਈਨਾਂ ਅੰਦਰ ਵਾਹਨਾਂ ਦੀ ਜਗ੍ਹਾ ਲੱਗ ਰਹੀਆਂ ਫੜ੍ਹੀਆਂ

ਵੜਿੰਗ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਐਸ. ਵਾਈ. ਐਲ 'ਤੇ ਆਪਣਾ ਸਟੈਂਡ ਕਲੀਅਰ ਨਹੀਂ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਹਰਿਆਣਾ 'ਚ ਇਸ ਬਾਰੇ ਖੁੱਲ੍ਹ ਕੇ ਬੋਲਣਾ ਚਾਹੀਦਾ ਸੀ ਕਿ ਪੰਜਾਬ ਤੋਂ ਪਾਣੀ ਦੀ ਘਾਟ ਹੈ ਇਸ ਲਈ ਕਿਸੇ ਵੀ ਹਾਲਤ 'ਚ ਹਰਿਆਣਾ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ। ਪੱਤਰਕਾਰਾਂ ਵੱਲੋਂ ਪਰੀਨੀਤ ਕੌਰ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਰਣਇੰਦਰ ਸਿੰਘ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਰੀਨੀਤ ਕੌਰ ਦੀ ਬਹੁਤ ਇਜ਼ੱਤ ਕਰਦੇ ਹਨ ਪਰ ਉਨ੍ਹਾਂ ਨੂੰ ਖੁਦ ਕਾਂਗਰਸ ਛੱਡ ਦੇਣੀ ਚਾਹੀਦੀ ਹੈ। ਰਾਜਪਾਲ ਵੱਲੋਂ ਕੀਤੇ ਸਰਹੱਦੀ ਦੌਰੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਸੂਬੇ ਦਾ ਰਾਜਪਾਲ ਸਰਹਦੀ ਇਲਾਕਿਆਂ 'ਚ ਦੌਰਾ ਕਰ ਰਿਹਾ ਹੈ ਜਦਕਿ ਇਹ ਸਰਕਾਰ ਦਾ ਕੰਮ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਦੀ ਥਾਂ ਸਿਰਫ਼ ਕਹਾਣੀਆਂ ਸੁਣਾ ਰਹੀ ਹੈ।


Anuradha

Content Editor

Related News