ਪੰਜਾਬ ਦੇ 12 ਹਜ਼ਾਰ ਕਰੋੜ ਦੇ ਫੰਡਾਂ ਬਾਰੇ ਕਾਂਗਰਸ ਦਾ ਦੋਹਾਂ ਸਰਕਾਰਾਂ ''ਤੇ ਤਿੱਖਾ ਹਮਲਾ
Wednesday, Sep 10, 2025 - 02:26 PM (IST)

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ 'ਤੇ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਜਿੱਥੇ 1600 ਕਰੋੜ ਰੁਪਏ ਦਾ ਫੰਡ ਦੇਣ ਦਾ ਐਲਾਨ ਕੀਤਾ ਗਿਆ, ਉੱਥੇ ਹੀ ਸੂਬੇ ਸਰਕਾਰ ਕੋਲ ਆਫ਼ਤ ਪ੍ਰਬੰਧਨ ਫੰਡ ਵਿਚ 12000 ਕਰੋੜ ਰੁਪਏ ਹੋਣ ਦੀ ਗੱਲ ਵੀ ਕਹੀ ਗਈ, ਜਿਸ ਨੂੰ ਲੈ ਕੇ ਸਿਆਸਤ ਭੱਖ ਗਈ ਹੈ। ਪੰਜਾਬ ਕਾਂਗਰਸ ਨੇ ਇਸ ਮਾਮਲੇ 'ਤੇ ਕੇਂਦਰ ਤੇ ਸੂਬਾ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਸੀਨੀਅਰ ਆਗੂਆਂ ਨੇ ਇਸ ਮਾਮਲੇ 'ਤੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕੇਂਦਰ ਵੱਲੋਂ ਦਿੱਤੇ 1,600 ਕਰੋੜ ਦੇ ਇਸ ਪੈਕੇਜ ਨੂੰ ਬਹੁਤ ਮਾਮੂਲੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਤੋਂ ਬਹੁਤ ਉਮੀਦਾਂ ਸਨ, ਪਰ ਉਨ੍ਹਾਂ ਨੇ ਸਾਰਿਆਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਆਮ ਆਦਮੀ ਪਾਰਟੀ ਦਾ ਵਿਧਾਇਕ ਗ੍ਰਿਫ਼ਤਾਰ! ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)
ਦੂਜੇ ਪਾਸੇ SDRF ਦੇ ਫੰਡਾਂ ਬਾਰੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਪੈਸਾ ਮੋਦੀ ਸਰਕਾਰ ਨੇ ਪੰਜਾਬ ਨੂੰ ਨਹੀਂ ਦਿੱਤਾ, ਸਗੋਂ ਇਹ ਰਕਮ ਸਿਰਫ਼ ਕਾਗਜ਼ਾਂ ਵਿਚ ਹੀ ਹੈ। ਉਨ੍ਹਾਂ ਕਿਹਾ ਕਿ ਇਹ ਫੰਡ 2010 ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸ਼ੁਰੂ ਕੀਤਾ ਸੀ। ਇਸ ਵਿਚ ਕੇਂਦਰ ਵੱਲੋਂ ਹਰ ਸਾਲ ਕੁਝ ਫੰਡ ਰਿਲੀਜ਼ ਕੀਤੇ ਜਾਂਦੇ ਹਨ ਤੇ ਉਸ 'ਤੇ ਵਿਆਜ ਆਦਿ ਲਗਾ ਕੇ ਤਕਰੀਬਨ ਸਾਢੇ 12 ਹਜ਼ਾਰ ਕਰੋੜ ਰੁਪਏ ਹੋਣ ਦੀ ਗੱਲ ਕਹੀ ਜਾ ਰਹੀ ਹੈ, ਪਰ ਅਸਲ ਵਿਚ ਇਹ ਰਕਮ ਪੰਜਾਬ ਦੇ ਖ਼ਜ਼ਾਨੇ ਵਿਚ ਹੈ ਹੀ ਨਹੀਂ। ਉਨ੍ਹਾਂ ਨੇ ਸੂਬਾ ਸਰਕਾਰ 'ਤੇ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੇ ਇੰਨ੍ਹਾਂ ਫੰਡਾਂ ਨੂੰ ਕਿੱਧਰੇ ਹੋਰ ਵਰਤ ਲਿਆ ਹੈ।
ਰਾਜਾ ਵੜਿੰਗ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ 'ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਹੜ੍ਹਾਂ ਨੂੰ ਕੁਦਰਤੀ ਨਹੀਂ ਸਗੋਂ 'ਮੈਨ-ਮੇਡ' ਦੱਸਿਆ ਤੇ ਇਸ ਲਈ ਮਾੜੇ ਪ੍ਰਬੰਧਾਂ ਨੂੰ ਕਸੂਰਵਾਰ ਠਹਿਰਾਇਆ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਕਣਕ ਦੀ ਬਿਜਾਈ ਤਕ ਕਿਸਾਨਾਂ ਦੀ ਮਦਦ ਕਰਦੀ ਰਹੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8