ਆਈਫੋਨ ਖਰੀਦਣ ਆਏ, ਬਿਨਾਂ ਪੈਸੇ ਦਿੱਤੇ ਹੋ ਗਏ ਫਰਾਰ
Sunday, Dec 01, 2024 - 05:32 PM (IST)
ਖਰੜ (ਰਣਬੀਰ) : ਦੋ ਵਿਅਕਤੀਆਂ ਵੱਲੋਂ ਦੁਕਾਨ ਵਿਚ ਮੋਬਾਈਲ ਖਰੀਦਣ ਆਉਣ ਦੇ ਬਹਾਨੇ ਮੋਬਾਈਲ ਚੋਰੀ ਕਰ ਕੇ ਫ਼ਰਾਰ ਹੋਣ ਸੰਬੰਧੀ ਮਾਮਲੇ ਵਿਚ ਸਿਟੀ ਪੁਲਸ ਨੇ ਸੁਖਰਾਜ ਸਿੰਘ ਅਤੇ ਉਸਦੇ ਅਣਪਛਾਤੇ ਸਾਥੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਰਣ ਨੇਗੀ ਨੇ ਦੱਸਿਆ ਕਿ ਉਸਦੀ ਜਨਤਾ ਨਗਰ ਵਿਚ ਬਲੇਸਿੰਗ ਇਲੈਕਟ੍ਰੋਨਿਕਸ ਨਾਮਕ ਦੁਕਾਨ ਹੈ।
ਬੀਤੀ 28 ਨਵੰਬਰ ਦੀ ਸ਼ਾਮ ਦੇਰ ਨਾਲ ਸੁਖਰਾਜ ਸਿੰਘ ਅਤੇ ਉਸਦਾ ਇਕ ਸਾਥੀ ਉਸਦੀ ਦੁਕਾਨ ‘ਤੇ ਮੋਬਾਈਲ ਖਰੀਦਣ ਆਏ। ਉਨ੍ਹਾਂ ਨੇ ਇਕ ਆਈਫੋਨ ਪਸੰਦ ਕੀਤਾ। ਮੋਬਾਈਲ ਦਾ ਬਿੱਲ ਕੱਟਣ ਤੋਂ ਬਾਅਦ ਦੋਸ਼ੀਆਂ ਨੇ ਚੈਕ ਰਾਹੀਂ ਪੇਮੈਂਟ ਕਰਨ ਦੀ ਗੱਲ ਕੀਤੀ। ਦੁਕਾਨਦਾਰ ਵੱਲੋਂ ਚੈਕ ਲੈਣ ਤੋਂ ਇਨਕਾਰ ਕਰਨ ‘ਤੇ ਉਹ ਕਾਫੀ ਦੇਰ ਤੱਕ ਦੁਕਾਨ ਵਿਚ ਬੈਠੇ ਰਹੇ ਅਤੇ ਪੇਮੈਂਟ ਦਾ ਪ੍ਰਬੰਧ ਕਰਨ ਦੀ ਗੱਲ ਕਹਿੰਦੇ ਰਹੇ ਪਰ ਇਸੇ ਦੌਰਾਨ ਅਚਾਨਕ ਮੌਕਾ ਪਾ ਕੇ ਉਹ ਮੋਬਾਈਲ ਹੱਥ ਵਿਚ ਲੈ ਕੇ ਦੁਕਾਨ ਤੋਂ ਬਾਹਰ ਨਿਕਲ ਗਏ। ਦੁਕਾਨਦਾਰ ਉਨ੍ਹਾਂ ਦੇ ਪਿੱਛੇ ਗਿਆ ਪਰ ਉਹ ਕਿਤੇ ਵੀ ਦਿਸੇ ਨਹੀਂ। ਸਬੰਧਤ ਮੋਬਾਈਲ ਦਾ ਬਿੱਲ ਅਤੇ ਡੱਬਾ ਦੁਕਾਨਦਾਰ ਕੋਲ ਹੀ ਮੌਜੂਦ ਹੈ। ਉਸਨੇ ਤੁਰੰਤ ਪੁਲਸ ਹੈਲਪਲਾਈਨ 112 ‘ਤੇ ਸ਼ਿਕਾਇਤ ਦਰਜ ਕਰਵਾਈ। ਪੁਲਸ ਵੱਲੋਂ ਦੋਹਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।