ਟਰੰਪ ਦੀ ਜਿੱਤ ਨਾਲ ਬਿਟਕੁਆਇਨ ਨੂੰ ਲੱਗੇ ਖੰਭ, ਇਕ ਲੱਖ ਡਾਲਰ ਦੇ ਪਾਰ ਜਾ ਸਕਦੀ ਹੈ ਕੀਮਤ
Saturday, Nov 16, 2024 - 10:16 AM (IST)
ਜਲੰਧਰ (ਇੰਟ.) - ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ’ਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਬਿਟਕੁਆਇਨ ਦੀ ਕੀਮਤ 93 ਹਜ਼ਾਰ ਡਾਲਰ (ਕਰੀਬ 79 ਲੱਖ ਰੁਪਏ) ਤੋਂ ਉੱਤੇ ਪਹੁੰਚ ਗਈ ਹੈ। ਵਜ੍ਹਾ ਸਾਫ ਹੈ ਕਿ ਚੋਣ ਪ੍ਰਚਾਰ ਦੌਰਾਨ ਟਰੰਪ ਨੇ ਅਮਰੀਕਾ ਨੂੰ ਦੁਨੀਆ ਦੀ ‘ਕ੍ਰਿਪਟੋ ਕੈਪੀਟਲ’ ਬਣਾਉਣ ਦਾ ਵਚਨ ਕੀਤਾ ਸੀ। ਇਕ ਰਿਪੋਟਰ ਮੁਤਾਬਕ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋ ਕਰੰਸੀ ਬਿਟਕੁਆਇਨ ਦੀ ਕੀਮਤ ਇਸ ਸਾਲ 80 ਫੀਸਦੀ ਤੋਂ ਜ਼ਿਆਦਾ ਵਧ ਗਈ ਹੈ। ਨਾ ਸਿਰਫ ਬਿਟਕੁਆਇਨ ਸਗੋਂ ਡੋਜ਼ਕੁਆਇਨ ਵਰਗੀਆਂ ਹੋਰ ਕ੍ਰਿਪਟੋ ਕਰੰਸੀਆਂ ’ਚ ਵੀ ਭਾਰੀ ਉਛਾਲ ਦਰਜ ਕੀਤਾ ਗਿਆ ਹੈ ਕਿਉਂਕਿ ਟਰੰਪ ਸਮਰਥਕ ਐਲਨ ਮਸਕ ਡੋਜ਼ਕੁਆਇਨ ਨੂੰ ਬੜ੍ਹਾਵਾ ਦਿੰਦੇ ਹਨ। ਸਟੋਨਐਕਸ ਫਾਈਨਾਂਸ਼ੀਅਲ ਦੇ ਮਾਰਕੀਟ ਐਨਾਲਿਸਟ ਮੈਟ ਸਿੰਪਸਨ ਦੇ ਹਵਾਲੇ ਨਾਲ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਟਰੰਪ ਪ੍ਰਸ਼ਾਸਨ ਕ੍ਰਿਪਟੋ ਕਰੰਸੀ ਨੂੰ ਡਿਰੇਗੁਲੇਟ ਕਰਦੇ ਹਨ। ਬਿਟਕੁਆਇਨ ਦੀ ਕੀਮਤ ਇਕ ਲੱਖ ਡਾਲਰ ਦੇ ਪਾਰ ਜਾ ਸਕਦੀ ਹੈ।
ਤਾਂ ਕੀ ਐਕਸਚੇਂਜ ਕਮਿਸ਼ਨ ਦੇ ਪ੍ਰਧਾਨ ਜੇਂਸਲਰ ਦੇਣਗੇ ਅਸਤੀਫਾ
ਸਾਲ 2021 ’ਚ ਜੋ ਬਾਈਡਨ ਪ੍ਰਸ਼ਾਸਨ ਨੇ ਜੇਂਸਲਰ ਨੂੰ ਸਕਿਓਰਿਟੀ ਐਂਡ ਐਕਸਚੇਂਜ ਕਮਿਸ਼ਨ ਦਾ ਪ੍ਰਧਾਨ ਬਣਾਇਆ ਸੀ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਕ੍ਰਿਪਟੋ ਮਾਰਕੀਟ ਦੀ ਕਮਰ ਤੋਡ਼ਨ ਦਾ ਕੰਮ ਕੀਤਾ ਸੀ। ਚੋਣ ਪ੍ਰਚਾਰ ਦੌਰਾਨ ਟਰੰਪ ਨੇ ਸਕਿਓਰਿਟੀ ਅਤੇ ਐਕਸਚੇਂਜ ਕਮਿਸ਼ਨ (ਐੱਸ. ਈ. ਸੀ.) ਦੇ ਪ੍ਰਧਾਨ ਗੈਰੀ ਜੇਂਸਲਰ ਨੂੰ ਕੱਢਣ ਦਾ ਵਚਨ ਕੀਤਾ ਸੀ। ਉਨ੍ਹਾਂ ਨੇ ਉਦੋਂ ਕਿਹਾ ਸੀ ਕਿ ਹੁਣ ਤੋਂ ਨਿਯਮ ਉਨ੍ਹਾਂ ਲੋਕਾਂ ਵੱਲੋਂ ਲਿਖੇ ਜਾਣਗੇ, ਜੋ ਤੁਹਾਡੇ ਉਦਯੋਗ ਨਾਲ ਪਿਆਰ ਕਰਦੇ ਹਨ, ਨਾ ਕਿ ਤੁਹਾਡੇ ਉਦਯੋਗ ਨਾਲ ਨਫਰਤ ਕਰਦੇ ਹਨ । ਰਿਪੋਰਟ ਮੁਤਾਬਕ ਟਰੰਪ 2026 ’ਚ ਆਪਣੇ ਕਾਰਜਕਾਲ ਦੇ ਆਖਿਰ ਤੋਂ ਪਹਿਲਾਂ ਜੇਂਸਲਰ ਨੂੰ ਬਿਨਾਂ ਕਿਸੇ ਕਾਰਨ ਦੇ ਨਹੀਂ ਕੱਢ ਸਕਦੇ ਹਨ। ਹਾਲਾਂਕਿ ਐੱਸ. ਈ. ਸੀ. ਪ੍ਰਧਾਨਾਂ ਲਈ ਨਵੇਂ ਰਾਸ਼ਟਰਪਤੀ ਦੇ ਕਾਰਜਕਾਰ ਕਬੂਲ ਕਰਨ ’ਤੇ ਅਸਤੀਫਾ ਦੇਣਾ ਰਿਵਾਜ਼ ਹੈ। ਜਾਣਕਾਰਾਂ ਦੀਆਂ ਮੰਨੀਏ ਤਾਂ ਜੇਂਸਲਰ ਦੇ ਜਾਣ ਨਾਲ ਉਦਯੋਗ ਨੂੰ ਇਕ ਆਦਰਸ਼ ਖਲਨਾਇਕ ਤੋਂ ਛੁਟਕਾਰਾ ਮਿਲ ਜਾਵੇਗਾ। ਉਹ ਕ੍ਰਿਪਟੋ ਕਰੰਸੀ ਦੀਆਂ ਖੂਬੀਆਂ ਨਾਲ ਸਹਿਮਤ ਨਹੀਂ ਹੈ। ਅਕਤੂਬਰ ਮਹੀਨੇ ’ਚ ਉਨ੍ਹਾਂ ਨੇ ਕ੍ਰਿਪਟੋ ਦੁਨੀਆ ਨੂੰ ਘਪਲੇਬਾਜ਼ਾਂ ਅਤੇ ਚੋਰਾਂ ਨਾਲ ਭਰਿਆ ਹੋਇਆ ਦੱਸਿਆ ਸੀ।
ਬਿਟਕੁਆਇਨ ਦਾ ਕੀ ਹੈ ਮੌਜੂਦਾ ਸਮੇਂ ’ਚ ਹਾਲ
ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਸਮੇਂ ’ਚ ਅਮਰੀਕੀ ਬਾਜ਼ਾਰ ’ਚ 6 ਫੀਸਦੀ ਵਾਧਾ ਹਾਸਲ ਕਰਦੇ ਹੋਏ 93 ਹਜ਼ਾਰ ਡਾਲਰ ਦਾ ਅੰਕੜਾ ਪਾਰ ਕਰ ਲਿਆ ਹੈ, ਉਥੇ ਹੀ ਸਿੰਗਾਪੁਰ ’ਚ ਫਿਸਲ ਕੇ ਕਰੀਬ 89 ਡਾਲਰ ’ਤੇ ਆਉਣ ਤੋਂ ਪਹਿਲਾਂ ਇਹ 93 ਹਜ਼ਾਰ ਡਾਲਰ ਨੂੰ ਪਾਰ ਕਰਦੇ ਹੋਏ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਿਰਫ ਬਿਟਕੁਆਇਨ ਹੀ ਨਹੀਂ, ਦੂਜੀਆਂ ਕ੍ਰਿਪਟੋ ਕਰੰਸੀਆਂ ਵੀ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ। ਟੀ. ਆਰ. ਐੱਕਸ. ਦਾ ਮੁੱਲ 15.17 ਰੁਪਏ ਚੱਲ ਰਿਹਾ ਹੈ, ਇਸ ’ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਬੀਤੇ 5 ਦਿਨਾਂ ’ਚ ਇਹ ਕੁਆਇਨ 9.19 ਫੀਸਦੀ ਚੜ੍ਹ ਚੁੱਕਾ ਹੈ। ਜਦੋਂਕਿ ਇਸ ਸਾਲ ਹੁਣ ਤੱਕ ਇਸ ਨੇ 69.71 ਫੀਸਦੀ ਦਾ ਰਿਟਰਨ ਦਿੱਤਾ ਹੈ। ਡੋਜ਼ਕੁਆਇਨ ਵੀ ਪਿਛਲੇ 5 ਦਿਨਾਂ ’ਚ 35.11 ਫੀਸਦੀ ਦਾ ਵਾਧਾ ਹਾਸਲ ਕਰ ਚੁੱਕਾ ਹੈ। ਹਾਲਾਂਕਿ, ਅੱਜ ਇਸ ’ਚ ਕੁੱਝ ਗਿਰਾਵਟ ਆਈ ਹੈ। 32.96 ਰੁਪਏ ਦੇ ਭਾਅ ’ਤੇ ਮਿਲ ਰਹੇ ਇਸ ਕੁਆਇਨ ਨੇ ਇਸ ਸਾਲ ਹੁਣ ਤੱਕ 330.85 ਫੀਸਦੀ ਦਾ ਸ਼ਾਨਦਾਰ ਰਿਟਰਨ ਦਿੱਤਾ ਹੈ।
ਕੀ ਹੈ ਕ੍ਰਿਪਟੋ ਕਰੰਸੀ
ਐਨਾਲਿਸਟ ਮੈਟ ਸਿੰਪਸਨ ਮੁਤਾਬਕ ਵੱਡੇ-ਵੱਡੇ ਕੰਪਿਊਟਰ ਇਕ ਖਾਸ ਫਾਰਮੂਲੇ ਜਾਂ ਕਹੋ ਕਿ ਐਲਗੋਰੀਥਮ ਨੂੰ ਹੱਲ ਕਰਦੇ ਹਨ, ਇਸ ਨੂੰ ਮਾਈਨਿੰਗ ਕਿਹਾ ਜਾਂਦਾ ਹੈ, ਉਦੋਂ ਜਾ ਕੇ ਕ੍ਰਿਪਟੋ ਕਰੰਸੀ ਬਣਦੀ ਹੈ। ਬਿਟਕੁਆਇਨ ਵਰਗੀਆਂ ਕਰੀਬ 4 ਹਜ਼ਾਰ ਵਰਚੁਅਲ ਕਰੰਸੀਆਂ ਬਾਜ਼ਾਰ ’ਚ ਉਪਲੱਬਧ ਹਨ। ਇਨ੍ਹਾਂ ਸਭ ਵਰਚੁਅਲ ਕਰੰਸੀਆਂ ਨੂੰ ਕ੍ਰਿਪਟੋ ਕਰੰਸੀ ਕਹਿੰਦੇ ਹਨ। ਨਾਰਮਲ ਕਰੰਸੀ ਨੂੰ ਕੋਈ ਨਾ ਕੋਈ ਸੰਸਥਾ ਕੰਟਰੋਲ ਕਰਦੀ ਹੈ। ਜਿਵੇਂ ਭਾਰਤ ’ਚ ਕਰੰਸੀ ਨੂੰ ਭਾਰਤੀ ਰਿਜ਼ਰਵ ਬੈਂਕ ਕੰਟਰੋਲ ਕਰਦਾ ਹੈ। ਰਿਜ਼ਰਵ ਬੈਂਕ ਕਰੰਸੀ ਨੂੰ ਪ੍ਰਿੰਟ ਕਰਦਾ ਹੈ ਅਤੇ ਉਸ ਦਾ ਹਿਸਾਬ-ਕਿਤਾਬ ਰੱਖਦਾ ਹੈ। ਕ੍ਰਿਪਟੋ ਕਰੰਸੀ ਨੂੰ ਕੋਈ ਸੰਸਥਾ ਕੰਟਰੋਲ ਨਹੀਂ ਕਰਦੀ ਹੈ।
ਕਿਵੇਂ ਕੰਮ ਕਰਦੀ ਹੈ ਕ੍ਰਿਪਟੋ ਕਰੰਸੀ
ਮੈਟ ਸਿੰਪਸਨ ਕਹਿੰਦੇ ਹਨ ਕਿ ਕ੍ਰਿਪਟੋ ਕਰੰਸੀ ਦੀ ਹਰੇਕ ਟਰਾਂਜ਼ੈਕਸ਼ਨ ਦਾ ਡਾਟਾ ਦੁਨੀਆਭਰ ਦੇ ਵੱਖ-ਵੱਖ ਕੰਪਿਊਟਰਾਂ ’ਚ ਦਰਜ ਹੁੰਦਾ ਹੈ। ਆਸਾਨ ਸ਼ਬਦਾਂ ’ਚ ਸਮਝੋ ਤਾਂ ਮੰਨ ਲਵੋ ਕਿ ਇਕ ਬਹੁਤ ਵੱਡਾ ਕਮਰਾ ਹੈ, ਜਿਸ ’ਚ ਸਾਰੀ ਦੁਨੀਆ ਦੇ ਲੋਕ ਬੈਠੇ ਹੋਏ ਹਨ। ਅਜਿਹੇ ’ਚ ਜਦੋਂ ਕੋਈ ਵਿਅਕਤੀ ਕ੍ਰਿਪਟੋ ਕਰੰਸੀ ਦਾ ਲੈਣ-ਦੇਣ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਕਮਰੇ ’ਚ ਬੈਠੇ ਸਾਰੇ ਲੋਕਾਂ ਨੂੰ ਹੋ ਜਾਂਦੀ ਹੈ, ਯਾਨੀ ਉਸ ਦਾ ਰਿਕਾਰਡ ਸਿਰਫ ਇਕ ਜਗ੍ਹਾ ਦਰਜ ਨਹੀਂ ਹੁੰਦਾ ਹੈ। ਦੁਨੀਆ ਭਰ ਦੇ ਵੱਖ-ਵੱਖ ਕੰਪਿਊਟਰਜ਼ ’ਚ ਰੱਖਿਆ ਜਾਂਦਾ ਹੈ, ਇਸ ਲਈ ਇੱਥੇ ਕਿਸੇ ਬੈਂਕ ਜਿਵੇਂ ਤੀਜੇ ਪੱਖ ਦੀ ਜ਼ਰੂਰਤ ਨਹੀਂ ਪੈਂਦੀ ਹੈ। 2008 ’ਚ ਬਿਟਕੁਆਇਨ ਨਾਮ ਦੀ ਕ੍ਰਿਪਟੋ ਕਰੰਸੀ ਬਣੀ ਸੀ। 2008 ਤੋਂ ਲੈ ਕੇ ਹੁਣ ਤੱਕ ਬਿਟਕੁਆਇਨ ਨੂੰ ਕਦੋਂ ਕਿਸ ਵਾਲੇਟ ਤੋਂ ਖਰੀਦਿਆ ਜਾਂ ਵੇਚਿਆ ਗਿਆ, ਉਸ ਦੀ ਸਾਰੀ ਜਾਣਕਾਰੀ ਰਹਿੰਦੀ ਹੈ। ਇਸ ’ਚ ਪ੍ਰੇਸ਼ਾਨੀ ਬੱਸ ਇੰਨੀ ਹੈ ਕਿ ਇਸ ’ਚ ਇਹ ਪਤਾ ਨਹੀਂ ਚੱਲਦਾ ਕਿ ਵਾਲੇਟ ਕਿਸ ਵਿਅਕਤੀ ਨਾਲ ਜੁੜਿਆ ਹੋਇਆ ਹੈ।
ਕੀ ਹੁੰਦਾ ਹੈ ਡਿਜੀਟਲ ਵਾਲੇਟ
ਜਿਵੇਂ ਇਕ ਵਿਅਕਤੀ ਆਪਣੇ ਪੈਸੇ ਨੂੰ ਪਰਸ ’ਚ ਰੱਖਦਾ ਹੈ, ਇੰਝ ਹੀ ਕ੍ਰਿਪਟੋ ਕਰੰਸੀ ਰੱਖਣ ਲਈ ਡਿਜੀਟਲ ਵਾਲੇਟ ਦੀ ਜ਼ਰੂਰਤ ਪੈਂਦੀ ਹੈ। ਡਿਜੀਟਲ ਵਾਲੇਟ ਖੋਲ੍ਹਣ ਲਈ ਪਾਸਵਰਡ ਹੁੰਦਾ ਹੈ, ਜਿਸ ਕੋਲ ਵੀ ਡਿਜੀਟਲ ਵਾਲੇਟ ਦਾ ਪਾਸਵਰਡ ਹੁੰਦਾ ਹੈ, ਉਹ ਉਸ ਨੂੰ ਖੋਲ੍ਹ ਕੇ ਕ੍ਰਿਪਟੋ ਕਰੰਸੀ ਨੂੰ ਖਰੀਦ ਜਾਂ ਵੇਚ ਸਕਦਾ ਹੈ। ਡਿਜੀਟਲ ਵਾਲੇਟ ਦਾ ਇਕ ਪਤਾ ਹੁੰਦਾ ਹੈ, ਜੋ 40 ਤੋਂ 50 ਅੰਕਾਂ ਦਾ ਹੁੰਦਾ ਹੈ। ਇਨ੍ਹਾਂ ’ਚ ਅਲਫਾਬੈਟ ਅਤੇ ਨਿਊਮੈਰਿਕ ਦੋਵੇਂ ਸ਼ਾਮਲ ਹੁੰਦੇ ਹਨ। ਹਰ ਵਾਲੇਟ ਦਾ ਯੂਨੀਕ ਪਤਾ ਹੁੰਦਾ ਹੈ। ਅਜਿਹੇ ਅਰਬਾਂ-ਖਰਬਾਂ ਵਾਲੇਟ ਡਿਜੀਟਲ ਦੁਨੀਆ ’ਚ ਹਨ।