ਟਰੱਕਾਂ ਦਾ ਮਾਲਭਾੜਾ 14 ਫ਼ੀਸਦੀ ਤੱਕ ਵਧਿਆ, ਇਕਨੋਮੀ ਲਈ ਚੰਗਾ ਸੰਕੇਤ!

Wednesday, Jun 16, 2021 - 02:21 PM (IST)

ਟਰੱਕਾਂ ਦਾ ਮਾਲਭਾੜਾ 14 ਫ਼ੀਸਦੀ ਤੱਕ ਵਧਿਆ, ਇਕਨੋਮੀ ਲਈ ਚੰਗਾ ਸੰਕੇਤ!

ਮੁੰਬਈ- ਸੂਬਿਆਂ ਵਿਚ ਤਾਲਾਬੰਦੀ ਪੜਾਅਵਾਰ ਤਰੀਕੇ ਨਾਲ ਖੁੱਲ੍ਹਣ ਮਗਰੋਂ ਪਿਛਲੇ 15 ਦਿਨਾਂ ਦੌਰਾਨ ਜ਼ਿਆਦਾਤਰ ਪ੍ਰਮੁੱਖ ਮਾਰਗਾਂ 'ਤੇ ਟਰੱਕ ਮਾਲਭਾੜੇ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਨਵੀਂ ਦਿੱਲੀ ਸਥਿਤ ਥਿੰਕ ਟੈਂਕ ਇੰਡੀਅਨ ਫਾਊਂਡੇਸ਼ਨ ਆਫ਼ ਟ੍ਰਾਂਸਪੋਰਟ ਰਿਸਰਚ ਐਂਡ ਟਰੇਨਿੰਗ (ਆਈ. ਐੱਫ. ਟੀ. ਆਰ. ਟੀ.) ਦੇ ਅੰਕੜਿਆਂ ਮੁਤਾਬਕ, ਜ਼ਿਆਦਾਤਰ ਥੋਕ ਮਾਲ ਦੇ ਫੈਕਟਰੀ ਉਤਪਾਦਨ ਵਿਚ ਵਾਧੇ ਅਤੇ ਪਿਛਲੇ ਸਾਲ ਦੇ ਹੇਠਲੇ ਆਧਾਰ ਦੀ ਵਜ੍ਹਾ ਨਾਲ ਮਾਲਭਾੜੇ ਦੀਆਂ ਦਰਾਂ ਔਸਤ 12 ਫ਼ੀਸਦੀ ਵਧੀਆਂ ਹਨ।

ਮਾਲਭਾੜੇ ਦੀਆਂ ਦਰਾਂ ਨੂੰ ਆਰਥਿਕ ਸਰਗਮੀਆਂ ਦਾ ਸੰਕੇਤਕ ਮੰਨਿਆ ਜਾਂਦਾ ਹੈ ਪਰ ਵਿਸ਼ਲੇਸ਼ਕ ਇਸ ਨੂੰ ਜ਼ਿਆਦਾ ਤਵੱਜੋ ਨਹੀਂ ਦੇ ਰਹੇ ਹਨ। ਕ੍ਰਿਸਿਲ ਰਿਸਰਚ ਦੇ ਨਿਰਦੇਸ਼ਕ ਸ਼੍ਰੀਨਵਾਸਨ ਕਹਿੰਦੇ ਹਨ ਕਿ ਮਾਲਭਾੜੇ ਦੀਆਂ ਦਰਾਂ ਵਿਚ ਵਾਧਾ ਉਤਸ਼ਾਹਜਨਕ ਹੈ ਪਰ ਪੂਰਣ ਸੁਧਾਰ ਦੀ ਰਾਹ ਲੰਮੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਕੁਝ ਹੱਦ ਤੱਕ ਮੰਗ ਵਿਚ ਸੁਧਾਰ ਦਾ ਪਤਾ ਲੱਗਦਾ ਹੈ ਪਰ ਡੀਜ਼ਲ ਮਹਿੰਗਾ ਹੋਣਾ ਵੀ ਇਕ ਕਾਰਨ ਹੈ। 

ਉੱਥੇ ਹੀ, ਆਈ. ਐੱਫ. ਟੀ. ਆਰ. ਟੀ. ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ 2.60 ਰੁਪਏ ਪ੍ਰਤੀ ਲਿਟਰ ਵੱਧ ਕੇ 87.50 ਰੁਪਏ ਪ੍ਰਤੀ ਲਿਟਰ (ਦਿੱਲੀ-ਐੱਨ. ਸੀ. ਆਰ. ਨੂੰ ਛੱਡ ਕੇ) ਹੋ ਗਈਆਂ ਹਨ, ਜੋ ਪਿਛਲੇ ਸਾਲ ਇਸ ਸਮੇਂ 85.01 ਰੁਪਏ ਪ੍ਰਤੀ ਲਿਟਰ ਸਨ। ਇਸ ਦੇ ਨਾਲ ਹੀ ਬਾਜ਼ਾਰ ਵਿਚ ਟਰੱਕਾਂ ਦੇ ਟਾਇਰਾਂ ਦੀਆਂ ਕੀਮਤਾਂ ਵੀ 6 ਤੋਂ 8 ਫ਼ੀਸਦੀ ਵਧੀਆਂ ਹਨ। ਆਈ. ਐੱਫ. ਟੀ. ਆਰ. ਟੀ. ਨੇ ਕਿਹਾ ਕਿ ਰਾਸ਼ਟਰੀ ਪਰਮਿਟ ਵਾਲੇ ਮਾਰਗਾਂ ਦੇ ਨਾਲ ਹੀ ਅੰਤਰਰਾਜੀ ਪੱਧਰ 'ਤੇ ਮਾਲਭਾੜਾ 9 ਤੋਂ 14 ਫ਼ੀਸਦੀ ਤੱਕ ਵੱਧ ਗਿਆ ਹੈ।


author

Sanjeev

Content Editor

Related News