ਟਰਾਈ ਨੇ ਦਿੱਤੇ ਆਈਡੀਆ ਨੂੰ 2.97 ਕਰੋੜ ਰੁਪਏ ਜਮ੍ਹਾ ਕਰਵਾਉਣ ਦੇ ਹੁਕਮ

Saturday, Aug 26, 2017 - 12:15 AM (IST)

ਟਰਾਈ ਨੇ ਦਿੱਤੇ ਆਈਡੀਆ ਨੂੰ 2.97 ਕਰੋੜ ਰੁਪਏ ਜਮ੍ਹਾ ਕਰਵਾਉਣ ਦੇ ਹੁਕਮ

ਨਵੀਂ ਦਿੱਲੀ- ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ. ਐੱਲ. ਦੇ ਨੈੱਟਵਰਕ 'ਤੇ ਕਾਲ ਕਰਨ ਲਈ ਆਪਣੇ ਗਾਹਕਾਂ ਤੋਂ ਜ਼ਿਆਦਾ ਫੀਸ ਵਸੂਲਣ ਦੇ ਮਾਮਲੇ 'ਚ ਆਈਡੀਆ ਸੈਲੂਲਰ ਨੂੰ 2.97 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ। ਇਹ ਰਾਸ਼ੀ ਦੂਰਸੰਚਾਰ ਖਪਤਕਾਰ ਸਿੱਖਿਆ ਅਤੇ ਰਾਖਵੇਂ ਫੰਡ (ਟੀ. ਸੀ. ਈ. ਪੀ. ਐੱਫ.) 'ਚ ਜਮ੍ਹਾ ਕਰਵਾਉਣੀ ਹੋਵੇਗੀ। ਰੇਟਿਡ ਕਾਲ ਡਾਟਾ ਰਿਕਾਰਡ ਮੁਹੱਈਆ ਨਾ ਹੋਣ ਦੀ ਵਜ੍ਹਾ ਨਾਲ ਆਈਡੀਆ ਗਾਹਕਾਂ ਨੂੰ ਜ਼ਿਆਦਾ ਵਸੂਲੀ ਗਈ ਫੀਸ ਨੂੰ ਵਾਪਸ ਨਹੀਂ ਕਰ ਸਕੇਗੀ।
ਇਹ ਮਾਮਲਾ ਮਈ, 2005 ਦਾ ਹੈ। ਉਸ ਸਮੇਂ ਦੂਰ ਸੰਚਾਰ ਵਿਭਾਗ ਨੇ ਲਾਇਸੈਂਸ 'ਚ ਸੋਧ ਕਰ ਕੇ 4 ਸੂਬਿਆਂ ਮਹਾਰਾਸ਼ਟਰ, ਪੱਛਮੀ ਬੰਗਾਲ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ 'ਚ ਦੂਰਸੰਚਾਰ ਆਪ੍ਰੇਟਰਾਂ ਨੂੰ ਅੰਤਰ ਸੇਵਾ ਖੇਤਰ ਕੁਨੈਕਟੀਵਿਟੀ ਦੀ ਇਜਾਜ਼ਤ ਦਿੱਤੀ ਸੀ। ਰੈਗੂਲੇਟਰੀ ਨੇ ਕਿਹਾ ਕਿ ਸੋਧ ਦੇ ਬਾਵਜੂਦ ਕਈ ਨਿੱਜੀ ਜੀ. ਐੱਸ. ਐੱਮ. ਆਪ੍ਰੇਟਰ ਜਨਤਕ ਖੇਤਰ ਦੀਆਂ ਦੂਰਸੰਚਾਰ ਕੰਪਨੀਆਂ ਬੀ. ਐੱਸ. ਐੱਨ. ਐੱਲ. ਤੇ ਐੱਮ. ਟੀ. ਐੱਨ. ਐੱਲ ਦੇ ਨੈੱਟਵਰਕ 'ਤੇ ਸਮਾਪਤ ਹੋਣ ਵਾਲੀ ਕਾਲਸ ਲਈ ਇਨ੍ਹਾਂ ਸੂਬਿਆਂ ਦੀ ਹੱਦ 'ਚ ਜ਼ਿਆਦਾ ਫੀਸ ਦੀ ਵਸੂਲੀ ਕਰ ਰਹੇ ਸਨ।
ਟਰਾਈ ਦੇ 24 ਅਗਸਤ ਦੇ ਹੁਕਮ ਅਨੁਸਾਰ ਆਈਡੀਆ ਨੂੰ ਮਈ, 2005 ਤੋਂ ਜਨਵਰੀ, 2007 ਦੌਰਾਨ ਗਾਹਕਾਂ ਤੋਂ ਜ਼ਿਆਦਾ ਫੀਸ ਦੀ ਵਸੂਲੀ ਲਈ ਟੀ. ਸੀ. ਈ. ਪੀ. ਐੱਫ. 'ਚ 2,97,90,173 ਰੁਪਏ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ।


Related News