ਇਹ ਸਰਕਾਰੀ ਬੈਂਕ ਦੇ ਰਿਹੈ ਸਪੈਸ਼ਲ ਕਰਜ਼ਾ, 6 ਮਹੀਨਿਆਂ ਤੱਕ ਨਹੀਂ ਦੇਣੀ ਹੋਵੇਗੀ ਕੋਈ ਕਿਸ਼ਤ
Tuesday, Apr 28, 2020 - 10:48 AM (IST)
ਨਵੀਂ ਦਿੱਲੀ - ਕੋਰੋਨਾ ਸੰਕਟ ਵਿਚਕਾਰ ਲੋਕਾਂ ਦੀ ਆਰਥਿਕ ਸਥਿਤੀ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਛਾਂਟੀ ਜਾਂ ਤਨਖਾਹਾਂ ਵਿਚ ਕਟੌਤੀਆਂ ਦੀਆਂ ਖਬਰਾਂ ਆ ਰਹੀਆਂ ਹਨ। ਅਜਿਹੀ ਸਥਿਤੀ ਵਿਚ ਪੈਸੇ ਦੀ ਦਿੱਕਤ ਆ ਸਕਦੀ ਹੈ।
ਇਸ ਦਿੱਕਤ ਦੇ ਤੁਰੰਤ ਹੱਲ ਲਈ ਪਬਲਿਕ ਸੈਕਟਰ ਦਾ ਇੰਡੀਅਨ ਓਵਰਸੀਜ਼ ਬੈਂਕ (IOB) ਇਕ ਵਿਸ਼ੇਸ਼ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਗ੍ਰਾਹਕਾਂ ਨੂੰ ਕਰਜ਼ੇ ਦੀ ਈ.ਐਮ.ਆਈ.(EMI) ਅਦਾ ਕਰਨ ਲਈ 6 ਮਹੀਨੇ ਦੀ ਛੋਟ ਦਿੱਤੀ ਜਾਏਗੀ। ਆਓ ਜਾਣਦੇ ਹਾਂ ਇੰਡੀਅਨ ਓਵਰਸੀਜ਼ ਬੈਂਕ ਦੀ ਇਸ ਵਿਸ਼ੇਸ਼ ਸਕੀਮ ਬਾਰੇ।
ਦਰਅਸਲ, ਬੈਂਕ ਨੇ ਐਮਰਜੈਂਸੀ ਵਿੱਤੀ ਸਹਾਇਤਾ ਲਈ ਇੱਕ ਵਿਸ਼ੇਸ਼ ਲੋਨ ਸਕੀਮ ਸ਼ੁਰੂ ਕੀਤੀ ਹੈ। ਇਸ ਦਾ ਲਾਭ ਕੋਈ ਸਵੈ-ਸਹਾਇਤਾ ਸਮੂਹ (ਐਸ.ਐਚ.ਜੀ.) ਲੈ ਸਕਣਗੇ। ਇਸ ਯੋਜਨਾ ਤਹਿਤ ਸਮੂਹ ਦੇ ਮੈਂਬਰ ਨੂੰ ਵੱਧ ਤੋਂ ਵੱਧ 5000 ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ। ਸਮੂਹ ਲਈ ਕਰਜ਼ੇ ਦੀ ਹੱਦ 1 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ।
ਹਾਲਾਂਕਿ, ਬੈਂਕ ਨੇ ਇਸ ਵਿਸ਼ੇਸ਼ ਯੋਜਨਾ ਲਈ ਕੁਝ ਸ਼ਰਤਾਂ ਵੀ ਰੱਖੀਆਂ ਹਨ। ਬੈਂਕ ਨੇ ਕਿਹਾ ਕਿ ਬਿਹਤਰ ਰਿਕਾਰਡ ਵਾਲੇ ਸਮੂਹ ਅਤੇ ਇੰਡੀਅਨ ਓਵਰਸੀਜ਼ ਬੈਂਕ ਤੋਂ ਘੱਟੋ ਘੱਟ ਦੋ ਵਾਰ ਉਧਾਰ ਲੈਣ ਵਾਲੇ ਸਮੂਹ ਇਸ ਸਹੂਲਤ ਦਾ ਲਾਭ ਲੈ ਸਕਣਗੇ।
ਇਸ ਯੋਜਨਾ ਦਾ ਲਾਭ 30 ਜੂਨ, 2020 ਤੱਕ ਲਿਆ ਜਾ ਸਕਦਾ ਹੈ। ਬੈਂਕ ਦੇ ਨਿਯਮ ਅਨੁਸਾਰ ਕੇਵਲ ਉਹੀ ਸਹਾਇਤਾ ਸਮੂਹ ਇਸ ਸਕੀਮ ਤਹਿਤ ਕਰਜ਼ੇ ਲੈਣ ਦੇ ਯੋਗ ਹੋਣਗੇ, ਜਿਨ੍ਹਾਂ ਦਾ ਕਰਜ਼ਾ 1 ਮਾਰਚ, 2020 ਤੱਕ ਮਿਆਰੀ ਹੋਵੇਗਾ ਅਤੇ ਉਸ ਦਾ ਭੁਗਤਾਨ ਕੀਤਾ ਜਾ ਰਿਹਾ ਹੋਵੇਗਾ।
ਬੈਂਕ ਨੇ ਕਿਹਾ ਕਿ ਇੱਛਾ ਰੱਖਣ ਵਾਲੇ ਸਵੈ-ਸਹਾਇਤਾ ਸਮੂਹ ਸਿੱਧੇ ਬੈਂਕ ਸ਼ਾਖਾ ਵਿਚ ਜਾ ਕੇ ਜਾਂ ਬੈਂਕ ਅਸਿਸਟੈਂਟਾਂ ਰਾਹੀਂ ਇਸ ਲਈ ਅਰਜ਼ੀ ਦੇ ਸਕਣਗੇ। ਇਸ ਕਰਜ਼ੇ ਨੂੰ ਛੇ ਕਾਰਜਕਾਰੀ ਦਿਨਾਂ ਵਿਚ ਮਨਜ਼ੂਰ ਕੀਤਾ ਜਾਵੇਗਾ ਅਤੇ ਕਰਜ਼ੇ ਦਾ ਭੁਗਤਾਨ 30 ਮਹੀਨਾਵਾਰ ਕਿਸ਼ਤਾਂ (EMIs) ਵਿਚ ਕਰਨਾ ਹੋਵੇਗਾ।