ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਦੀ ਗ੍ਰੋਥ ਸਤੰਬਰ ’ਚ 8 ਮਹੀਨੇ ਦੇ ਹੇਠਲੇ ਪੱਧਰ ’ਤੇ

Wednesday, Oct 02, 2024 - 04:36 PM (IST)

ਨਵੀਂ ਦਿੱਲੀ - ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਦੀਆਂ ਸਰਗਰਮੀਆਂ ਸਤੰਬਰ ’ਚ 8 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈਆਂ। ਮੰਗਲਵਾਰ ਨੂੰ ਇਕ ਮਹੀਨਾਵਾਰੀ ਸਰਵੇਖਣ ’ਚ ਇਹ ਗੱਲ ਸਾਹਮਣੇ ਆਈ। ਇਸ ’ਚ ਇਹ ਦੱਸਿਆ ਗਿਆ ਹੈ ਕਿ ਕਾਰਖਾਨਾ ਉਤਪਾਦਨ, ਵਿਕਰੀ ਅਤੇ ਨਵੇਂ ਬਰਾਮਦ ਆਰਡਰ ’ਚ ਹੌਲੀ ਵਾਧੇ ਨਾਲ ਇਹ ਰੁਝਾਨ ਦੇਖਣ ਨੂੰ ਮਿਲਿਆ ਹੈ। ਐੱਚ. ਐੱਸ. ਬੀ. ਸੀ. ਇੰਡੀਆ ਵਿਨਿਰਮਾਣ ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ਸਤੰਬਰ ’ਚ 56.5 ਰਿਹਾ, ਜੋ ਅਗਸਤ ’ਚ 57.5 ਸੀ। ਪੀ. ਐੱਮ. ਆਈ. ਦੇ ਤਹਿਤ 50 ਤੋਂ ਉੱਪਰ ਸੂਚਕ ਅੰਕ ਹੋਣ ਦਾ ਮਤਲੱਬ ਉਤਪਾਦਨ ਸਰਗਰਮੀਆਂ ’ਚ ਵਿਸਥਾਰ ਹੈ, ਜਦੋਂ ਕਿ 50 ਤੋਂ ਹੇਠਾਂ ਦਾ ਅੰਕੜਾ ਕਮੀ ਨੂੰ ਦਰਸਾਉਂਦਾ ਹੈ।

ਐੱਚ. ਐੱਸ. ਬੀ. ਸੀ. ਦੇ ਮੁੱਖ ਅਰਥਸ਼ਾਸਤਰੀ (ਭਾਰਤ) ਪ੍ਰਾਂਜੁਲ ਭੰਡਾਰੀ ਨੇ ਕਿਹਾ ਕਿ ਗਰਮੀਆਂ ਦੇ ਮੌਸਮ ’ਚ ਬਹੁਤ ਮਜ਼ਬੂਤ ਵਾਧੇ ਤੋਂ ਬਾਅਦ ਸਤੰਬਰ ’ਚ ਭਾਰਤ ਦੇ ਵਿਨਿਰਮਾਣ ਖੇਤਰ ਦੀ ਰਫ਼ਤਾਰ ਹੌਲੀ ਹੋ ਗਈ। ਉਨ੍ਹਾਂ ਕਿਹਾ ਕਿ ਉਤਪਾਦਨ ਅਤੇ ਨਵੇਂ ਆਰਡਰ ਦੀ ਹੌਲੀ ਰਫ਼ਤਾਰ ਅਤੇ ਬਰਾਮਦ ਮੰਗ ਵਾਧੇ ’ਚ ਮੰਦੀ ਵਿਸ਼ੇਸ਼ ਤੌਰ ’ਤੇ ਸਪੱਸ਼ਟ ਰਹੀ ਕਿਉਂਕਿ ਨਵੇਂ ਬਰਾਮਦ ਆਰਡਰ ਪੀ. ਐੱਮ. ਆਈ. ਮਾਰਚ 2023 ਤੋਂ ਬਾਅਦ ਸਭ ਤੋਂ ਘੱਟ ਰਹੇ। ਕਾਰੋਬਾਰੀ ਵਿਸ਼ਵਾਸ ਦਾ ਪੂਰਨ ਪੱਧਰ ਅਪ੍ਰੈਲ 2023 ਤੋਂ ਬਾਅਦ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ। ਲੱਗਭਗ 23 ਫ਼ੀਸਦੀ ਭਾਰਤੀ ਵਿਨਿਰਮਾਤਾਵਾਂ ਨੇ ਆਉਣ ਵਾਲੇ ਸਾਲ ’ਚ ਉਤਪਾਦਨ ’ਚ ਵਾਧੇ ਦਾ, ਜਦੋਂ ਕਿ ਬਾਕੀਆਂ ਨੇ ਕੋਈ ਬਦਲਾਅ ਨਾ ਹੋਣ ਦਾ ਅੰਦਾਜ਼ਾ ਲਗਾਇਆ ਹੈ। ਐੱਚ. ਐੱਸ. ਬੀ. ਸੀ. ਇੰਡੀਆ ਵਿਨਿਰਮਾਣ ਪੀ. ਐੱਮ. ਆਈ. ਨੂੰ ਐੱਸ. ਐਂਡ ਪੀ. ਗਲੋਬਲ ਨੇ ਲੱਗਭਗ 400 ਕੰਪਨੀਆਂ ਦੇ ਇਕ ਸਮੂਹ ’ਚ ਖਰੀਦ ਪ੍ਰਬੰਧਕਾਂ ਨੂੰ ਭੇਜੇ ਗਏ ਸਵਾਲਾਂ ਦੇ ਜਵਾਬਾਂ ਦੇ ਆਧਾਰ ’ਤੇ ਤਿਆਰ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sunaina

Content Editor

Related News