ਬੈਂਕਾਂ ਨੂੰ ਜੈੱਟ ਏਅਰਵੇਜ਼ ਲਈ ਨਹੀਂ ਮਿਲੀ ਪਹਿਲੇ ਦਿਨ ਇਕ ਵੀ ਬੋਲੀ, ਇਨ੍ਹਾਂ ਤੋਂ ਉਮੀਦ

Tuesday, Apr 09, 2019 - 09:36 AM (IST)

ਬੈਂਕਾਂ ਨੂੰ ਜੈੱਟ ਏਅਰਵੇਜ਼ ਲਈ ਨਹੀਂ ਮਿਲੀ ਪਹਿਲੇ ਦਿਨ ਇਕ ਵੀ ਬੋਲੀ, ਇਨ੍ਹਾਂ ਤੋਂ ਉਮੀਦ

ਮੁੰਬਈ — ਜੈੱਟ ਏਅਰਵੇਜ਼ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਨੇ ਸੰਭਾਵਿਤ ਨਿਵੇਸ਼ਕਾਂ ਨੂੰ ਕੰਪਨੀ 'ਚ 31.4-75 ਫੀਸਦੀ ਤੱਕ ਦੀ ਹਿੱਸੇਦਾਰੀ ਆਫਰ ਕੀਤੀ ਹੈ ਪਰ ਵਿੱਤੀ ਸੰਕਟ 'ਚ ਫਸੀ ਏਅਰਵੇਜ਼ ਦੀ ਬਿਡਿੰਗ ਪ੍ਰਕਿਰਿਆ ਦੇ ਪਹਿਲੇ ਦਿਨ ਕਿਸੇ ਵੀ ਨਿਵੇਸ਼ਕ ਨੇ ਬੋਲੀ ਨਹੀਂ ਲਗਾਈ। ਦੋ ਸੂਤਰਾਂ ਨੇ ਦੱਸਿਆ ਕਿ ਸੰਭਾਵੀ ਨਿਵੇਸ਼ਕਾਂ ਵਲੋਂ ਸਵਾਲ ਵੀ ਨਹੀਂ ਆਏ। ਨਿਵੇਸ਼ਕ ਜੈੱਟ ਲਈ 10 ਅਪ੍ਰੈਲ ਦੀ ਸ਼ਾਮ 6 ਵਜੇ ਤੱਕ ਐਕਸਪ੍ਰੈਸ਼ਨ ਆਫ ਇੰਟਰੇਸਟ ਪੱਤਰ ਦੇ ਸਕਦੇ ਹਨ।

ਇਨ੍ਹਾਂ ਤੋਂ ਹੈ ਉਮੀਦ

ਜੈੱਟ ਨੂੰ ਕਰਜ਼ਾ ਦੇਣ ਵਾਲੇ ਬੈਂਕ ਨੇ ਸਟੇਟ ਬੈਂਕ ਦੀ ਅਗਵਾਈ 'ਚ ਇਸ ਲਈ ਪ੍ਰਾਈਵੇਟ ਇਕੁਇਟੀ ਫੰਡ ਟੀਪੀਜੀ, ਭਾਰਤ ਸਰਕਾਰ ਦੇ ਨਿਵੇਸ਼ ਵਾਲੇ ਨੈਸ਼ਨਲ ਇਨਫਰਾਸਟਰੱਕਚਰ ਇਨਵੈਸਟਮੈਂਟ ਫੰਡ(NIIF), ਅਮਰੀਕਾ ਦੀ ਡੇਲਟਾ ਏਅਰਲਾਈਂਸ ਦੇ ਨਾਲ-ਨਾਲ ਟਾਟਾ ਅਤੇ ਅਡਾਣੀ ਵਰਗੇ ਬਿਜ਼ਨੈੱਸ ਸਮੂਹ ਨਾਲ ਸੰਪਰਕ ਕੀਤਾ ਹੈ। ਬੈਂਕਾਂ ਨੂੰ ਆਉਣ ਵਾਲੇ ਦੋ ਦਿਨਾਂ 'ਚ ਨਿਵੇਸ਼ਕਾਂ ਦੀ ਪ੍ਰਤਿਕਿਰਿਆ ਮਿਲਣ ਦੀ ਉਮੀਦ ਹੈ। ਜੈੱਟ ਵਿਚ ਕਿੰਨੀ ਹਿੱਸੇਦਾਰੀ ਵੇਚੀ ਜਾਵੇਗੀ, ਇਹ ਰਿਜ਼ਰਵ ਬੈਂਕ 'ਤੇ ਨਿਰਭਰ ਕਰਦਾ ਹੈ। ਬੈਂਕਾਂ ਨੇ ਕੰਪਨੀ ਨੂੰ ਜਿਹੜਾ ਕਰਜ਼ਾ ਦਿੱਤਾ ਹੈ ਉਸਦੇ ਜਿੰਨੇ ਹਿੱਸੇ ਨੂੰ ਸ਼ੇਅਰਾਂ ਵਿਚ ਬਦਲਣ ਦੀ ਇਜਾਜ਼ਤ ਰਿਜ਼ਰਵ ਬੈਂਕ ਦੇਵੇਗਾ, ਉਨੀਂ ਹਿੱਸੇਦਾਰੀ ਹੀ ਉਹ ਵੇਚ ਸਕਣਗੇ।

RBI ਦਾ ਸਰਕੂਲਰ ਰੱਦ ਹੋਣ ਕਾਰਨ ਬਦਲਿਆ ਮਾਮਲਾ

ਇਕ ਸੂਤਰ ਨੇ ਦੱਸਿਆ ਕਿ ਬੈਂਕ ਅਜੇ ਸਿਰਫ 31.4 ਫੀਸਦੀ ਸ਼ੇਅਰ ਕਿਸੇ ਨਿਵੇਸ਼ਕ ਨੂੰ ਵੇਚ ਸਕਦੇ ਹਨ ਜਿਹੜੇ ਉਨ੍ਹਾਂ ਕੋਲ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਨੇ ਗਿਰਵੀ ਰੱਖੇ ਸਨ। ਗੋਇਲ ਨੂੰ 10 ਦਿਨ ਪਹਿਲਾ ਏਅਰਲਾਇਨ ਦੇ ਬੋਰਡ ਤੋਂ ਹਟਣਾ ਪਿਆ ਸੀ ਅਤੇ ਚੇਅਰਮੈਨ ਦਾ ਅਹੁਦਾ ਵੀ ਛੱਡਣਾ ਪਿਆ ਸੀ ਅਤੇ ਬੈਂਕ ਕੰਪਨੀ ਨੂੰ ਦਿੱਤੇ ਗਏ ਕਰਜ਼ੇ ਨੂੰ ਸ਼ੇਅਰ ਵਿਚ ਬਦਲ ਕੇ ਜੈੱਟ 'ਚ 51 ਫੀਸਦੀ ਹਿੱਸੇਦਾਰੀ ਲੈਣ ਨੂੰ ਤਿਆਰ ਹੋਏ ਸਨ। ਹਾਲਾਂਕਿ ਸੁਪਰੀਮ ਕੋਰਟ ਦੇ ਰਿਜ਼ਰਵ ਬੈਂਕ ਦੇ 12 ਫਰਵਰੀ 2018 ਦੇ ਸਰਕੂਲਰ ਨੂੰ ਰੱਦ ਕਰਨ ਨਾਲ ਇਸ 'ਤੇ ਭਰਮ ਪੈਦਾ ਹੋ ਗਿਆ ਹੈ। ਇਸੇ ਸਰਕੂਲਰ ਦੇ ਤਹਿਤ ਬੈਂਕਾਂ ਨੇ ਕੰਪਨੀ ਨੂੰ ਦਿੱਤੇ ਗਏ ਕਰਜ਼ੇ ਦੀ ਰੀਸਟਰੱਕਚਰਿੰਗ ਦੀ ਸਹਿਮਤੀ ਦਿੱਤੀ ਸੀ।

ਹੁਣ RBI ਦੀ ਮਨਜ਼ੂਰੀ ਦਾ ਇੰਤਜ਼ਾਰ

RBI ਦਾ ਸਰਕੂਲਰ ਰੱਦ ਹੋਣ ਕਾਰਨ ਅਜੇ ਜੈੱਟ ਦੇ 51 ਫੀਸਦੀ ਸ਼ੇਅਰ ਪਹਿਲਾਂ ਦੀ ਤਰ੍ਹਾਂ ਗੋਇਲ ਦੇ ਕੋਲ ਹਨ ਅਤੇ 24 ਫੀਸਦੀ ਹਿੱਸੇਦਾਰੀ ਸਾਂਝੇਦਾਰ ਏਤਿਹਾਦ ਏਅਰਵੇਜ਼ ਦੇ ਕੋਲ ਹਨ। ਬੈਂਕਾਂ ਨੂੰ ਹੁਣ ਲੋਨ ਨੂੰ ਸ਼ੇਅਰ ਵਿਚ ਬਦਲਣ ਲਈ  RBI ਦੀ ਮਨਜ਼ੂਰੀ ਦਾ ਇੰਤਜ਼ਾਰ ਹੈ। ਜੇਕਰ ਕਿਸੇ ਕਾਰਨ RBI ਰਾਜ਼ੀ ਨਹੀਂ ਹੁੰਦਾ ਤਾਂ ਸੰਭਾਵੀ ਨਿਵੇਸ਼ਕ 31.4 ਫੀਸਦੀ ਸਟੇਕ ਹੀ ਖਰੀਦ ਸਕਣਗੇ। ਇਸ ਦੇ ਨਾਲ ਹੀ ਓਪਨ ਆਫਰ ਲਿਆਉਣਾ ਹੋਵੇਗਾ, ਜਿਸ ਨਾਲ ਨਿਵੇਸ਼ਕਾਂ ਦੀ ਹਿੱਸੇਦਾਰੀ ਕੰਪਨੀ 'ਚ ਵਧ ਕੇ 51 ਫੀਸਦੀ ਤੋਂ ਜ਼ਿਆਦਾ ਹੋ ਸਕਦੀ ਹੈ। ਇਕ ਅਧਿਕਾਰੀ ਨੇ ਦੱਸਿਆ,'ਬੈਂਕਾਂ ਕੋਲ ਅਪਰੂਵਲ ਜਾਂ ਨਵੇਂ ਸਰਕੂਲਰ ਦਾ ਇੰਤਜ਼ਾਰ ਕਰਨ ਦਾ ਸਮਾਂ ਨਹੀਂ ਹੈ ਕਿਉਂਕਿ ਜੈੱਟ ਨੂੰ ਹੁਣੇ ਨਕਦੀ ਦੀ ਜ਼ਰੂਰਤ ਹੈ। ਇਸ ਲਈ ਬੈਂਕ ਅਤੇ ਸਟੇਟ ਬੈਂਕ ਕੈਪੀਟਲ ਮਾਰਕਿਟਸ ਨੇ ਬੀਡਿੰਗ ਪ੍ਰੋਸੈੱਸ ਸ਼ੁਰੂ ਕਰ ਦਿੱਤਾ ਹੈ। ਉਹ ਕੰਪਨੀ ਦੇ ਜ਼ਿਆਦਾ ਸ਼ੇਅਰ ਆਫਰ ਕਰਨ ਲਈ ਗੋਇਲ ਅਤੇ ਏਤਿਹਾਦ ਨਾਲ ਗੱਲਬਾਤ ਕਰ ਰਹੇ ਹਨ।

ਏਤਿਹਾਦ ਕੋਲ ਦੋ ਵਿਕਲਪ

ਜੈੱਟ 'ਚ 24 ਫੀਸਦੀ ਹਿੱਸੇਦਾਰੀ ਰੱਖਣ ਵਾਲੀ ਏਤਿਹਾਦ ਨੂੰ ਬੈਂਕ ਓਪਨ ਆਫਰ ਲਿਆਉਣ ਲਈ ਮਨ੍ਹਾ ਰਹੇ ਹਨ। ਹਾਲਾਂਕਿ ਪੱਛਮੀ ਏਸ਼ਿਆ ਦੀ ਹਵਾਈ ਕੰਪਨੀ ਨੇ ਇਸ ਤੋਂ ਛੋਟ ਦੀ ਸ਼ਰਤ ਰੱਖੀ ਹੈ। ਸਟੇਟ ਬੈਂਕ ਗਰੁੱਪ ਦੇ ਇਕ ਵੱਡੇ ਅਧਿਕਾਰੀ ਨੇ ਦੱਸਿਆ ਕਿ ਓਪਨ ਆਫਰ ਨਾਲ ਸ਼ਾਇਦ ਹੀ ਛੋਟ ਦਿੱਤੀ ਜਾਵੇ। ਅਜਿਹੇ 'ਚ ਏਤਿਹਾਦ ਨੂੰ ਜਾਂ ਤਾਂ ਦੂਜੇ ਨਿਵੇਸ਼ਕਾਂ ਨਾਲ ਮਿਲ ਕੇ ਬੋਲੀ ਲਗਾਉਣੀ ਹੋਵੇਗੀ ਜਾਂ ਪਹਿਲੇ ਦੇ ਫੈਸਲੇ ਦੇ ਮੁਤਾਬਕ ਉਸਨੂੰ ਕੰਪਨੀ ਵਿਚੋਂ ਨਿਕਲਣਾ ਹੋਵੇਗਾ।
 


Related News