ਸਪੈਕਟ੍ਰਮ ਵੰਡ ਨੂੰ ਲੈ ਕੇ ਟਰਾਈ ਦੇ ਸੁਝਾਅ ਉਡੀਕੇਗਾ ਦੂਰਸੰਚਾਰ ਵਿਭਾਗ
Sunday, Jan 21, 2018 - 11:24 PM (IST)

ਨਵੀਂ ਦਿੱਲੀ -ਦੂਰਸੰਚਾਰ ਵਿਭਾਗ ਨੇ ਸਪੈਕਟ੍ਰਮ ਵੰਡ ਦੇ ਅਗਲੇ ਦੌਰ ਦੇ ਸਮੇਂ ਬਾਰੇ ਬਦਲ ਖੁੱਲ੍ਹਾ ਰੱਖਿਆ ਹੈ। ਇਕ ਉੱਚ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਕੋਈ ਰਾਇ ਬਣਾਉਣ ਤੋਂ ਪਹਿਲਾਂ ਦੂਰਸੰਚਾਰ ਰੈਗੂਲੇਟਰੀ ਟਰਾਈ ਦੀ ਰਿਪੋਰਟ ਦੀ ਉਡੀਕ ਕਰੇਗਾ।
ਟਰਾਈ ਨੇ ਸਪੈਕਟ੍ਰਮ ਵੰਡ ਨੂੰ ਲੈ ਕੇ ਦੂਰਸੰਚਾਰ ਕੰਪਨੀਆਂ ਦੇ ਨਾਲ ਪਿਛਲੇ ਹਫ਼ਤੇ ਗੱਲਬਾਤ ਕੀਤੀ ਸੀ। ਸਾਰੀਆਂ ਕੰਪਨੀਆਂ ਨੇ ਡਿੱਗਦੇ ਲਾਭ, ਜ਼ਿਆਦਾ ਚਾਰਜ ਆਦਿ ਦਾ ਹਵਾਲਾ ਦੇ ਕੇ ਵਿੱਤੀ ਦਬਾਅ ਦੇ ਮੱਦੇਨਜ਼ਰ ਅਜੇ ਵੰਡ ਦਾ ਵਿਰੋਧ ਕੀਤਾ। ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਨੇ ਕਿਹਾ ਕਿ ਰੈਗੂਲੇਟਰੀ ਅਜੇ ਉਦਯੋਗ ਜਗਤ ਨਾਲ ਸਲਾਹ-ਮਸ਼ਵਰਾ ਕਰ ਰਿਹਾ ਹੈ। ਇਹ ਕਾਫ਼ੀ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਰੇਡੀਓ ਤਰੰਗਾਂ ਦੀ ਮੰਗ ਤੇ ਖਰੀਦਣ ਦੀਆਂ ਚਾਹਵਾਨ ਕੰਪਨੀਆਂ ਦਾ ਪਤਾ ਲੱਗੇਗਾ।
ਉਨ੍ਹਾਂ ਕਿਹਾ, ''ਅਸੀਂ ਟਰਾਈ ਦਾ ਇੰਤਜ਼ਾਰ ਕਰਾਂਗੇ। ਅਸੀਂ ਉਨ੍ਹਾਂ ਦੇ ਸੁਝਾਅ ਦੇ ਆਧਾਰ 'ਤੇ ਤੈਅ ਕਰਾਂਗੇ ਕਿਉਂਕਿ ਉਹ ਉਦਯੋਗ ਜਗਤ ਨਾਲ ਗੱਲ ਕਰ ਕੇ ਸਾਨੂੰ ਇਹ ਦੱਸਣ 'ਚ ਸਮਰੱਥ ਹੋਣਗੇ ਕਿ ਲੋਕ ਜ਼ਿਆਦਾ ਸਪੈਕਟ੍ਰਮ ਚਾਹੁੰਦੇ ਹਾਂ ਜਾਂ ਨਹੀਂ।''