ਵੱਡੀ ਖ਼ੁਸ਼ਖ਼ਬਰੀ! ਬੁਕਿੰਗ ਦੇ 30 ਮਿੰਟਾਂ 'ਚ ਡਿਲਿਵਰ ਹੋਵੇਗਾ LPG ਸਿਲੰਡਰ
Tuesday, Jan 12, 2021 - 08:39 PM (IST)
ਨਵੀਂ ਦਿੱਲੀ- LPG ਯਾਨੀ ਰਸੋਈ ਗੈਸ ਸਿਲੰਡਰ ਦੀ ਡਿਲਿਵਰੀ ਲਈ ਦਿਨਾਂ ਦਾ ਇੰਤਜ਼ਾਰ ਕਰਨਾ ਜਲਦ ਹੀ ਬੀਤੇ ਸਮੇਂ ਦੀ ਗੱਲ ਹੋਣ ਜਾ ਰਹੀ ਹੈ। ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ. ਐੱਲ.) 'ਤਤਕਾਲ ਐੱਲ. ਪੀ. ਜੀ. ਸੇਵਾ' ਸ਼ੁਰੂ ਕਰਨ ਵਾਲੀ ਹੈ। ਹੁਣ ਸਿਲੰਡਰ ਲਈ ਲੰਮਾ ਇੰਤਜ਼ਾਰ ਨਹੀਂ ਕਰਨਾ ਪਵੇਗਾ, ਖ਼ਪਤਕਾਰ ਬੁੱਕ ਕੀਤੇ ਜਾਣ ਦੇ ਦਿਨ ਹੀ ਇਸ ਨੂੰ ਪ੍ਰਾਪਤ ਕਰ ਸਕਣਗੇ।
ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਹਰ ਸੂਬੇ ਵਿਚ ਘੱਟੋ-ਘੱਟ ਇਕ ਮੁੱਖ ਸ਼ਹਿਰ ਜਾਂ ਜ਼ਿਲ੍ਹੇ ਦੀ ਪਛਾਣ ਕੀਤੀ ਜਾ ਰਹੀ ਹੈ, ਜਿੱਥੇ ਇਕ ਸਿਲੰਡਰ ਵਾਲੇ ਖ਼ਪਤਕਾਰਾਂ ਲਈ 'ਤਤਕਾਲ ਐੱਲ. ਪੀ. ਜੀ. ਸੇਵਾ' ਸ਼ੁਰੂ ਕੀਤੀ ਜਾ ਸਕੇ। ਇਸ ਯੋਜਨਾ ਤਹਿਤ 30 ਤੋਂ 45 ਮਿੰਟਾਂ ਦੇ ਅੰਦਰ-ਅੰਦਰ ਖ਼ਪਤਕਾਰਾਂ ਨੂੰ ਐੱਲ. ਪੀ. ਜੀ. ਸਿਲੰਡਰ ਦੀ ਡਿਲਿਵਰੀ ਕੀਤੀ ਜਾਵੇਗੀ।
ਇਹ ਪਹਿਲ ਸਰਕਾਰ ਦੀ 'ਈਜ਼ ਆਫ਼ ਲਿਵਿੰਗ' ਦਾ ਹਿੱਸਾ ਹੈ। ਫਿਲਹਾਲ ਆਈ. ਓ. ਸੀ. ਐੱਲ. ਇਸ ਯੋਜਨਾ ਨੂੰ ਅੰਤਿਮ ਰੂਪ ਦੇ ਰਹੀ ਹੈ।
ਜਾਣਕਾਰਾਂ ਅਨੁਸਾਰ, ਇਹ ਸੇਵਾ ਜਲਦ ਹੀ ਸ਼ੁਰੂ ਕੀਤੀ ਜਾਣ ਵਾਲੀ ਹੈ ਅਤੇ ਟੀਚਾ 1 ਫਰਵਰੀ ਤੋਂ ਹੀ ਇਸ ਨੂੰ ਸ਼ੁਰੂ ਕਰਨ ਦਾ ਹੈ। ਇੰਡੀਅਨ ਆਇਲ ਆਪਣੇ ਐੱਲ. ਪੀ. ਜੀ. ਸਿਲੰਡਰਾਂ ਨੂੰ ਇੰਡੇਨ ਬ੍ਰਾਂਡ ਰਾਹੀਂ ਬਾਜ਼ਾਰ ਵਿਚ ਵੇਚਦੀ ਹੈ। ਇਸ ਦੇ ਦੇਸ਼ ਭਰ ਵਿਚ ਲਗਭਗ 14 ਕਰੋੜ ਘਰੇਲੂ ਐੱਲ. ਪੀ. ਜੀ. ਗਾਹਕ ਹਨ। ਇਕ ਅਧਿਕਾਰੀ ਨੇ ਕਿਹਾ ਕਿ ਡਿਲਿਵਰੀ ਲਈ ਡੀਲਰਾਂ ਦੇ ਮੌਜੂਦਾ ਨੈੱਟਵਰਕ ਨੂੰ ਹੀ ਇਸਤੇਮਾਲ ਕੀਤਾ ਜਾਵੇਗਾ। ਇੰਡੀਅਨ ਆਇਲ ਦੀ ਤਤਕਾਲ ਐੱਲ. ਪੀ. ਜੀ. ਸੇਵਾ ਦਾ ਫਾਇਦਾ ਉਨ੍ਹਾਂ ਖ਼ਪਤਕਾਰਾਂ ਨੂੰ ਹੋਵੇਗਾ ਜਿਨ੍ਹਾਂ ਕੋਲ ਸਿਰਫ਼ ਇਕ ਹੀ ਸਿਲੰਡਰ ਹੈ ਅਤੇ ਇਸ ਦੇ ਖ਼ਤਮ ਹੋਣ ਨਾਲ ਉਨ੍ਹਾਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ, ਦੂਜੀ ਸ਼੍ਰੇਣੀ ਦੋ ਸਿਲੰਡਰਾਂ ਵਾਲੇ ਖ਼ਪਤਕਾਰਾਂ ਦੀ ਹੈ, ਜਿਨ੍ਹਾਂ ਕੋਲ ਇਕ ਖ਼ਤਮ ਹੋਣ 'ਤੇ ਦੂਜਾ ਇਸਤੇਮਾਲ ਕਰਨ ਦੀ ਸੁਵਿਧਾ ਹੁੰਦੀ ਹੈ।