APPLE ਲਈ ਟਾਟਾ ਬਣਾਏਗਾ ਕੰਪੋਨੈਂਟਸ, 5000 ਕਰੋੜ ਦਾ ਕਰੇਗਾ ਨਿਵੇਸ਼!

10/28/2020 2:09:13 PM

ਨਵੀਂ ਦਿੱਲੀ— ਜਲਦ ਹੀ ਐਪਲ ਫੋਨਾਂ ਦੇ ਕੰਪੋਨੈਂਟਸ ਵੀ ਭਾਰਤ 'ਚ ਤਿਆਰ ਹੋਣਗੇ। ਟਾਟਾ ਗਰੁੱਪ ਤਾਮਿਲਨਾਡੂ ਦੇ ਹੋਸੂਰ 'ਚ ਫੋਨ ਕੰਪੋਨੈਂਟ ਨਿਰਮਾਣ ਪਲਾਂਟ ਲਾਉਣ ਲਈ 5,000 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ। ਖ਼ਬਰ ਹੈ ਕਿ ਇਸ ਪਲਾਂਟ 'ਚ ਐਪਲ ਲਈ ਕੰਪੋਨੈਂਟਸ ਤਿਆਰ ਕੀਤੇ ਜਾਣਗੇ।

ਨਵੀਂ ਕੰਪਨੀ ਟਾਟਾ ਇਲੈਕਟ੍ਰਾਨਿਕਸ ਨੂੰ ਟਿਡਕੋ (ਤਾਮਿਲਨਾਡੂ ਉਦਯੋਗਿਕ ਵਿਕਾਸ ਨਿਗਮ) ਨੇ 500 ਏਕੜ ਜ਼ਮੀਨ ਦਿੱਤੀ ਹੈ ਅਤੇ ਮੰਗਲਵਾਰ ਨੂੰ ਇਸ ਦੀ ਭੂਮੀ ਪੂਜਾ ਕੀਤੀ ਗਈ ਹੈ।

ਹਾਲਾਂਕਿ, ਨਾ ਤਾਂ ਟਾਟਾ ਗਰੁੱਪ ਅਤੇ ਨਾ ਹੀ ਤਾਮਿਲਨਾਡੂ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਪਰ ਸੂਤਰਾਂ ਨੇ ਕਿਹਾ ਕਿ ਇਹ ਪਲਾਂਟ ਐਪਲ ਲਈ ਕੰਪੋਨੈਂਟਸ ਤਿਆਰ ਕਰੇਗਾ, ਜੋ ਕਿ ਚੀਨ ਤੋਂ ਬਾਹਰ ਨਿਕਲਣ ਲਈ ਸੋਰਸਿੰਗ ਬੇਸ ਦੀ ਤਲਾਸ਼ ਕਰ ਰਹੀ ਹੈ। ਫਾਕਸਕੋਨ ਪਹਿਲਾਂ ਹੀ ਭਾਰਤ 'ਚ ਚੇਨੱਈ ਦੇ ਸ੍ਰੀਪੇਰੁੰਬਦੁਰ 'ਚ ਐਪਲ ਲਈ ਫੋਨਾਂ ਦਾ ਨਿਰਮਾਣ ਕਰ ਰਿਹਾ ਹੈ, ਜਿਸ 'ਚ ਆਈਫੋਨ-11 ਵੀ ਸ਼ਾਮਲ ਹੈ। ਹੁਣ ਭਾਰਤ 'ਚ ਜੇਕਰ ਉਸ ਦੇ ਫੋਨਾਂ ਦੇ ਕੰਪੋਨੈਂਟਸ ਵੀ ਤਿਆਰ ਹੁੰਦੇ ਹਨ ਤਾਂ ਇਸ ਨਾਲ ਆਈਫੋਨਾਂ ਦੀ ਕੀਮਤ ਘੱਟ ਹੋਵੇਗੀ।

ਕਿਹਾ ਜਾ ਰਿਹਾ ਹੈ ਕਿ ਇਸ ਪ੍ਰਾਜੈਕਟ ਨੂੰ ਤਕਨੀਕੀ ਤੌਰ 'ਤੇ ਟਾਈਟਨ ਇੰਜੀਨੀਅਰਿੰਗ ਐਂਡ ਆਟੋਮੇਸ਼ਨ ਲਿਮਟਿਡ ਵੱਲੋਂ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਟਾਟਾ ਗਰੁੱਪ ਦੇ ਇਸ ਨਵੇਂ ਪਲਾਂਟ 'ਚ ਅਕਤੂਬਰ 2021 ਤੱਕ 18,000 ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ, ਜਿਸ 'ਚ 90 ਫੀਸਦੀ ਗਿਣਤੀ ਔਰਤਾਂ ਦੀ ਹੋਵੇਗੀ। ਇਹ ਵੀ ਖ਼ਬਰਾਂ ਹਨ ਕਿ ਵਿਸਟ੍ਰੋਨ ਅਤੇ ਪੇਗਾਟ੍ਰੋਨ ਸਮੇਤ ਹੋਰ ਪ੍ਰਮੁੱਖ ਨਿਰਮਾਤਾ ਵੀ ਚੀਨ ਦੇ ਬਦਲ ਦੇ ਤੌਰ 'ਤੇ ਭਾਰਤ ਦੇ ਤਾਮਿਲਨਾਡੂ 'ਚ ਨਿਵੇਸ਼ ਦੀ ਯੋਜਨਾ ਬਣਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਹਾਲ ਹੀ 'ਚ ਚੁੱਕੇ ਗਏ ਕਦਮਾਂ ਅਤੇ ਤਾਮਿਲਨਾਡੂ ਦੀ ਹਾਂ-ਪੱਖੀ ਇਲੈਕਟ੍ਰਾਨਿਕਸ ਹਾਰਡਵੇਅਰ ਨਿਰਮਾਣ ਪਾਲਿਸੀ 2020 ਕਾਰਨ ਨਵੇਂ ਪ੍ਰਾਜੈਕਟ ਉੱਥੋਂ ਦਾ ਰੁਖ਼ ਕਰ ਰਹੇ ਹਨ।


Sanjeev

Content Editor

Related News