ਟਰੰਪ ਦੇ ਬਿਆਨ ਤੋਂ ਬਾਅਦ ਸ਼ੇਅਰ ਬਾਜ਼ਾਰ ਨੇ ਲਗਾਈ ਦੌੜ : ਸੈਂਸੈਕਸ 1100 ਤੋਂ ਵਧ ਅੰਕ ਚੜ੍ਹਿਆ
Wednesday, Apr 01, 2026 - 03:47 PM (IST)
ਬਿਜ਼ਨੈੱਸ ਡੈਸਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤਾਜ਼ਾ ਬਿਆਨ ਨੇ ਨਿਵੇਸ਼ਕਾਂ ਨੂੰ ਰਾਹਤ ਦਿੱਤੀ ਹੈ। ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ, 1 ਅਪ੍ਰੈਲ ਨੂੰ ਭਾਰੀ ਤੇਜ਼ੀ ਦੇਖਣ ਨੂੰ ਮਿਲੀ। ਪਿਛਲੇ ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਬਾਜ਼ਾਰ ਨੇ ਅੱਜ ਜ਼ੋਰਦਾਰ ਵਾਪਸੀ ਕੀਤੀ ਹੈ, ਜਿਸ ਨਾਲ ਨਿਵੇਸ਼ਕਾਂ ਨੇ ਸੁੱਖ ਦਾ ਸਾਹ ਲਿਆ ਹੈ। ਅੱਜ ਕਾਰੋਬਾਰ ਦਰਮਿਆਨ ਸੈਂਸੈਕਸ 1900 ਅੰਕਾਂ ਤੱਕ ਉਛਲ ਗਿਆ, ਜਦਕਿ ਨਿਫਟੀ 2.6% ਦੀ ਛਾਲ ਮਾਰ ਕੇ 22,900 ਦੇ ਪੱਧਰ ਨੂੰ ਪਾਰ ਕਰ ਗਿਆ।
ਮੌਜੂਦਾ ਸਮੇਂ ਸੈਂਸੈਕਸ 1186.77 ਅੰਕ ਭਾਵ 1.65% ਦੇ ਵਾਧੇ ਨਾਲ 73,134.32 ਦੇ ਪੱਧਰ ਤੇ ਬੰਦ ਹੋਇਆ ਹੈ। ਸੈਂਸੈਕਸ ਸਿਰਫ਼ 4 ਸਟਾਕ ਵਾਧੇ ਨਾਲ ਅਤੇ 26 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ।
ਦੂਜੇ ਪਾਸੇ ਨਿਫਟੀ ਵੀ 348.00 ਅੰਕ ਭਾਵ 1.56% ਦੇ ਵਾਧੇ ਨਾਲ 22,679.40 ਦੇ ਪੱਧਰ ਤੇ ਬੰਦ ਹੋਇਆ ਹੈ। ਟਰੰਪ ਨੇ ਸੰਕੇਤ ਦਿੱਤਾ ਹੈ ਕਿ ਅਮਰੀਕਾ ਅਗਲੇ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਇਸ ਟਕਰਾਅ ਵਿੱਚੋਂ ਬਾਹਰ ਨਿਕਲ ਸਕਦਾ ਹੈ। ਇਸ ਦੇ ਨਾਲ ਹੀ ਈਰਾਨ ਨੇ ਵੀ ਕੁਝ ਸ਼ਰਤਾਂ 'ਤੇ ਜੰਗ ਖ਼ਤਮ ਕਰਨ ਦੀ ਇੱਛਾ ਜਤਾਈ ਹੈ। ਹਾਲਾਂਕਿ, 'ਸਟ੍ਰੇਟ ਆਫ ਹਾਰਮੁਜ਼' (Strait of Hormuz) ਰਾਹੀਂ ਸਪਲਾਈ ਵਿੱਚ ਰੁਕਾਵਟ ਦੇ ਖਦਸ਼ੇ ਕਾਰਨ ਬਾਜ਼ਾਰ ਵਿੱਚ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ।
ਬਾਜ਼ਾਰ ਵਿੱਚ ਤੇਜ਼ੀ ਦੇ 5 ਵੱਡੇ ਕਾਰਨ:
- ਭੂ-ਰਾਜਨੀਤਿਕ ਤਣਾਅ ਵਿੱਚ ਨਰਮੀ: ਪੱਛਮੀ ਏਸ਼ੀਆ (ਮਿਡਲ ਈਸਟ) ਵਿੱਚ ਜੰਗ ਜਲਦੀ ਖਤਮ ਹੋਣ ਦੇ ਸੰਕੇਤਾਂ ਨੇ ਨਿਵੇਸ਼ਕਾਂ ਦਾ ਮਨੋਬਲ ਵਧਾਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਅਮਰੀਕਾ ਅਗਲੇ 2 ਤੋਂ 3 ਹਫ਼ਤਿਆਂ ਵਿੱਚ ਇਰਾਨ ਵਿਰੁੱਧ ਫੌਜੀ ਕਾਰਵਾਈ ਖਤਮ ਕਰ ਸਕਦਾ ਹੈ।
- ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ: ਜੰਗ ਖਤਮ ਹੋਣ ਦੀਆਂ ਉਮੀਦਾਂ ਕਾਰਨ ਕੱਚੇ ਤੇਲ (Crude Oil) ਦੀਆਂ ਕੀਮਤਾਂ ਵਿੱਚ ਨਰਮੀ ਆਈ ਹੈ। ਬ੍ਰੈਂਟ ਕਰੂਡ ਦਾ ਭਾਅ 105 ਡਾਲਰ ਤੋਂ ਹੇਠਾਂ ਆ ਗਿਆ ਹੈ, ਜਿਸਦਾ ਸਿੱਧਾ ਫਾਇਦਾ ਭਾਰਤੀ ਬਾਜ਼ਾਰ ਨੂੰ ਮਿਲਿਆ ਹੈ।
- ਗਲੋਬਲ ਬਾਜ਼ਾਰਾਂ ਵਿੱਚ ਤੇਜ਼ੀ: ਅਮਰੀਕੀ ਬਾਜ਼ਾਰਾਂ, ਖਾਸ ਕਰਕੇ ਨੈਸਡੈਕ (Nasdaq) ਵਿੱਚ 4% ਦੇ ਉਛਾਲ ਅਤੇ ਏਸ਼ੀਆਈ ਬਾਜ਼ਾਰਾਂ ਵਿੱਚ 3.7% ਦੀ ਤੇਜ਼ੀ ਕਾਰਨ ਭਾਰਤੀ ਬਾਜ਼ਾਰ ਵਿੱਚ ਵੀ ਸਕਾਰਾਤਮਕ ਮਾਹੌਲ ਬਣਿਆ।
- ਹੇਠਲੇ ਪੱਧਰ 'ਤੇ ਖਰੀਦਦਾਰੀ (Value Buying): ਪਿਛਲੇ ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਨਿਵੇਸ਼ਕਾਂ ਨੇ ਹੇਠਲੇ ਪੱਧਰ 'ਤੇ ਸ਼ੇਅਰਾਂ ਦੀ ਖਰੀਦਦਾਰੀ ਸ਼ੁਰੂ ਕੀਤੀ। ਨਿਫਟੀ 50 ਦੇ ਸਾਰੇ 50 ਸ਼ੇਅਰ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਦੇ ਦੇਖੇ ਗਏ।
- India VIX ਵਿੱਚ ਵੱਡੀ ਗਿਰਾਵਟ: ਨਿਵੇਸ਼ਕਾਂ ਦੇ ਡਰ ਨੂੰ ਦਰਸਾਉਣ ਵਾਲਾ ਇੰਡੀਆ ਵੀਆਈਐਕਸ (India VIX) ਅੱਜ 10% ਡਿੱਗ ਕੇ 25 ਦੇ ਪੱਧਰ 'ਤੇ ਆ ਗਿਆ, ਜੋ ਬਾਜ਼ਾਰ ਵਿੱਚ ਸਥਿਰਤਾ ਦਾ ਸੰਕੇਤ ਹੈ।
ਸੈਕਟਰਾਂ ਦਾ ਹਾਲ
ਬਾਜ਼ਾਰ ਵਿੱਚ ਅੱਜ ਚਾਰੇ ਪਾਸੇ ਹਰਿਆਲੀ ਦੇਖਣ ਨੂੰ ਮਿਲੀ। ਸਭ ਤੋਂ ਵੱਧ ਤੇਜ਼ੀ ਆਈ.ਟੀ., ਇੰਡਸਟਰੀਅਲ, ਕੈਪੀਟਲ ਗੁਡਸ ਅਤੇ ਮੈਟਲ ਸ਼ੇਅਰਾਂ ਵਿੱਚ ਰਹੀ। ਮਿਡਕੈਪ ਅਤੇ ਸਮਾਲਕੈਪ ਇੰਡੈਕਸ ਵੀ ਸ਼ੁਰੂਆਤੀ ਕਾਰੋਬਾਰ ਵਿੱਚ 3 ਫੀਸਦੀ ਤੋਂ ਜ਼ਿਆਦਾ ਚੜ੍ਹ ਗਏ।
ਨਿਵੇਸ਼ਕਾਂ ਲਈ ਸਲਾਹ
ਬਾਜ਼ਾਰ ਮਾਹਿਰਾਂ ਅਨੁਸਾਰ, ਨਿਵੇਸ਼ਕਾਂ ਨੂੰ ਫਿਲਹਾਲ ਸਾਵਧਾਨੀ ਵਰਤਣੀ ਚਾਹੀਦੀ ਹੈ। ਨਵੀਂ 'ਲਾਂਗ ਪੁਜੀਸ਼ਨ' ਉਦੋਂ ਹੀ ਬਣਾਉਣੀ ਚਾਹੀਦੀ ਹੈ ਜਦੋਂ ਨਿਫਟੀ ਮਜ਼ਬੂਤੀ ਨਾਲ 24,000 ਦੇ ਪੱਧਰ ਤੋਂ ਉੱਪਰ ਟਿਕ ਜਾਵੇ। ਮੌਜੂਦਾ ਤੇਜ਼ੀ ਨੂੰ ਇੱਕ 'ਰਾਹਤ ਰੈਲੀ' ਵਜੋਂ ਵੀ ਦੇਖਿਆ ਜਾ ਸਕਦਾ ਹੈ।
