ਹਰੇ ਨਿਸ਼ਾਨ 'ਤੇ ਸ਼ੇਅਰ ਬਾਜ਼ਾਰ: ਸੈਂਸੈਕਸ 82,988 ਅੰਕ ਤੇ ਨਿਫਟੀ 25,445 ਦੇ ਪੱਧਰ 'ਤੇ ਹੋਇਆ ਬੰਦ

Monday, Sep 16, 2024 - 04:04 PM (IST)

ਹਰੇ ਨਿਸ਼ਾਨ 'ਤੇ ਸ਼ੇਅਰ ਬਾਜ਼ਾਰ:  ਸੈਂਸੈਕਸ 82,988 ਅੰਕ ਤੇ ਨਿਫਟੀ 25,445 ਦੇ ਪੱਧਰ 'ਤੇ ਹੋਇਆ ਬੰਦ

ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ ਅੱਜ 16 ਸਤੰਬਰ ਨੂੰ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਕਾਰੋਬਾਰ ਦੌਰਾਨ ਸੈਂਸੈਕਸ ਨੇ 83,184 ਦੇ ਪੱਧਰ ਨੂੰ ਛੂਹਿਆ ਅਤੇ ਨਿਫਟੀ 25,445 ਦੇ ਪੱਧਰ ਨੂੰ ਛੂਹ ਗਿਆ। ਹਾਲਾਂਕਿ ਇਸ ਤੋਂ ਬਾਅਦ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਅਤੇ ਸੈਂਸੈਕਸ 97.84 ਅੰਕ ਭਾਵ 0.12 ਫ਼ੀਸਦੀ ਦੇ ਵਾਧੇ ਨਾਲ 82,988 'ਤੇ ਬੰਦ ਹੋਇਆ ਹੈ। ਇਸ ਦੇ 15 ਸ਼ੇਅਰ ਵਾਧੇ ਨਾਲ ਅਤੇ 15 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। 

ਦੂਜੇ ਪਾਸੇ ਨਿਫਟੀ 'ਚ ਵੀ 27 ਅੰਕ ਭਾਵ 0.11 ਫ਼ੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਹ 25,383 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨਿਫਟੀ ਦੇ 26 ਸ਼ੇਅਰ ਵਾਧੇ ਨਾਲ ਅਤੇ 24 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। 

ਅੱਜ ਊਰਜਾ, ਆਟੋ, ਮੈਟਲ ਅਤੇ ਬੈਂਕਿੰਗ ਸ਼ੇਅਰਾਂ 'ਚ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ। NTPC ਨਿਫਟੀ 'ਚ ਸਭ ਤੋਂ ਵੱਧ ਲਾਭਕਾਰੀ ਰਿਹਾ। ਜਦੋਂ ਕਿ ਐਫਐਮਸੀਜੀ, ਵਿੱਤੀ ਅਤੇ ਆਈਟੀ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਬਜਾਜ ਫਾਈਨਾਂਸ ਸਭ ਤੋਂ ਜ਼ਿਆਦਾ ਘਾਟੇ 'ਚ ਰਿਹਾ।

ਆਈਸੀਆਈਸੀਆਈ ਬੈਂਕ, ਐਲਟੀ, ਐਚਡੀਐਫਸੀ ਬੈਂਕ, ਐਨਟੀਪੀਸੀ, ਐਕਸਿਸ ਬੈਂਕ ਅਤੇ ਇੰਫੋਸਿਸ ਨੇ ਸ਼ੇਅਰ ਬਾਜ਼ਾਰ ਨੂੰ ਉਤਸ਼ਾਹਿਤ ਕੀਤਾ ਹੈ।

ਬਜਾਜ ਹਾਊਸਿੰਗ ਫਾਈਨਾਂਸ ਦੇ ਸ਼ੇਅਰ ਵਿਚ 114% ਦਾ ਵਾਧਾ ਦੇਖਣ ਨੂੰ ਮਿਲਿਆ। ਸੂਚੀਬੱਧ ਬਜਾਜ ਹਾਊਸਿੰਗ ਫਾਈਨਾਂਸ ਲਿਮਟਿਡ, ਕਰਾਸ ਲਿਮਿਟੇਡ ਅਤੇ ਟੋਲਿਨ ਟਾਇਰਸ ਲਿਮਟਿਡ ਦੇ ਸ਼ੇਅਰ ਅੱਜ ਸਟਾਕ ਐਕਸਚੇਂਜ 'ਤੇ ਸੂਚੀਬੱਧ ਕੀਤੇ ਗਏ ਹਨ। ਬਜਾਜ ਹਾਊਸਿੰਗ ਫਾਈਨਾਂਸ ਦੇ ਸ਼ੇਅਰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ 150 ਰੁਪਏ ਵਿੱਚ ਸੂਚੀਬੱਧ ਕੀਤੇ ਗਏ ਸਨ ਜਦੋਂਕਿ  ਇਹ 70 ਰੁਪਏ ਦੇ ਜਾਰੀ ਮੁੱਲ ਤੋਂ 114.29% ਵੱਧ ਹੈ।

ਟਾਪ ਗੇਨਰਜ਼

ਆਈਸੀਆਈਸੀਆਈ ਬੈਂਕ, ਐਲਟੀ, ਐਚਡੀਐਫਸੀ ਬੈਂਕ, ਐਨਟੀਪੀਸੀ, ਐਕਸਿਸ ਬੈਂਕ, ਇੰਫੋਸਿਸ 

ਟਾਪ ਲੂਜ਼ਰਜ਼

 ਬਜਾਜ ਫਾਈਨਾਂਸ, ਹਿੰਦੁਸਤਾਨ ਯੂਨੀਲੀਵਰ, ਬਜਾਜ ਫਿਨਸਰਵ , ਐਸਬੀਆਈ 

ਗਲੋਬਲ ਬਾਜ਼ਾਰਾਂ ਦਾ ਹਾਲ

13 ਸਤੰਬਰ ਨੂੰ ਅਮਰੀਕੀ ਬਾਜ਼ਾਰ ਡਾਓ ਜੋਂਸ 0.72 ਫੀਸਦੀ ਦੇ ਵਾਧੇ ਨਾਲ 41,393 'ਤੇ ਬੰਦ ਹੋਇਆ। ਨੈਸਡੈਕ 0.65% ਵਧ ਕੇ ਅਤੇ S&P500 0.54% ਵਧ ਕੇ 5,626 'ਤੇ ਬੰਦ ਹੋਇਆ।

ਅੱਜ ਖੋਲ੍ਹੇ 2 ਕੰਪਨੀਆਂ ਦੇ IPO

 2 IPO ਅੱਜ 16 ਸਤੰਬਰ ਤੋਂ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਹੋਣ ਲਈ ਖੁੱਲ੍ਹ ਗਏ ਹਨ। ਇਸ ਵਿੱਚ ਆਰਕੇਡ ਡਿਵੈਲਪਰਜ਼ ਲਿਮਿਟੇਡ ਅਤੇ ਨਾਰਦਰਨ ਆਰਕ ਕੈਪੀਟਲ ਲਿਮਿਟੇਡ ਸ਼ਾਮਲ ਹਨ। ਨਿਵੇਸ਼ਕ 19 ਸਤੰਬਰ ਤੱਕ ਦੋਵਾਂ ਆਈਪੀਓ ਲਈ ਬੋਲੀ ਲਗਾ ਸਕਣਗੇ। ਇਨ੍ਹਾਂ ਦੋਵਾਂ ਕੰਪਨੀਆਂ ਦੇ ਸ਼ੇਅਰ 24 ਸਤੰਬਰ ਨੂੰ ਬਾਜ਼ਾਰ 'ਚ ਲਿਸਟ ਕੀਤੇ ਜਾਣਗੇ।

ਪਿਛਲੇ ਕਾਰੋਬਾਰੀ ਦਿਨ ਰਹੀ ਗਿਰਾਵਟ

ਇਸ ਤੋਂ ਪਹਿਲਾਂ ਪਿਛਲੇ ਹਫਤੇ ਯਾਨੀ ਸ਼ੁੱਕਰਵਾਰ ਨੂੰ 13 ਸਤੰਬਰ (ਸ਼ੁੱਕਰਵਾਰ) ਨੂੰ ਸੈਂਸੈਕਸ 71 ਅੰਕਾਂ ਦੀ ਗਿਰਾਵਟ ਨਾਲ 82,890 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ 'ਚ ਵੀ 32 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਇਹ 25,356 ਦੇ ਪੱਧਰ 'ਤੇ ਬੰਦ ਹੋਇਆ।


author

Harinder Kaur

Content Editor

Related News