ਸਿੰਗਾਪੁਰ ਏਅਰਲਾਈਨਜ਼ ਨੂੰ ਮਿਲੀ FDI ਦੀ ਮਨਜ਼ੂਰੀ, ਦੁਨੀਆ ਦੀ ਦਿੱਗਜ਼ ਏਅਰਲਾਈਨ ’ਚ ਸ਼ਾਮਲ ਹੋਵੇਗੀ AirIndia

Saturday, Aug 31, 2024 - 10:38 AM (IST)

ਸਿੰਗਾਪੁਰ ਏਅਰਲਾਈਨਜ਼ ਨੂੰ ਮਿਲੀ FDI ਦੀ ਮਨਜ਼ੂਰੀ, ਦੁਨੀਆ ਦੀ ਦਿੱਗਜ਼ ਏਅਰਲਾਈਨ ’ਚ ਸ਼ਾਮਲ ਹੋਵੇਗੀ AirIndia

ਸਿੰਗਾਪੁਰ (ਏਜੰਸੀ) - ਸਿੰਗਾਪੁਰ ਏਅਰਲਾਈਨਜ਼ ਨੂੰ ਭਾਰਤ ਸਰਕਾਰ ਤੋਂ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੀ ਮਨਜ਼ੂਰੀ ਮਿਲ ਗਈ ਹੈ। ਇਸ ਦੇ ਨਾਲ ਹੀ ਏਅਰ ਇੰਡੀਆ ਅਤੇ ਵਿਸਤਾਰਾ ਏਅਰਲਾਈਨਜ਼ ਦੇ ਰਲੇਵੇਂ ਦੀ ਦਿਸ਼ਾ ’ਚ ਇਕ ਹੋਰ ਮਜ਼ਬੂਤ ​​ਕਦਮ ਰੱਖ ਦਿੱਤਾ ਗਿਆ ਹੈ। ਇਸ ਸੌਦੇ ਕਾਰਨ ਏਅਰ ਇੰਡੀਆ ਦੁਨੀਆ ਦੇ ਸਭ ਤੋਂ ਵੱਡੇ ਏਅਰਲਾਈਨ ਗਰੁੱਪ ’ਚ ਸ਼ਾਮਲ ਹੋ ਜਾਵੇਗੀ। ਨਾਲ ਹੀ ਸਿੰਗਾਪੁਰ ਏਅਰਲਾਈਨਜ਼ ਦੀ ਇਸ ’ਚ 25.1 ਪ੍ਰਤੀਸ਼ਤ ਹਿੱਸੇਦਾਰੀ ਹੋਵੇਗੀ।

ਸਿੰਗਾਪੁਰ ਏਅਰਲਾਈਨਜ਼ (ਐੱਸ. ਆਈ. ਏ.) ਨੇ ਕਿਹਾ ਕਿ ਇਹ ਰਲੇਵਾਂ ਇਸ ਸਾਲ ਦੇ ਅੰਤ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਰਲੇਵੇਂ ਦਾ ਐਲਾਨ ਨਵੰਬਰ 2022 ’ਚ ਕੀਤਾ ਗਿਆ ਸੀ। ਏਅਰ ਇੰਡੀਆ ਟਾਟਾ ਗਰੁੱਪ ਦੀ ਮਲਕੀਅਤ ਹੈ, ਜਦੋਂ ਕਿ ਵਿਸਤਾਰਾ ਇਕ ਸੰਯੁਕਤ ਉੱਦਮ ਹੈ। ਟਾਟਾ ਗਰੁੱਪ ਅਤੇ ਸਿੰਗਾਪੁਰ ਏਅਰਲਾਈਨਜ਼ ਦੀ ਇਸ ’ਚ 51 ਅਤੇ 49 ਫੀਸਦੀ ਹਿੱਸੇਦਾਰੀ ਹੈ।

ਸਹੀ ਦਿਸ਼ਾ ਵੱਲ ਵਧ ਰਿਹਾ ਏਅਰ ਇੰਡੀਆ ਅਤੇ ਵਿਸਤਾਰਾ ਦਾ ਰਲੇਵਾਂ

ਸਿੰਗਾਪੁਰ ਏਅਰਲਾਈਨਜ਼ ਨੇ ਸਿੰਗਾਪੁਰ ਸਟਾਕ ਐਕਸਚੇਂਜ ਨੂੰ ਰੈਗੂਲੇਟਰੀ ਫਾਈਲਿੰਗ ’ਚ ਦੱਸਿਆ ਕਿ ਰਲੇਵੇਂ ਦੀ ਦਿਸ਼ਾ ’ਚ ਇਹ ਵੱਡੀ ਸਫਲਤਾ ਹੈ। ਏਅਰ ਇੰਡੀਆ ਅਤੇ ਵਿਸਤਾਰਾ ਏਅਰਲਾਈਨਜ਼ ਦਾ ਰਲੇਵਾਂ ਸਹੀ ਦਿਸ਼ਾ ਵੱਲ ਵਧ ਰਿਹਾ ਹੈ। ਐੱਫ. ਡੀ. ਆਈ. ਨੂੰ ਮਨਜ਼ੂਰੀ ਮਿਲਣ ਨਾਲ ਰਲੇਵੇਂ ਦਾ ਰਾਹ ਹੋਰ ਆਸਾਨ ਹੋ ਗਿਆ ਹੈ। ਭਾਰਤੀ ਕਾਨੂੰਨਾਂ ਅਨੁਸਾਰ ਇਸ ਦਿਸ਼ਾ ’ਚ ਅਸੀਂ ਚੰਗੀ ਤਰੱਕੀ ਕਰ ਰਹੇ ਹਾਂ। ਆਉਣ ਵਾਲੇ ਕੁਝ ਮਹੀਨਿਆਂ ’ਚ ਇਹ ਰਲੇਵਾਂ ਪੂਰਾ ਹੋ ਜਾਵੇਗਾ। ਸਾਡੀ ਕੋਸ਼ਿਸ਼ ਇਸ ਟੀਚੇ ਨੂੰ ਦਸੰਬਰ 2024 ਤੱਕ ਹਾਸਲ ਕਰਨ ਦੀ ਹੈ।

ਐੱਨ. ਸੀ. ਐੱਲ. ਟੀ. ਅਤੇ ਸੀ. ਸੀ. ਆਈ. ਤੋਂ ਪਹਿਲਾਂ ਹੀ ਮਿਲ ਚੁੱਕੀ ਹੈ ਮਨਜ਼ੂਰੀ

ਏਅਰਲਾਈਨ ਨੇ ਦੱਸਿਆ ਕਿ ਪਹਿਲਾਂ ਇਸ ਰਲੇਵੇਂ ਨੂੰ 31 ਅਕਤੂਬਰ, 2024 ਤੱਕ ਪੂਰਾ ਕੀਤਾ ਜਾਣਾ ਸੀ। ਹਾਲਾਂਕਿ, ਕਈ ਕਾਰਨਾਂ ਕਰਕੇ ਇਸ ’ਚ ਥੋੜ੍ਹੀ ਦੇਰੀ ਹੋਈ ਹੈ। ਜਲਦੀ ਹੀ ਇਕ ਨਿਸ਼ਚਿਤ ਮਿਤੀ ਦਾ ਐਲਾਨ ਕੀਤਾ ਜਾਵੇਗਾ। ਇਸ ਰਲੇਵੇਂ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਤੋਂ ਜੂਨ ’ਚ ਮਨਜ਼ੂਰੀ ਮਿਲ ਗਈ ਸੀ। ਮਾਰਚ ’ਚ ਸਿੰਗਾਪੁਰ ਦੇ ਮੁਕਾਬਲੇਬਾਜ਼ੀ ਕਮਿਸ਼ਨ ਸੀ. ਸੀ. ਸੀ. ਐੱਸ. ਨੇ ਇਸ ਪ੍ਰਸਤਾਵ ’ਤੇ ਆਪਣੀ ਮਨਜ਼ੂਰੀ ਦੀ ਮੋਹਰ ਲਗਾ ਦਿੱਤੀ ਸੀ। ਇਸ ਤੋਂ ਪਹਿਲਾਂ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਨੇ ਸਤੰਬਰ 2023 ’ਚ ਇਸ ਨੂੰ ਮਨਜ਼ੂਰੀ ਦਿੱਤੀ ਸੀ। ਸਿੰਗਾਪੁਰ ਏਅਰਲਾਈਨਜ਼ ਨੇ ਕਿਹਾ ਕਿ ਰਲੇਵੇਂ ਨੂੰ ਲੈ ਕੇ ਜਲਦੀ ਹੀ ਵੱਡਾ ਐਲਾਨ ਕੀਤਾ ਜਾਵੇਗਾ।


author

Harinder Kaur

Content Editor

Related News