ਸੰਧੂ ਦਾ ਅਮਰੀਕੀ ਕਾਰੋਬਾਰੀਆਂ ਨੂੰ ਭਾਰਤ ''ਚ ਨਿਵੇਸ਼ ਦਾ ਸੱਦਾ

Thursday, Oct 15, 2020 - 08:23 PM (IST)

ਵਾਸ਼ਿੰਗਟਨ, (ਭਾਸ਼ਾ)– ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਭਾਰਤ ਨੂੰ ਸਾਹਸਿਕ ਆਰਥਿਕ ਸੁਧਾਰ ਕਰਨ ਤੋਂ ਨਹੀਂ ਰੋਕ ਸਕੀ ਹੈ ਅਤੇ ਅਮਰੀਕੀ ਕਾਰੋਬਾਰੀਆਂ ਨੂੰ ਦੇਸ਼ ਦੇ ਲੇਬਰ, ਪੁਲਾੜ ਅਤੇ ਖੇਤੀਬਾੜੀ ਖੇਤਰਾਂ ’ਚ ਹੋਏ ਇਨ੍ਹਾਂ ਸੁਧਾਰਾਂ ਦਾ ਲਾਭ ਉਠਾਉਣਾ ਚਾਹੀਦਾ ਹੈ।

ਉਨ੍ਹਾਂ ਨੇ ਬੁੱਧਵਾਰ ਨੂੰ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਵਲੋਂ ਆਯੋਜਿਤ ਭਾਰਤ-ਵਰਜੀਨੀਆ ਬਿਜਨੈੱਸ ਰਾਊਂਡਟੇਬਲ ’ਚ ਕਿਹਾ ਕਿ ਭਾਰਤ ਸਰਕਾਰ ਨੇ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਲਈ ਕੁਝ ਖੇਤਰਾਂ ਨੂੰ ਛੱਡ ਕੇ ਹਰੇਕ ਖੇਤਰ ਨੂੰ ਖੋਲ੍ਹ ਦਿੱਤਾ ਹੈ। ਸੰਧੂ ਨੇ ਕਿਹਾ ਕਿ ਮਹਾਮਾਰੀ ਭਾਰਤ ਨੂੰ ਕੁਝ ਸਾਹਸਿਕ ਆਰਥਿਕ ਸੁਧਾਰ ਕਰਨ ਤੋਂ ਨਹੀਂ ਰੋਕ ਸਕੀ ਹੈ। ਕੁਝ ਨੂੰ ਛੱਡ ਕੇ ਲਗਭਗ ਹਰ ਖੇਤਰ ਨੂੰ ਆਟੋਮੈਟਿਕ ਮਾਰਗ ਦੇ ਤਹਿਤ 51 ਫੀਸਦੀ ਤੋਂ ਉੱਪਰ ਦੀ ਲਿਮਿਟ ਦੇ ਨਾਲ ਐੱਫ. ਡੀ. ਆਈ. ਲਈ ਖੋਲ੍ਹਿਆ ਗਿਆ ਹੈ।

ਸੰਧੂ ਨੇ ਇਸ ਦੌਰਾਨ ਰਾਸ਼ਟਰੀ ਸਿੱਖਿਆ ਨੀਤੀ ਅਤੇ ਭਾਰਤ ’ਚ ਕੀਤੇ ਗਏ ਵੱਖ-ਵੱਖ ਅਹਿਮ ਸੁਧਾਰਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਨਾਲ ਹੀ ਲੇਬਰ, ਪੁਲਾੜ ਅਤੇ ਖੇਤੀਬਾੜੀ ਖੇਤਰਾਂ ’ਚ ਅਹਿਮ ਸੁਧਾਰ ਕੀਤੇ ਹਨ। ਸਾਡਾ ਟੀਚਾ ਇਨ੍ਹਾਂ ਖਾਸ ਅਤੇ ਲੋਕਾਂ ਨੂੰ ਧਿਆਨ ’ਚ ਰੱਖ ਕੇ ਕੀਤੇ ਗਏ ਸੁਧਾਰਾਂ ਰਾਹੀਂ ਨਿਵੇਸ਼, ਵਿਕਾਸ ਅਤੇ ਰੋਜ਼ਗਾਰ ਦੇ ਚੱਕਰ ਨੂੰ ਤਿਆਰ ਕਰਨਾ ਹੈ।

ਇਸ ਗੋਲਮੇਜ ਸੰਮੇਲਨ ’ਚ ਵਰਜੀਨੀਆ ਦੇ ਗਵਰਨਰ ਰਾਲਫ ਨਾਰਥਮ ਨੇ ਵੀ ਹਿੱਸਾ ਲਿਆ। ਸੰਧੂ ਨੇ ਕਿਹਾ ਕਿ ਮਹਾਮਾਰੀ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਸਿਹਤ, ਵੈਕਸੀਨ ਵਿਕਾਸ, ਵਿਗਿਆਨ ਅਤੇ ਤਕਨਾਲੌਜੀ ਅਤੇ ਨਵੀਨਤਾ ਵਰਗੇ ਖੇਤਰਾਂ ’ਚ ਸਹਿਯੋਗ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਕ-ਦੂਜੇ ਤੋਂ ਸਿੱਖ ਰਹੇ ਹਾਂ ਅਤੇ ਵਿਚਾਰਾਂ ਅਤੇ ਸੂਚਨਾਵਾਂ ਦੀ ਸਾਂਝੇਦਾਰੀ ਸਾਂਡੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਨੇ ਕਿਹਾ ਕਿ ਖਾਸ ਤੌਰ ’ਤੇ ਵਰਜੀਨੀਆ ’ਚ 14 ਭਾਰਤੀ ਕੰਪਨੀਆਂ ਨੇ ਲਗਭਗ 8 ਕਰੋੜ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ।


Sanjeev

Content Editor

Related News