ਰਿਲਾਇੰਸ ਤੇ ਰੋਲਸ-ਰਾਇਸ ਨੇ ਮਿਲਾਇਆ ਹੱਥ! ਭਾਰਤ ਦੇ AMCA ਪ੍ਰੋਗਰਾਮ ਲਈ ਤਿਆਰ ਕਰਨਗੇ ਲੜਾਕੂ ਇੰਜਣ
Friday, Aug 14, 2026 - 09:02 PM (IST)
ਨੈਸ਼ਨਲ ਡੈਸਕ : ਰਿਲਾਇੰਸ ਇੰਡਸਟਰੀਜ਼ ਲਿਮਟਿਡ ਤੇ ਰੋਲਸ-ਰਾਇਸ ਨੇ ਅੱਜ ਭਾਰਤ ਦੇ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ (AMCA) ਪ੍ਰੋਗਰਾਮ ਲਈ ਇੱਕ ਸਵਦੇਸ਼ੀ ਲੜਾਕੂ ਇੰਜਣ ਦੇ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਲਈ ਰਣਨੀਤਕ ਸਾਂਝੇਦਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਸਹਿਯੋਗ ਦਾ ਮੁੱਖ ਉਦੇਸ਼ ਭਾਰਤ ਦੀ ਰੱਖਿਆ ਪ੍ਰਣਾਲੀ ਲਈ ਇੱਕ ਸੁਤੰਤਰ ਅਤੇ ਸਵਦੇਸ਼ੀ ਇੰਜਣ ਤਿਆਰ ਕਰਨਾ ਹੈ।
ਇਸ ਸਾਂਝੇਦਾਰੀ ਦੇ ਤਹਿਤ ਦੋਵੇਂ ਕੰਪਨੀਆਂ ਭਾਰਤ ਵਿੱਚ ਇੱਕ ਸਮਰਪਿਤ ਏਰੋਸਪੇਸ ਗੈਸ ਟਰਬਾਈਨ ਕੰਪਲੈਕਸ ਸਥਾਪਤ ਕਰਨ ਦੀਆਂ ਸੰਭਾਵਨਾਵਾਂ 'ਤੇ ਕੰਮ ਕਰਨਗੀਆਂ, ਜੋ ਪਾਵਰ ਅਤੇ ਪ੍ਰੋਪਲਸ਼ਨ ਤਕਨਾਲੋਜੀ ਲਈ ਉੱਤਮਤਾ ਦਾ ਕੇਂਦਰ ਹੋਵੇਗਾ। ਇਹ ਪਹਿਲਕਦਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਆਤਮ-ਨਿਰਭਰ ਭਾਰਤ' ਦੇ ਵਿਜ਼ਨ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ।
ਇਸ ਮੌਕੇ ਰਿਲਾਇੰਸ ਇੰਡਸਟਰੀਜ਼ ਦੇ ਕਾਰਜਕਾਰੀ ਨਿਰਦੇਸ਼ ਅਨੰਤ ਅੰਬਾਨੀ ਨੇ ਕਿਹਾ ਕਿ ਭਾਰਤ ਦੀ ਰਣਨੀਤਕ ਖੁਦਮੁਖਤਿਆਰੀ ਲਈ ਮਹੱਤਵਪੂਰਨ ਤਕਨਾਲੋਜੀਆਂ ਵਿੱਚ ਆਪਣੀ ਸਮਰੱਥਾ ਹੋਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਰੋਲਸ-ਰਾਇਸ ਦੀ ਵਿਸ਼ਵ ਪੱਧਰੀ ਮੁਹਾਰਤ ਤੇ ਰਿਲਾਇੰਸ ਦੀ ਉਦਯੋਗਿਕ ਸਮਰੱਥਾ ਮਿਲ ਕੇ ਦੇਸ਼ ਨੂੰ ਉੱਨਤ ਪ੍ਰੋਪਲਸ਼ਨ ਤਕਨਾਲੋਜੀਆਂ ਵਿੱਚ ਆਤਮ-ਨਿਰਭਰ ਬਣਾਉਣਗੀਆਂ।
ਰੋਲਸ-ਰਾਇਸ ਦੇ ਸੀਈਓ ਤੂਫਾਨ ਅਰਗਿਨਬਿਲਗਿਚ ਨੇ ਵੀ ਇਸ ਭਾਈਵਾਲੀ ਦਾ ਸਵਾਗਤ ਕਰਦਿਆਂ ਇਸ ਨੂੰ ਦੇਸ਼ ਵਿੱਚ ਇੱਕ ਮਜ਼ਬੂਤ ਏਰੋਸਪੇਸ ਈਕੋਸਿਸਟਮ ਬਣਾਉਣ ਵੱਲ ਇੱਕ ਅਹਿਮ ਮੀਲ ਪੱਥਰ ਦੱਸਿਆ। ਇਹ ਗਠਜੋੜ ਨਾ ਸਿਰਫ਼ ਰੱਖਿਆ ਖੇਤਰ, ਸਗੋਂ ਸਿਵਲ ਏਰੋਸਪੇਸ ਅਤੇ ਨਵੇਂ ਪਾਵਰ ਸਿਸਟਮਾਂ ਵਿੱਚ ਵੀ ਸਹਿਯੋਗ ਦੇ ਨਵੇਂ ਰਾਹ ਖੋਲ੍ਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
