ਵਿੱਤੀ ਸੈਕਟਰ ਨੂੰ ਫੁਲਪਰੂਫ ਬਣਾਵੇਗਾ  RBI : ਸ਼ਕਤੀਕਾਂਤ ਦਾਸ

Tuesday, Aug 27, 2024 - 04:42 PM (IST)

ਵਿੱਤੀ ਸੈਕਟਰ ਨੂੰ ਫੁਲਪਰੂਫ ਬਣਾਵੇਗਾ  RBI : ਸ਼ਕਤੀਕਾਂਤ ਦਾਸ

ਬੈਂਗਲੁਰੂ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਿੱਤੀ ਸੈਕਟਰ ਨੂੰ ਫੁਲਪਰੂਫ ਬਣਾਵੇਗਾ। ਆਰ. ਬੀ. ਆਈ. ਦੀ ਯੋਜਨਾ ਵਿੱਤੀ ਸੈਕਟਰ ’ਚ ਫਰਜ਼ੀਵਾੜੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਹੈ। ਇਸੇ ਸਬੰਧ ’ਚ ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੇਂਦਰੀ ਬੈਂਕ ਲਗਾਤਾਰ ਅਜਿਹੀਆਂ ਨੀਤੀਆਂ, ਪ੍ਰਣਾਲੀਆਂ ਅਤੇ ਮੰਚ ਤਿਆਰ ਕਰਨ ’ਤੇ ਕੰਮ ਕਰ ਰਿਹਾ ਹੈ ਜੋ ਵਿੱਤੀ ਖੇਤਰ ਨੂੰ ਮਜ਼ਬੂਤ, ਜੁਝਾਰੂ ਅਤੇ ਗਾਹਕ ਕੇਂਦਰਿਤ ਬਣਾਉਣਗੇ।

ਆਰਬੀਆਈ@90 ਪਹਿਲ ਦੇ ਤਹਿਤ ਡਿਜੀਟਲ ਜਨਤਕ ਢਾਂਚਾ ਅਤੇ ਉੱਭਰਦੀਆਂ ਤਕਨੀਕਾਂ ’ਤੇ ਗਲੋਬਲ ਸੰਮੇਲਨ ’ਚ ਦਾਸ ਨੇ ਯੂਨੀਫਾਈਡ ਲੈਂਡਿੰਗ ਇੰਟਰਫੇਸ (ਯੂ. ਐੱਲ. ਆਈ.) ਅਤੇ ਸੈਂਟਰਲ ਬੈਂਕ ਡਿਜੀਟਲ ਕਰੰਸੀ (ਸੀ. ਬੀ. ਡੀ. ਸੀ.) ਦੇ ਸਬੰਧ ’ਚ ਆਰ. ਬੀ. ਆਈ. ਵੱਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲਾਂ ਦਾ ਜ਼ਿਕਰ ਕੀਤਾ।

ਯੂ. ਪੀ. ਆਈ. ਸਭ ਤੋਂ ਸਸਤਾ ਤਰੀਕਾ

ਗਵਰਨਰ ਨੇ ਕਿਹਾ ਕਿ ਯੂ. ਪੀ. ਆਈ. ਪ੍ਰਣਾਲੀ ’ਚ ਸਰਹੱਦ ਪਾਰ ਪੈਸਾ ਭੇਜਣ ਦੇ ਉਪਲੱਬਧ ਤਰੀਕਿਆਂ ਲਈ ਇਕ ਸਸਤਾ ਅਤੇ ਤੇਜ਼ ਬਦਲ ਬਣਨ ਦੀ ਸਮਰੱਥਾ ਹੈ ਅਤੇ ਇਸ ਦੀ ਸ਼ੁਰੂਆਤ ਛੋਟੇ ਮੁੱਲ ਦੇ ਨਿੱਜੀ ਪੈਸੇ ਭੇਜਣ ਨਾਲ ਕੀਤੀ ਜਾ ਸਕਦੀ ਹੈ, ਕਿਉਂਕਿ ਇਸ ਨੂੰ ਛੇਤੀ ਨਾਲ ਲਾਗੂ ਕੀਤਾ ਜਾ ਸਕਦਾ ਹੈ। ਦਾਸ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਆਰਬੀਆਈ@100 ਵੱਲ ਵਧਣ ਦੀ ਯਾਤਰਾ ਨੂੰ ਲੈ ਕੇ ਕਾਫ਼ੀ ਆਸਵੰਦ ਹੈ।

ਡਿਜੀਟਲੀਕਰਨ ’ਤੇ ਜ਼ੋਰ

ਦਾਸ ਨੇ ਕਿਹਾ, ‘‘ਬੈਂਕਿੰਗ ਸੇਵਾਵਾਂ ਦੇ ਡਿਜੀਟਲੀਕਰਨ ਦੀ ਇਸ ਯਾਤਰਾ ਨੂੰ ਜਾਰੀ ਰੱਖਦੇ ਹੋਏ ਪਿਛਲੇ ਸਾਲ ਅਸੀਂ ਇਕ ਤਕਨੀਕੀ ਪਲੇਟਫਾਰਮ ਦਾ ਪਾਇਲਟ ਲਾਂਚ ਕੀਤਾ ਜੋ ਬਿਨਾਂ ਕਿਸੇ ਰੁਕਾਵਟ ਦੇ ਕਰਜ਼ੇ ਮੁਹੱਈਆ ਕਰਵਾਉਂਦਾ ਹੈ। ਹੁਣ ਤੋਂ ਅਸੀਂ ਇਸ ਨੂੰ ਯੂਨੀਫਾਈਡ ਲੈਂਡਿੰਗ ਇੰਟਰਫੇਸ (ਯੂ. ਐੱਲ. ਆਈ.) ਕਹਿਣ ਦਾ ਪ੍ਰਸਤਾਵ ਕਰਦੇ ਹਾਂ।’’

ਯੂ. ਐੱਲ. ਆਈ. ਪਲੇਟਫਾਰਮ ਵੱਖ-ਵੱਖ ਡਾਟਾ ਸੇਵਾਦਾਤਿਆਂ ਤੋਂ ਕਰਜ਼ਾ ਦੇਣ ਵਾਲਿਆਂ ਤੱਕ ਵੱਖ-ਵੱਖ ਸੂਬਿਆਂ ਦੇ ਜ਼ਮੀਨੀ ਰਿਕਾਰਡ ਸਮੇਤ ਡਿਜੀਟਲ ਜਾਣਕਾਰੀ ਦੇ ਨਿਰਵਿਘਨ ਅਤੇ ਸਹਿਮਤੀ-ਆਧਾਰਿਤ ਪ੍ਰਵਾਹ ਦੀ ਸਹੂਲਤ ਦਿੰਦਾ ਹੈ। ਇਸ ਨਾਲ ਕਰਜ਼ਾ ਮੁਲਾਂਕਣ ’ਚ ਲੱਗਣ ਵਾਲਾ ਸਮਾਂ ਘੱਟ ਹੋ ਜਾਂਦਾ ਹੈ, ਖਾਸ ਕਰ ਕੇ ਛੋਟੇ ਅਤੇ ਪੇਂਡੂ ਕਰਜ਼ਦਾਰਾਂ ਲਈ।

ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਡੀ. ਪੀ. ਆਈ. ’ਤੇ ਦਾਸ ਨੇ ਕਿਹਾ ਕਿ ਗਾਹਕਾਂ ਲਈ ਏ. ਆਈ. ਹਾਈਪਰ-ਵਿਅਕਤੀਗਤ ਉਤਪਾਦ ਅਤੇ ਤੇਜ਼, ਜ਼ਿਆਦਾ ਸਬੰਧਤ ਸੇਵਾਵਾਂ ਦੇਣ ’ਚ ਸਮਰੱਥ ਹੈ।


author

Harinder Kaur

Content Editor

Related News