ਘੋਟਾਲੇ ਨਾਲ ਹਿੱਲ ਚੁੱਕੇ ਪੀ. ਐੱਨ. ਬੀ. ਨੂੰ ਪਹਿਲੀ ਤਿਮਾਹੀ ''ਚ ਇੰਨਾ ਮੁਨਾਫਾ

08/22/2020 2:40:02 PM

ਨਵੀਂ ਦਿੱਲੀ— ਨੀਰਵ ਮੋਦੀ ਤੇ ਮੇਹੁਲ ਚੌਕਸੀ ਦੇ ਘੋਟਾਲੇ ਕਾਰਨ ਹਿੱਲ ਚੁੱਕੇ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੂੰ ਚਾਲੂ ਵਿੱਤੀ ਸਾਲ ਦੀ ਜੂਨ 'ਚ ਸਮਾਪਤ ਪਹਿਲੀ ਤਿਮਾਹੀ 'ਚ 308 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਹੈ।

ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਨੇ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 1,018.63 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਸੀ।

ਸਟਾਕਸ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਪੀ. ਐੱਨ. ਬੀ. ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਦੀ ਤੁਲਨਾ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਦੇ ਅੰਕੜਿਆਂ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਕ ਅਪ੍ਰੈਲ 2020 ਤੋਂ ਓਰੀਐਂਟਲ ਬੈਂਕ ਤੇ ਯੂਨਾਈਟਿਡ ਬੈਂਕ ਦਾ ਪੀ. ਐੱਨ. ਬੀ. 'ਚ ਰਲੇਵਾਂ ਹੋ ਚੁੱਕਾ ਹੈ। ਤਿਮਾਹੀ ਦੌਰਾਨ ਬੈਂਕ ਦੀ ਕੁੱਲ ਆਮਦਨ ਵੱਧ ਕੇ 24,292.80 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 15,161.74 ਕਰੋੜ ਰੁਪਏ ਸੀ। ਸੰਪਤੀ ਦੇ ਮੋਰਚੇ 'ਤੇ ਬੈਂਕ ਦਾ ਐੱਨ. ਪੀ. ਏ. ਜੂਨ 2020 ਦੇ ਅੰਤ ਤੱਕ ਘੱਟ ਕੇ 14.11 ਫੀਸਦੀ ਰਿਹਾ, ਜੋ ਜੂਨ 2019 'ਚ 16.49 ਫੀਸਦੀ ਸੀ। ਇਸੇ ਤਰ੍ਹਾਂ ਬੈਂਕ ਦਾ ਸ਼ੁੱਧ ਐੱਨ. ਪੀ. ਏ. 7.17 ਫੀਸਦੀ ਤੋਂ ਘੱਟ ਕੇ 5.39 ਫੀਸਦੀ ਰਹਿ ਗਿਆ।


Sanjeev

Content Editor

Related News