ਦਿਵਾਲੀ ’ਤੇ ਫਿਰ ਆਸਮਾਨ ਛੂਹਣ ਲੱਗੀਆਂ ਪਿਆਜ਼ ਦੀਆਂ ਕੀਮਤਾਂ, ਟਮਾਟਰ ਅਤੇ ਤੇਲ ਦੇ ਮੁੱਲ ਵੀ ਵਧਾ ਰਹੇ ਬੋਝ

Tuesday, Oct 22, 2024 - 06:04 PM (IST)

ਦਿਵਾਲੀ ’ਤੇ ਫਿਰ ਆਸਮਾਨ ਛੂਹਣ ਲੱਗੀਆਂ ਪਿਆਜ਼ ਦੀਆਂ ਕੀਮਤਾਂ, ਟਮਾਟਰ ਅਤੇ ਤੇਲ ਦੇ ਮੁੱਲ ਵੀ ਵਧਾ ਰਹੇ ਬੋਝ

ਜਲੰਧਰ (ਇੰਟ.) - ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ’ਚ ਲਗਾਤਾਰ ਮੀਂਹ ਕਾਰਨ ਦੇਸ਼ ਦੇ ਕਈ ਹਿੱਸਿਆਂ ’ਚ ਪਿਆਜ਼ ਦੀ ਸਪਲਾਈ ’ਚ ਕਮੀ ਆਈ ਹੈ, ਜਿਸ ਕਾਰਨ ਪ੍ਰਚੂਨ ਬਾਜ਼ਾਰ ’ਚ ਇਸ ਦੀਆਂ ਕੀਮਤਾਂ ਫਿਰ ਆਸਮਾਨ ਛੂਹਣ ਲੱਗੀਆਂ ਹਨ।

ਪਿਆਜ਼ 60-70 ਰੁਪਏ ਪ੍ਰਤੀ ਕਿੱਲੋ ਜਾ ਪੁੱਜਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਸਮੇਂ ’ਤੇ ਮੰਡੀਆਂ ’ਚ ਪਿਆਜ਼ ਦੀ ਆਮਦ ਨਾ ਹੋਣ ਕਾਰਨ ਇਹ ਦਿਵਾਲੀ ਤੱਕ ਮਹਿੰਗਾ ਰਹਿ ਸਕਦਾ ਹੈ।

ਸਤੰਬਰ ਮਹੀਨੇ ’ਚ ਪਿਆਜ਼, ਟਮਾਟਰ ਅਤੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਉਛਾਲ ਕਾਰਨ ਮਹਿੰਗਾਈ ਦਰ ਬੀਤੇ 9 ਮਹੀਨਿਆਂ ’ਚ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਅਕਤੂਬਰ ਮਹੀਨੇ ’ਚ ਵੀ ਮਹਿੰਗਾਈ ਦਰ ਉੱਚੇ ਪੱਧਰ ’ਤੇ ਬਣੀ ਰਹਿ ਸਕਦੀ ਹੈ।

ਮੀਂਹ ਕਾਰਨ ਨਹੀਂ ਹੋ ਸਕੀ ਪੁਟਾਈ

ਇਕ ਰਿਪੋਰਟ ਮੁਤਾਬਕ ਨਾਸਿਕ ਦੇ ਬੈਂਚਮਾਰਕ ਲਾਸਲਗਾਓਂ ਥੋਕ ਬਾਜ਼ਾਰ ’ਚ ਪਿਆਜ਼ ਦੇ ਥੋਕ ਮੁੱਲ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ 45-50 ਰੁਪਏ ਪ੍ਰਤੀ ਕਿੱਲੋ ਦੇ ਘੇਰੇ ’ਚ ਹਨ। ਸਰਕਾਰ ਨੂੰ ਉਮੀਦ ਸੀ ਕਿ ਜ਼ਿਆਦਾਤਰ ਦੱਖਣੀ ਸੂਬਿਆਂ ’ਚ ਸਾਉਣੀ ਫਸਲ ਦੀ ਪੁਟਾਈ ਨਾਲ ਕੀਮਤਾਂ ’ਚ ਨਰਮੀ ਆਵੇਗੀ। ਹਾਲਾਂਕਿ, ਪਿਆਜ਼ ਦੀ ਕਾਸ਼ਤ ਵਾਲੇ ਖੇਤਰਾਂ ’ਚ ਲਗਾਤਾਰ ਅਤੇ ਭਾਰੀ ਮੀਂਹ ਨੇ ਕੁਝ ਇਲਾਕਿਆਂ ’ਚ ਪਿਆਜ਼ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਾਇਆ ਹੈ। ਖੇਤਾਂ ’ਚ ਪਾਣੀ ਭਰ ਜਾਣ ਕਾਰਨ ਪੁਟਾਈ ’ਚ 10 ਤੋਂ 15 ਦਿਨ ਦੀ ਦੇਰੀ ਹੋਈ ਹੈ। ਇਸ ਕਾਰਨ ਸਪਲਾਈ ਚੇਨ ’ਤੇ ਅਸਰ ਪਿਆ ਹੈ।

ਬਫਰ ਸਟਾਕ ਤੋਂ ਸਰਕਾਰੀ ਪਿਆਜ਼ ਦੀ ਪ੍ਰਚੂਨ ਵਿਕਰੀ ਸ਼ੁਰੂ

ਕੇਂਦਰ ਨੇ ਪਿਆਜ਼ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਆਪਣੇ ਬਫਰ ਸਟਾਕ ਤੋਂ ਪਿਆਜ਼ ਦੀ ਪ੍ਰਚੂਨ ਵਿਕਰੀ ਸ਼ੁਰੂ ਕਰ ਦਿੱਤੀ ਹੈ। ਟ੍ਰਾਂਸਪੋਰਟ ਲਾਗਤ ਨੂੰ ਘੱਟ ਕਰਨ ਅਤੇ ਉੱਤਰ ਭਾਰਤ ’ਚ ਸਪਲਾਈ ਵਧਾਉਣ ਅਤੇ ਨਾਸਿਕ ਤੋਂ ਦਿੱਲੀ ਤੱਕ ਪਿਆਜ਼ ਪਹੁੰਚਾਉਣ ਲਈ ‘ਕਾਂਡਾ ਟ੍ਰੇਨ’ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮੀਂਹ ਨੇ ਸਾਰਾ ਦੱਖਣ ਰਾਜਾਂ ’ਚ ਪਿਆਜ਼ ਦੀ ਤਿਆਰ ਫਸਲ ਨੂੰ ਪ੍ਰਭਾਵਿਤ ਕੀਤਾ ਹੈ।

ਪਿਆਜ਼, ਟਮਾਟਰ ਅਤੇ ਖਾਣ ਵਾਲੇ ਤੇਲਾਂ ਨੇ ਵਧਾਈ ਮਹਿੰਗਾਈ

ਪਿਆਜ਼, ਟਮਾਟਰ ਅਤੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਭਾਰੀ ਵਾਧੇ ਕਾਰਨ ਭਾਰਤ ਦੀ ਪ੍ਰਚੂਨ ਮਹਿੰਗਾਈ ਅਗਸਤ ’ਚ 5 ਸਾਲ ਦੇ ਹੇਠਲੇ ਪੱਧਰ 3.65 ਫੀਸਦੀ ’ਤੇ ਆ ਗਈ ਸੀ ਪਰ ਸਤੰਬਰ ’ਚ ਇਹ 9 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 5.49 ਫੀਸਦੀ ’ਤੇ ਪਹੁੰਚ ਗਈ। ਸਤੰਬਰ ’ਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਲੱਗਭਗ 2 ਮਹੀਨਿਆਂ ’ਚ ਪਹਿਲੀ ਵਾਰ ਵਾਧਾ ਹੋਇਆ ਅਤੇ ਆਉਣ ਵਾਲੇ ਮਹੀਨਿਆਂ ’ਚ ਵੀ ਇਨ੍ਹਾਂ ਦੇ ਸਥਿਰ ਰਹਿਣ ਦੀ ਸੰਭਾਵਨਾ ਹੈ। ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਵਾਧੇ ਦੇ ਪ੍ਰਮੁੱਖ ਕਾਰਨਾਂ ’ਚ ਸਤੰਬਰ ’ਚ ਭਾਰਤ ਸਰਕਾਰ ਵੱਲੋਂ ਇੰਪੋਰਟ ਡਿਊਟੀ ’ਚ ਵਾਧਾ ਸ਼ਾਮਲ ਹੈ, ਜਿਸ ਤੋਂ ਬਾਅਦ ਪਾਮ ਤੇਲ ਦੀਆਂ ਕੀਮਤਾਂ ’ਚ ਗਲੋਬਲ ਉਛਾਲ ਆਇਆ।

ਪਾਮ ਆਇਲ ਦੀਆਂ ਕੀਮਤਾਂ ਵੀ ਰਹਿਣਗੀਆਂ ਉੱਚੀਆਂ

ਭਾਰਤ ਆਪਣੀਆਂ ਖਾਣ ਵਾਲੇ ਤੇਲ ਦੀਆਂ ਲੱਗਭਗ 60 ਫੀਸਦੀ ਜ਼ਰੂਰਤਾਂ ਨੂੰ ਦਰਾਮਦ ਦੇ ਜ਼ਰੀਏ ਪੂਰਾ ਕਰਦਾ ਹੈ, ਜਿਸ ’ਚੋਂ ਪਾਮ ਆਇਲ ਦਾ ਹਿੱਸਾ ਸਭ ਤੋਂ ਜ਼ਿਆਦਾ ਹੈ। ਮਲੇਸ਼ੀਅਨ ਪਾਮ ਆਇਲ ਬੋਰਡ (ਐੱਮ. ਪੀ. ਓ. ਬੀ.) ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ’ਚ ਕਿਹਾ ਹੈ ਕਿ ਅਕਤੂਬਰ ’ਚ ਪਾਮ ਆਇਲ ਦੀਆਂ ਕੀਮਤਾਂ 4,000 ਰਿੰਗਿਟ (ਮਲੇਸ਼ੀਆ ਦੀ ਕਰੰਸੀ) ਪ੍ਰਤੀ ਟਨ ਤੋਂ ਉੱਪਰ ਸਥਿਰ ਰਹਿਣ ਦੀ ਉਮੀਦ ਹੈ। ਮਲੇਸ਼ੀਆ ਤੋਂ ਸਾਲ-ਦਰ-ਸਾਲ ਪਾਮ ਆਇਲ ਦੇ ਭੰਡਾਰ ’ਚ ਚੱਲ ਰਹੀ ਅਨਿਸ਼ਚਿਤਤਾ ਅਤੇ ਤੇਜ਼ ਗਿਰਾਵਟ ਕਾਰਨ ਕੀਮਤਾਂ ਉੱਚੀਆਂ ਰਹਿਣਗੀਆਂ।


author

Harinder Kaur

Content Editor

Related News