ਤਿਓਹਾਰਾਂ ਦਾ ਮਜ਼ਾ ਕਿਰਕਿਰਾ ਕਰ ਸਕਦੈ ਤੇਲ, 1 ਲੱਖ ਟਨ ਪਾਮ ਆਇਲ ਦੇ ਕਾਂਟਰੈਕਟ ਹੋਏ ਰੱਦ

Monday, Sep 23, 2024 - 11:59 PM (IST)

ਤਿਓਹਾਰਾਂ ਦਾ ਮਜ਼ਾ ਕਿਰਕਿਰਾ ਕਰ ਸਕਦੈ ਤੇਲ, 1 ਲੱਖ ਟਨ ਪਾਮ ਆਇਲ ਦੇ ਕਾਂਟਰੈਕਟ ਹੋਏ ਰੱਦ

ਨਵੀਂ ਦਿੱਲੀ- ਇਸ ਤਿਓਹਾਰੀ ਸੀਜ਼ਨ ’ਚ ਤੁਹਾਨੂੰ ਖਾਣ ਵਾਲੇ ਤੇਲ ਦੀ ਜ਼ਿਆਦਾ ਕੀਮਤ ਚੁਕਾਉਣੀ ਪੈ ਸਕਦੀ ਹੈ। ਭਾਰਤ ਦੀਆਂ ਰਿਫਾਇਨਰੀਆਂ ਤੇਜ਼ੀ ਨਾਲ ਪਾਮ ਆਇਲ ਦੇ ਕਾਂਟਰੈਕਟ ਰੱਦ ਕਰ ਰਹੀਆਂ ਹਨ। ਇਸ ਪਾਮ ਆਇਲ ਦੀ ਡਲਿਵਰੀ ਅਕਤੂਬਰ ਤੋਂ ਦਸੰਬਰ ਦਰਮਿਆਨ ਹੋਣ ਵਾਲੀ ਸੀ।

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਪਾਮ ਆਇਲ ਦਰਾਮਦਕਾਰ ਹੈ। ਭਾਰਤ ਹਰ ਮਹੀਨੇ ਲੱਗਭਗ 7.50 ਲੱਖ ਟਨ ਪਾਮ ਆਇਲ ਦੀ ਦਰਾਮਦ ਕਰਦਾ ਹੈ। ਇਸ ’ਚੋਂ ਲੱਗਭਗ 1 ਲੱਖ ਟਨ ਪਾਮ ਆਇਲ ਦੇ ਕਾਂਟਰੈਕਟ ਹੁਣ ਤੱਕ ਰੱਦ ਹੋ ਚੁੱਕੇ ਹਨ, ਜੋ ਕੁੱਲ ਦਰਾਮਦ ਦਾ ਲੱਗਭਗ 13 ਫੀਸਦੀ ਹੈ। ਕੇਂਦਰ ਸਰਕਾਰ ਵੱਲੋਂ ਇੰਪੋਰਟ ਡਿਊਟੀ ਵਧਾਉਣ ਦਾ ਅਸਰ ਹੁਣ ਨਜ਼ਰ ਆਉਣ ਲੱਗਾ ਹੈ।

ਖਾਣ ਵਾਲੇ ਤੇਲਾਂ ’ਚ ਪਾਮ ਆਇਲ ਨੂੰ ਮਿਕਸ ਕੀਤਾ ਜਾਂਦਾ ਹੈ। ਅਜਿਹੇ ’ਚ ਇਸ ਦੀ ਕਮੀ ਨਾਲ ਖਾਣ ਵਾਲੇ ਤੇਲਾਂ ਦੀ ਕੀਮਤ ’ਚ ਉਛਾਲ ਆ ਸਕਦਾ ਹੈ।

ਘਟ ਸਕਦੇ ਹਨ ਮਲੇਸ਼ੀਆਈ ਪਾਮ ਆਇਲ ਦੇ ਰੇਟ

ਇਕ ਰਿਪੋਰਟ ਅਨੁਸਾਰ ਇਹ ਸਾਰੇ ਕਾਂਟਰੈਕਟ ਪਿਛਲੇ 4 ਦਿਨਾਂ ’ਚ ਰੱਦ ਹੋਏ ਹਨ। ਸੋਮਵਾਰ ਨੂੰ ਲੱਗਭਗ 50,000 ਟਨ ਦੇ ਦਰਾਮਦ ਆਰਡਰ ਰੱਦ ਹੋਏ ਹਨ। ਭਾਰਤ ਵੱਲੋਂ ਆਰਡਰ ਰੱਦ ਕੀਤੇ ਜਾਣ ਨਾਲ ਮਲੇਸ਼ੀਆ ਪਾਮ ਆਇਲ ਦੇ ਰੇਟ ਹੇਠਾਂ ਆ ਸਕਦੇ ਹਨ। ਨਾਲ ਹੀ ਇਸ ਨਾਲ ਸੋਇਆ ਆਇਲ ਉਤਪਾਦਕਾਂ ਨੂੰ ਵੀ ਫਾਇਦਾ ਹੋ ਸਕਦਾ ਹੈ। ਕਈ ਰਿਫਾਇਨਰੀਆਂ ਸੋਇਆ ਆਇਲ ਦਾ ਰੁਖ਼ ਵੀ ਕਰ ਸਕਦੀਆਂ ਹਨ।

ਕਰੂਡ ਅਤੇ ਰਿਫਾਇੰਡ ਆਇਲ ’ਤੇ ਇੰਪੋਰਟ ਡਿਊਟੀ 20 ਫੀਸਦੀ ਵਧੀ

ਭਾਰਤ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਕਰੂਡ ਅਤੇ ਰਿਫਾਇੰਡ ਆਇਲ ’ਤੇ ਇੰਪੋਰਟ ਡਿਊਟੀ 20 ਫੀਸਦੀ ਵਧਾ ਦਿੱਤੀ ਸੀ। ਇਸ ਕਾਰਨ ਹੁਣ ਪਾਮ ਆਇਲ ’ਤੇ ਇੰਪੋਰਟ ਡਿਊਟੀ 5.5 ਫੀਸਦੀ ਤੋਂ ਵਧ ਕੇ 27.5 ਫੀਸਦੀ ਹੋ ਗਈ ਹੈ। ਹੁਣ ਸਥਿਤੀ ਇਹ ਬਣ ਗਈ ਹੈ ਕਿ ਆਰਡਰ ਰੱਦ ਕਰਨ ’ਚ ਰਿਫਾਇਨਰੀਆਂ ਨੂੰ ਜ਼ਿਆਦਾ ਫਾਇਦਾ ਹੈ।

ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਪਾਮ ਆਇਲ ਵੇਚਣ ਵਾਲੇ ਵੀ ਇਸ ਤੋਂ ਖੁਸ਼ ਹਨ। ਹੁਣ ਉਹ ਜ਼ਿਆਦਾ ਕੀਮਤ ’ਚ ਨਵੇਂ ਸੌਦੇ ਕਰ ਸਕਦੇ ਹਨ। ਕਰੂਡ ਪਾਮ ਆਇਲ ਫਿਲਹਾਲ 1080 ਡਾਲਰ ਟਨ ਦੇ ਰੇਟ ’ਤੇ ਆ ਗਿਆ ਹੈ। ਇਕ ਮਹੀਨਾ ਪਹਿਲਾਂ ਤੱਕ ਇਹ 980 ਤੋਂ 1000 ਡਾਲਰ ’ਤੇ ਸੀ। ਭਾਰਤ ਮਲੇਸ਼ੀਆ ਤੋਂ ਇਲਾਵਾ ਇੰਡੋਨੇਸ਼ੀਆ ਅਤੇ ਥਾਈਲੈਂਡ ਤੋਂ ਪਾਮ ਆਇਲ ਦਰਾਮਦ ਕਰਦਾ ਹੈ।


author

Rakesh

Content Editor

Related News