ਨਵੀਂ ਰੂੰ ਕਾਰੋਬਾਰ ਨੇ ਹਾਜ਼ਰ ਬਾਜ਼ਾਰ ਨੂੰ ਸੁੱਟਿਆ ਮੂਧੇ ਮੂੰਹ, ਤੇਜੜੀਏ ਮਾਯੂਸ

08/19/2017 11:58:24 PM

ਜੈਤੋ- ਕੱਪੜਾ ਮੰਤਰਾਲਾ ਦੇ ਕਾਟਨ ਐਡਵਾਇਜ਼ਰੀ ਬੋਰਡ (ਸੀ. ਏ. ਬੀ.) ਦੇ ਅਨੁਸਾਰ ਦੇਸ਼ 'ਚ ਵੱਖ ਕਪਾਹ ਉਤਪਾਦਕ ਸੂਬਿਆਂ 'ਚ 3 ਕਰੋੜ 45 ਲੱਖ ਗੰਢ 'ਚ ਆਈ ਹੈ, ਜਦਕਿ ਪਿਛਲੇ ਸਾਲ 3 ਕਰੋੜ 37 ਲੱਖ 75000 ਗੰਢ ਪਹੁੰਚੀ ਸੀ। ਸੂਤਰਾਂ ਅਨੁਸਾਰ ਦੇਸ਼ ਦੀਆਂ ਮੰਡੀਆਂ 'ਚ ਆਈਆਂ ਕੁਲ 3.45 ਕਰੋੜ ਗੰਢਾਂ 'ਚ ਪੰਜਾਬ ਦੀਆਂ 9 ਲੱਖ ਗੰਢਾਂ, ਹਰਿਆਣਾ ਦੀਆਂ 20.50 ਲੱਖ, ਰਾਜਸਥਾਨ 16.50 ਲੱਖ, ਗੁਜਰਾਤ 88.50 ਲੱਖ, ਮਹਾਰਾਸ਼ਟਰ 95 ਲੱਖ, ਮੱਧ ਪ੍ਰਦੇਸ਼ 20.50 ਲੱਖ, ਤੇਲੰਗਾਨਾ 48 ਲੱਖ, ਆਂਧਰਾ ਪ੍ਰਦੇਸ਼ 19 ਲੱਖ, ਕਰਨਾਟਕ 18 ਲੱਖ, ਤਾਮਿਲਨਾਡੂ 5 ਲੱਖ ਤੇ ਓਡਿਸ਼ਾ ਦੀਆਂ 3 ਲੱਖ ਗੰਢਾਂ ਸ਼ਾਮਲ ਹਨ। ਗੈਰ-ਸਰਕਾਰੀ ਆਈ. ਸੀ. ਸੀ. ਮੁੰਬਈ ਦੇ ਅਨੁਸਾਰ ਦੇਸ਼ 'ਚ ਹੁਣ ਤੱਕ 3 ਕਰੋੜ 38 ਲੱਖ 10 ਹਜ਼ਾਰ ਗੰਢਾਂ ਮੰਡੀਆਂ 'ਚ ਪਹੁੰਚੀਆਂ ਹਨ।
ਦੇਸ਼ 'ਚ ਕਪਾਹ ਸੈਸ਼ਨ 2017-18 ਦੌਰਾਨ ਕਪਾਹ ਦੀ ਬਿਜਾਈ 'ਚ ਬਹੁਤ ਵਾਧਾ ਹੋਇਆ ਹੈ। ਕੇਂਦਰੀ ਖੇਤੀਬਾੜੀ ਵਿਭਾਗ ਅਨੁਸਾਰ ਇਸ ਸਾਲ ਸਾਉਣੀ ਦੀ ਫਸਲ ਵ੍ਹਾਈਟ ਗੋਲਡ (ਕਪਾਹ) ਦੀ ਬਿਜਾਈ 18 ਅਗਸਤ 2017 ਤੱਕ 118.14 ਲੱਖ ਹੈਕਟੇਅਰ 'ਚ ਹੋਈ ਹੈ, ਜਦਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ 101.54 ਲੱਖ ਹੈਕਟੇਅਰ 'ਚ ਵ੍ਹਾਈਟ ਗੋਲਡ ਦੀ ਬਿਜਾਈ ਕੀਤੀ ਗਈ ਸੀ। ਦੇਸ਼ ਦੀ ਮੰਨੀ-ਪ੍ਰਮੰਨੀ ਰੂੰ ਕਾਰੋਬਾਰੀ ਸੰਸਥਾ ਇੰਡੀਅਨ ਕਾਟਨ ਐਸੋਸੀਏਸ਼ਨ ਲਿਮਟਿਡ (ਆਈ. ਸੀ. ਏ.) ਦੇ ਡਾਇਰੈਕਟਰ ਭਗਵਾਨ ਬਾਂਸਲ ਅਨੁਸਾਰ ਦੇਸ਼ 'ਚ ਇਸ ਸਾਲ ਲਗਭਗ 4 ਕਰੋੜ 30 ਲੱਖ ਗੰਢ ਦਾ ਉਤਪਾਦਨ ਹੋਣ ਦਾ ਅੰਦਾਜ਼ਾ ਹੈ, ਜਦਕਿ ਇਸ ਸਾਲ 3.45 ਲੱਖ ਗੰਢ ਮੰਡੀਆਂ 'ਚ ਆਈ ਹੈ। ਭਗਵਾਨ ਬਾਂਸਲ ਨੇ ਕਿਹਾ ਕਿ ਭਾਰਤ 'ਚ ਕਪਾਹ ਸੈਸ਼ਨ 2017-18 ਦੌਰਾਨ ਕਪਾਹ ਦਾ ਵਿਸ਼ਵ ਪੱਧਰੀ ਉਤਪਾਦਨ ਹੋਣਾ ਤੈਅ ਹੈ। ਇਸ ਤੋਂ ਪਹਿਲਾਂ ਭਾਰਤ 'ਚ 3.98 ਕਰੋੜ ਗੰਢ ਦਾ ਰਿਕਾਰਡ ਉਤਪਾਦਨ ਕਪਾਹ ਸੈਸ਼ਨ 2013-14 'ਚ ਹੋ ਚੁੱਕਾ ਹੈ। 
ਸੂਤਰਾਂ ਅਨੁਸਾਰ ਪੰਜਾਬ 'ਚ ਹਰ ਸਾਲ ਕਾਟਨ ਉਦਯੋਗ ਲਗਾਤਾਰ ਖਤਮ ਹੋ ਰਿਹਾ ਹੈ। ਸੂਬੇ 'ਚ ਸਾਲ 2007 'ਚ ਲਗਭਗ 422 ਕਾਟਨ ਫੈਕਟਰੀਆਂ ਸਨ ਜੋ ਅੱਜ ਸਿਰਫ 60-65 ਹੀ ਰਹਿ ਗਈਆਂ ਹਨ। ਸੂਤਰਾਂ ਅਨੁਸਾਰ ਸੂਬੇ 'ਚ ਕਾਟਨ ਜਿਨਿੰਗ ਉਦਯੋਗ ਬੰਦ ਹੋਣ ਦਾ ਮੁੱਖ ਕਾਰਨ ਕਪਾਹ ਖਰੀਦ 'ਚ ਡਿਸਪੈਰਿਟੀ ਹੋਣਾ ਅਤੇ ਬਿਜਲੀ ਦੇ ਪ੍ਰਤੀ ਯੂਨਿਟ ਦੂਜੇ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਹੋਣਾ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਕਾਟਨ ਜਿਨਿੰਗ ਮਿੱਲਾਂ ਪ੍ਰਤੀ ਗੰਢ ਲਗਭਗ 450 ਰੁਪਏ ਖਰਚਾ ਲੈ ਕੇ ਕੰਮ ਕਰ ਰਹੀ ਹੈ, ਜਦਕਿ ਸਹੀ ਖਰਚਾ ਲਗਭਗ 850 ਰੁਪਏ ਪ੍ਰਤੀ ਗੰਢ ਹੁੰਦਾ ਹੈ। 
ਕਾਟਨ ਜਿਨਿੰਗ ਮਿੱਲਾਂ ਦੇ ਸਾਲਾਨਾ ਖਰਚ ਬਾਰੀਕੀਆਂ ਨਾਲ ਨਾ ਲੱਗਣ ਨਾਲ ਵੀ ਕਾਟਨ ਉਦਯੋਗ ਬੰਦ ਹੋ ਰਿਹਾ ਹੈ। ਕਾਟਨ ਜਿਨਿੰਗ ਮਿੱਲਾਂ ਜਦੋਂ ਤੱਕ ਆਪਣੇ ਸਾਲਾਨਾ ਖਰਚੇ ਦਾ ਸਹੀ ਪਤਾ ਨਹੀਂ ਲਾ ਕੇ ਚੱਲਣਗੀਆਂ ਉਦੋਂ ਤੱਕ ਕਾਟਨ ਜਿਨਿੰਗ ਮਿੱਲਾਂ ਇਸੇ ਤਰ੍ਹਾਂ ਹੀ ਬੰਦ ਹੁੰਦੀਆਂ ਰਣਿਗੀਆਂ। ਜ਼ਿਆਦਾਤਰ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਰੂੰ ਦਾ ਜਿਨਿੰਗ ਵਾਲਾ ਕਾਰੋਬਾਰ ਹੁਣ ਨੁਕਸਾਨਦਾਇਕ ਬਣ ਗਿਆ ਹੈ। ਬਾਜ਼ਾਰ ਜਾਣਕਾਰਾਂ ਅਨੁਸਾਰ ਲਕਸ਼ਮੀ ਜੀ ਦੇ ਖਜ਼ਾਨਾ ਮੰਤਰੀ ਕੁਬੇਰ ਜੀ ਇਕ ਵਾਰ ਫਿਰ ਰੂੰ ਸਟਾਕਿਸਟਾਂ (ਤੇਜੜੀਆਂ) ਦੀ ਬੇੜੀ ਗੰਗਾ 'ਚ ਡੁੱਬਕੀ ਲਵਾਉਣ ਦੀ ਤਿਆਰੀ 'ਚ ਹਨ, ਜਿਸ ਨਾਲ ਜ਼ਿਆਦਾਤਰ ਤੇਜੜੀਏ ਬੇੜੀ 'ਤੇ ਚੜ੍ਹਨ ਦੀ ਥਾਂ ਡੁੱਬਣ ਤੋਂ ਬਚਣ ਲਈ ਆਪਣਾ ਮਾਲ ਬਾਜ਼ਾਰ 'ਚ ਵੇਚ ਰਹੇ ਹਨ। ਤੇਜੜੀਏ ਸਪਿਨਿੰਗ ਮਿੱਲਾਂ ਨੂੰ ਵਾਰ-ਵਾਰ ਕਾਫੀ ਘੱਟ ਅਨਸੋਲਡ ਰੂੰ ਗੰਢਾਂ ਦਾ ਸਟਾਕ ਮਾਰਕੀਟ 'ਚ ਦਿਖਾ ਰਹੇ ਹਨ ਪਰ ਕੱਤਾਈ ਮਿੱਲਾਂ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ ਹੈ। ਮਿੱਲਾਂ ਨੂੰ ਤਾਂ ਹੁਣ ਨਵੀਂ ਫਸਲ ਦਿਸਣ ਲੱਗੀ ਹੈ ਅਤੇ ਹਰਿਆਣਾ 'ਚ ਖੁੱਲ੍ਹ ਕੇ ਨਵੀਂ ਰੂੰ ਦਾ ਕਾਰੋਬਾਰ ਸ਼ੁਰੂ ਹੋ ਚੁੱਕਾ ਹੈ। ਉੱਤਰ ਭਾਰਤ ਦੇ ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਚ ਇਕ ਵਾਰ ਫਿਰ ਰੂੰ ਮੂੰਧੇ ਮੂੰਹ ਡਿੱਗ ਚੁੱਕੀ ਹੈ, ਜਿਸ ਨਾਲ ਸਟਾਕਿਸਟਾਂ (ਤੇਜੜੀਆਂ) ਦੇ ਪਸੀਨੇ ਛੁੱਟਣਾ ਸੁਭਾਵਿਕ ਗੱਲ ਹੈ। ਇਸ ਹਫਤੇ ਰੂੰ ਭਾਅ 100 ਰੁਪਏ ਮਣ ਫਿਸਲ ਚੁੱਕੇ ਹਨ।


Related News