ਸਿਪ ਨਿਵੇਸ਼ਕਾਂ ਦੀ ਹੋਈ ਚਾਂਦੀ! 233 ਫ਼ੀਸਦੀ ਦਾ ਦਮਦਾਰ ਵਾਧਾ, ਮਿਊਚੁਅਲ ਫੰਡ ’ਚ ਵੀ ਰਿਕਾਰਡਤੋਡ਼ ਤੇਜ਼ੀ
Sunday, Dec 22, 2024 - 12:06 AM (IST)
ਨਵੀਂ ਦਿੱਲੀ- ਭਾਰਤ ’ਚ ਐੱਸ. ਆਈ. ਪੀ. (ਸਿਪ) ’ਚ ਰਿਕਾਰਡਤੋੜ ਉਛਾਲ ਦੇਖਣ ਨੂੰ ਮਿਲਿਆ ਹੈ। ਇਕ ਰਿਪੋਰਟ ਮੁਤਾਬਕ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ (ਐੱਸ. ਆਈ. ਪੀ.) ’ਚ ਸ਼ੁੱਧ ਪ੍ਰਵਾਹ 233 ਫੀਸਦੀ (ਸਾਲਾਨਾ ਆਧਾਰ ’ਤੇ) ਵਧਿਆ ਹੈ। ਅਜਿਹਾ ਇਸ ਲਈ, ਕਿਉਂਕਿ ਭਾਰਤੀ ਅਰਥਵਿਵਸਥਾ ਮੁਸ਼ਕਿਲ ਭੂ-ਸਿਆਸੀ ਹਾਲਾਤਾਂ ਦੇ ਬਾਵਜੂਦ ਲਚਕੀਲੀ ਬਣੀ ਹੋਈ ਹੈ।
ਆਈ. ਸੀ. ਆਰ. ਏ. ਐਨਾਲਿਟਿਕਸ ਦੀ ਰਿਪੋਰਟ ਅਨੁਸਾਰ ਇਸ ਸਾਲ ਜਨਵਰੀ ਤੋਂ ਨਵੰਬਰ ਤੱਕ ਕੁੱਲ ਸ਼ੁੱਧ ਪ੍ਰਵਾਹ 9.14 ਲੱਖ ਕਰੋਡ਼ ਰੁਪਏ ਰਿਹਾ, ਜਦੋਂ ਕਿ 2023 ’ਚ ਇਹ 2.74 ਲੱਖ ਕਰੋਡ਼ ਰੁਪਏ ਸੀ, ਜੋ 233 ਫ਼ੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ।
ਨਵੰਬਰ ਦੇ ਅੰਤ ’ਚ ਰਜਿਸਟਰਡ ਨਵੇਂ ਐੱਸ. ਆਈ. ਪੀ. ਦੀ ਗਿਣਤੀ ਵਧ ਕੇ 49.47 ਲੱਖ ਹੋ ਗਈ, ਜਦੋਂ ਕਿ ਨਵੰਬਰ 2023 ’ਚ ਇਹ 30.80 ਲੱਖ ਸੀ। ਰਿਪੋਰਟ ਅਨੁਸਾਰ ਐੱਸ. ਆਈ. ਪੀ. ਏਸੈੱਟ ਅੰਡਰ ਮੈਨੇਜਮੈਂਟ (ਏ. ਯੂ. ਐੱਮ.) ਨਵੰਬਰ ’ਚ 13.54 ਲੱਖ ਕਰੋਡ਼ ਰੁਪਏ ਰਿਹਾ, ਜਦੋਂ ਕਿ 2023 ’ਚ ਇਹ 9.31 ਲੱਖ ਕਰੋਡ਼ ਰੁਪਏ ਸੀ।
ਭਾਰਤੀ ਮਿਊਚੁਅਲ ਫੰਡ (ਐੱਮ. ਐੱਫ.) ਇੰਡਸਟਰੀ ਨੇ ਪਿਛਲੇ ਇਕ ਸਾਲ ’ਚ ਸ਼ੁੱਧ ਪ੍ਰਵਾਹ ’ਚ 135 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਅਤੇ ਸ਼ੁੱਧ ਏ. ਯੂ. ਐੱਮ. ’ਚ ਲੱਗਭਗ 39 ਫ਼ੀਸਦੀ ਦਾ ਵਾਧਾ ਵੇਖਿਆ।
ਘਰੇਲੂ ਮਿਊਚੁਅਲ ਫੰਡ ਉਦਯੋਗਾਂ ’ਚ ਕਈ ਗੁਣਾ ਵਾਧੇ ਦੀ ਉਮੀਦ
ਰਿਪੋਰਟ ’ਚ ਕਿਹਾ ਗਿਆ ਹੈ ਕਿ ਆਉਣ ਵਾਲੇ ਸਾਲਾਂ ’ਚ ਉਦਯੋਗ ’ਚ ਕਈ ਗੁਣਾ ਵਾਧਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਭਾਰਤ ਕੌਮਾਂਤਰੀ ਅਰਥਵਿਵਸਥਾ ’ਚ ਇਕ ਚੰਗੀ ਸਥਿਤੀ ’ਚ ਹੈ। ਆਈ. ਸੀ. ਆਰ. ਏ. ਐਨਾਲਿਟਿਕਸ ਦੇ ਸੀਨੀਅਰ ਉਪ-ਪ੍ਰਧਾਨ ਅਤੇ ਬਾਜ਼ਾਰ ਡਾਟਾ ਪ੍ਰਮੁੱਖ ਅਸ਼ਵਨੀ ਕੁਮਾਰ ਨੇ ਕਿਹਾ, ‘‘ਭਾਰਤੀ ਅਰਥਵਿਵਸਥਾ ਦੀ ਸਰੰਚਨਾਤਮਕ ਵਿਕਾਸ ਕਹਾਣੀ ਬਰਕਰਾਰ ਰਹਿਣ ਅਤੇ ਭਾਰਤ ਦੇ ਕਮਾਂਤਰੀ ਅਰਥਵਿਵਸਥਾ ’ਚ ਇਕ ਚਮਕਦਾ ਸਥਾਨ ਹੋਣ ਦੇ ਨਾਲ, ਘਰੇਲੂ ਮਿਊਚੁਅਲ ਫੰਡ ਉਦਯੋਗ ’ਚ ਆਉਣ ਵਾਲੇ ਸਾਲਾਂ ’ਚ ਕਈ ਗੁਣਾ ਵਾਧਾ ਹੋਣ ਦੀ ਉਮੀਦ ਹੈ।’’