PM ਮੋਦੀ ਨੇ ਸਿਓਲ ਸ਼ਾਂਤੀ ਪ੍ਰਾਈਜ਼ 'ਤੇ ਮਿਲੀ ਟੈਕਸ ਛੋਟ ਕੀਤੀ ਵਾਪਸ

08/18/2019 12:07:42 PM

ਨਵੀਂ ਦਿੱਲੀ—  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਓਲ ਸ਼ਾਂਤੀ ਪੁਰਸਕਾਰ ਤਹਿਤ ਮਿਲੀ 1.3 ਕਰੋੜ ਰੁਪਏ ਦੀ ਰਾਸ਼ੀ 'ਤੇ ਵਿੱਤ ਮੰਤਰਾਲਾ ਵੱਲੋਂ ਦਿੱਤੀ ਗਈ ਇਨਕਮ ਟੈਕਸ ਛੋਟ ਵਾਪਸ ਕਰ ਦਿੱਤੀ ਹੈ। ਦਰਅਸਲ, ਪੀ. ਐੱਮ. ਮੋਦੀ ਨੇ ਵਿੱਤ ਮੰਤਰਾਲਾ ਨੂੰ ਖੁਦ ਪੱਤਰ ਲਿਖ ਕੇ ਟੈਕਸ ਛੋਟ ਨੂੰ ਵਾਪਸ ਲੈਣ ਲਈ ਕਿਹਾ ਸੀ। 11 ਅਗਸਤ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖੇ ਪੱਤਰ 'ਚ ਪੀ. ਐੱਮ. ਮੋਦੀ ਨੇ ਕਿਹਾ ਕਿ ਉਹ ਦੇਸ਼ ਦੇ ਸਾਰੇ ਟੈਕਸਦਾਤਾਵਾਂ ਦੀ ਤਰ੍ਹਾਂ ਇਸ ਰਕਮ 'ਤੇ ਇਨਕਮ ਟੈਕਸ ਭਰਨਾ ਚਾਹੁੰਦੇ ਹਨ।

 



ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਾਲ ਫਰਵਰੀ 'ਚ 2018 ਲਈ ਪ੍ਰਮੁੱਖ ਸਿਓਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਇਸ ਪੁਰਸਕਾਰ ਨਾਲ ਉਨ੍ਹਾਂ ਨੂੰ 1.3 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਸੀ। 6 ਮਾਰਚ ਨੂੰ ਸੈਂਟਰਲ ਡਾਇਰੈਕਟ ਟੈਕਸ ਬਿਊਰੋ (ਸੀ. ਬੀ. ਡੀ. ਟੀ.) ਨੇ ਇਨਕਮ ਟੈਕਸ ਦੀ ਧਾਰਾ 10 (17-ਏ) (1) ਤਹਿਤ ਇਸ ਨੂੰ ਇਨਕਮ ਟੈਕਸ 'ਚ ਛੋਟ ਦੇ ਦਿੱਤੀ ਸੀ। ਇਸ ਮਗਰੋਂ ਪੀ. ਐੱਮ. ਮੋਦੀ ਨੇ 11 ਅਗਸਤ ਨੂੰ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਛੋਟ 'ਤੇ ਦੁਬਾਰਾ ਵਿਚਾਰ ਕਰਨ ਲਈ ਕਿਹਾ।
ਪੀ. ਐੱਮ. ਨਰਿੰਦਰ ਮੋਦੀ ਨੇ ਪੱਤਰ 'ਚ ਲਿਖਿਆ, ''ਮੈਨੂੰ ਪਤਾ ਲੱਗਾ ਹੈ ਕਿ ਵਿੱਤ ਮੰਤਰਾਲਾ ਨੇ ਇਨਾਮੀ ਰਾਸ਼ੀ 'ਤੇ ਇਨਕਮ ਟੈਕਸ ਛੋਟ ਦੇਣ ਦਾ ਹੁਕਮ ਜਾਰੀ ਕੀਤਾ ਹੈ। ਲੋਕ ਸਭਾ ਚੋਣਾਂ ਅਤੇ ਹੋਰ ਕੰਮਾਂ 'ਚ ਰੁਝੇ ਹੋਣ ਕਾਰਨ ਮੈਂ ਤੁਹਾਨੂੰ ਪਹਿਲਾਂ ਨਹੀਂ ਲਿਖ ਸਕਿਆ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਸ ਇਨਾਮੀ ਰਾਸ਼ੀ 'ਤੇ ਵੀ ਉਹੀ ਇਨਕਮ ਟੈਕਸ ਵਿਵਸਥਾ ਲਾਗੂ ਹੋਣੀ ਚਾਹੀਦੀ ਹੈ ਜੋ ਦੇਸ਼ ਦੇ ਕਰੋੜਾਂ ਟੈਕਸਦਾਤਾਵਾਂ 'ਤੇ ਲਾਗੂ ਹਨ। ਇਨਕਮ ਟੈਕਸ ਦੀ ਕਮਾਈ ਦੇਸ਼-ਨਿਰਮਾਣ ਦੇ ਕੰਮਾਂ 'ਚ ਜਾਂਦੀ ਹੈ। ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਟੈਕਸ ਛੋਟ ਦੇਣ ਦੇ ਪਹਿਲੇ ਹੁਕਮ 'ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਇਸ ਨੂੰ ਵਾਪਸ ਲਿਆ ਜਾਵੇ।'' ਇਕ ਰਿਪੋਰਟ ਮੁਤਾਬਕ, ਸੀ. ਬੀ. ਡੀ. ਟੀ. ਨੇ ਪੀ. ਐੱਮ. ਮੋਦੀ ਦੇ ਇਸ ਪੱਤਰ 'ਤੇ 14 ਅਗਸਤ ਨੂੰ ਇਕ ਆਰਡਰ ਰਾਹੀਂ ਆਪਣਾ ਪਹਿਲਾਂ ਵਾਲਾ ਹੁਕਮ ਵਾਪਸ ਲੈ ਲਿਆ ਹੈ।


Related News