ਮੈਟਾ ਤੋਂ ਕੱਢੇ ਜਾਣਗੇ 16,000 ਮੁਲਾਜ਼ਮ, ਇਸ ਕਾਰਨ ਜਾ ਰਹੀਆਂ ਨੌਕਰੀਆਂ!
Saturday, Apr 18, 2026 - 11:18 PM (IST)
ਗੈਜੇਟ ਡੈਸਕ- ਆਈ. ਟੀ. ਸੈਕਟਰ ’ਚ ਕੰਮ ਕਰਨ ਵਾਲੇ ਪੇਸ਼ੇਵਰਾਂ ਲਈ ਇਹ ਸਾਲ ਕਿਸੇ ਬੁਰੇ ਸੁਪਨੇ ਤੋਂ ਘੱਟ ਸਾਬਿਤ ਨਹੀਂ ਹੋ ਰਿਹਾ। ਦੁਨੀਆ ਦੀਆਂ ਸਭ ਤੋਂ ਵੱਡੀਆਂ ਟੈਕਨਾਲੋਜੀ ਕੰਪਨੀਆਂ ’ਚ ਸ਼ਾਮਲ ਮੈਟਾ (ਜਿਸ ਨੂੰ ਪਹਿਲਾਂ ਫੇਸਬੁੱਕ ਵਜੋਂ ਜਾਣਿਆ ਜਾਂਦਾ ਸੀ) ਨੇ ਇਕ ਵਾਰ ਫਿਰ ਵੱਡੇ ਪੱਧਰ ’ਤੇ ਮੁਲਾਜ਼ਮਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਮਨ ਬਣਾ ਲਿਆ ਹੈ। ਆਉਣ ਵਾਲੇ ਕੁਝ ਹੀ ਮਹੀਨਿਆਂ ’ਚ ਕੰਪਨੀ ਲੱਗਭਗ 16,000 ਲੋਕਾਂ ਦੀ ਛਾਂਟੀ ਕਰਨ ਜਾ ਰਹੀ ਹੈ। ਇਹ ਸਿਰਫ਼ ਇਕ ਕੰਪਨੀ ਦਾ ਹਾਲ ਨਹੀਂ ਹੈ, ਸਗੋਂ ਪੂਰੀ ਟੈਕਨਾਲੋਜੀ ਇੰਡਸਟਰੀ ਇਸ ਵੇਲੇ ਇਕ ਵੱਡੇ ਬਦਲਾਅ ਅਤੇ ਛਾਂਟੀ ਦੇ ਭਾਰੀ ਦੌਰ ’ਚੋਂ ਲੰਘ ਰਹੀ ਹੈ।
ਇਕ ਮੀਡੀਆ ਚੈਨਲ ਦੀ ਰਿਪੋਰਟ ਮੁਤਾਬਕ, ਮੈਟਾ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਸਟ੍ਰਕਚਰਿੰਗ ਪ੍ਰਕਿਰਿਆ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦਾ ਪਹਿਲਾ ਪੜਾਅ 20 ਮਈ ਤੋਂ ਸ਼ੁਰੂ ਹੋਣ ਦਾ ਖਦਸ਼ਾ ਹੈ, ਜਿਸ ’ਚ ਸਿੱਧੇ ਤੌਰ ’ਤੇ 8,000 ਮੁਲਾਜ਼ਮਾਂ ’ਤੇ ਗਾਜ ਡਿੱਗੇਗੀ। ਪਿਛਲੇ ਸਾਲ 31 ਦਸੰਬਰ ਦੀ ਫਾਈਲਿੰਗ ਅਨੁਸਾਰ, ਕੰਪਨੀ ’ਚ ਲੱਗਭਗ 79,000 ਲੋਕ ਕੰਮ ਕਰ ਰਹੇ ਸਨ। ਹੁਣ ਸਵਾਲ ਉੱਠਦਾ ਹੈ ਕਿ ਆਖਿਰ ਇੰਨੀ ਵੱਡੀ ਗਿਣਤੀ ’ਚ ਨੌਕਰੀਆਂ ਕਿਉਂ ਜਾ ਰਹੀਆਂ ਹਨ? ਇਸ ਦਾ ਸਿੱਧਾ ਜਵਾਬ ਹੈ- ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.)।
ਕੰਪਨੀ ਦੇ ਮੁਖੀ ਮਾਰਕ ਜੁਕਰਬਰਗ ਏ. ਆਈ., ਜੈਨਰੇਟਿਵ ਟੂਲਸ ਅਤੇ ਮਸ਼ੀਨ ਲਰਨਿੰਗ ਦੇ ਬੁਨਿਆਦੀ ਢਾਂਚੇ ’ਤੇ ਭਾਰੀ ਜ਼ੋਰ ਦੇ ਰਹੇ ਹਨ। ਕੰਪਨੀ ਆਪਣੇ ਕੰਮਕਾਜ ਨੂੰ ਤੇਜ਼ੀ ਨਾਲ ਆਟੋਮੈਟਿਕ ਭਾਵ ਸਾਫਟਵੇਅਰ ਦੇ ਹਵਾਲੇ ਕਰਨਾ ਚਾਹੁੰਦੀ ਹੈ, ਜਿਸ ਕਾਰਨ ਇਨਸਾਨੀ ਵਰਕਫੋਰਸ ਦੀ ਲੋੜ ਘਟ ਰਹੀ ਹੈ। ਰਿਪੋਰਟ ਦੱਸਦੀ ਹੈ ਕਿ ਸਾਲ ਦੇ ਦੂਜੇ ਹਿੱਸੇ ’ਚ ਵੀ ਛਾਂਟੀ ਦਾ ਇਹ ਸਿਲਸਿਲਾ ਜਾਰੀ ਰਹੇਗਾ।
ਸਿਰਫ਼ ਮੈਟਾ ਨਹੀਂ, ਡਿਜ਼ਨੀ ਅਤੇ ਮਾਰਵਲ ’ਤੇ ਵੀ ਮੰਡਰਾਇਆ ਸੰਕਟ
ਨੌਕਰੀਆਂ ਦਾ ਇਹ ਸੰਕਟ ਸਿਰਫ਼ ਸੋਸ਼ਲ ਮੀਡੀਆ ਮਹਾਰਥੀਆਂ ਤੱਕ ਸੀਮਤ ਨਹੀਂ ਹੈ। ਮਨੋਰੰਜਨ ਜਗਤ ਦੀ ਵੱਡੀ ਕੰਪਨੀ ਡਿਜ਼ਨੀ ਨੇ ਵੀ ਵੱਡੇ ਪੱਧਰ ’ਤੇ ਛਾਂਟੀ ਦਾ ਐਲਾਨ ਕਰ ਦਿੱਤਾ ਹੈ। ਡਿਜ਼ਨੀ ਦੇ ਸੀ. ਈ. ਓ. ਜੋਸ਼ ਡੀ’ਅਮਾਰੋ ਨੇ ਖੁਦ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਕੰਪਨੀ ਵੱਖ-ਵੱਖ ਡਿਵੀਜ਼ਨਾਂ ਤੋਂ ਲੱਗਭਗ 1,000 ਮੁਲਾਜ਼ਮਾਂ ਨੂੰ ਬਾਹਰ ਕੱਢ ਰਹੀ ਹੈ। ਇਸ ਨੂੰ ਡਿਜ਼ਨੀ ਦੇ ਇਤਿਹਾਸ ’ਚ ਹਾਲ ਦੇ ਸਾਲਾਂ ਦਾ ਸਭ ਤੋਂ ਵੱਡਾ ਅੰਦਰੂਨੀ ਬਦਲਾਅ ਮੰਨਿਆ ਜਾ ਰਿਹਾ ਹੈ। ਇਸ ਛਾਂਟੀ ਦੀ ਸਭ ਤੋਂ ਵੱਧ ਮਾਰ ‘ਮਾਰਵਲ ਸਟੂਡੀਓਜ਼’ ’ਤੇ ਪਈ ਹੈ, ਜਿੱਥੋਂ ਦੇ ਲੱਗਭਗ 8 ਫ਼ੀਸਦੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ।
ਓਰੈਕਲ ਦੇ ਨਿਯਮ ਤੋਂ ਮੁਲਾਜ਼ਮ ਪ੍ਰੇਸ਼ਾਨ
ਇੱਥੇ, ਮਸ਼ਹੂਰ ਅਮਰੀਕੀ ਆਈ. ਟੀ. ਕੰਪਨੀ ਓਰੈਕਲ ਦਾ ਰਵੱਈਆ ਨੌਕਰੀ ਗੁਆਉਣ ਵਾਲੇ ਮੁਲਾਜ਼ਮਾਂ ਦੀ ਪ੍ਰੇਸ਼ਾਨੀ ਨੂੰ ਹੋਰ ਵਧਾ ਰਿਹਾ ਹੈ। ਓਰੈਕਲ ਨੇ ਦੁਨੀਆ ਭਰ ’ਚ ਆਪਣੇ 30,000 ਮੁਲਾਜ਼ਮਾਂ ਦੀ ਛਾਂਟੀ ਕੀਤੀ ਹੈ, ਜਿਸ ’ਚ ਭਾਰਤ ਦੇ ਲੱਗਭਗ 12,000 ਮੁਲਾਜ਼ਮ ਵੀ ਸ਼ਾਮਲ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਓਰੈਕਲ ਦੀ ਉਹ ਸ਼ਰਤ ਹੈ ਜੋ ਉਸ ਨੇ ਕੱਢੇ ਗਏ ਮੁਲਾਜ਼ਮਾਂ ਦੇ ਸਾਹਮਣੇ ਰੱਖੀ ਹੈ।
ਕੰਪਨੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਮੁਲਾਜ਼ਮ ‘ਡਾਕਿਊਸਾਈਨ’ ਰਾਹੀਂ ਭੇਜੇ ਗਏ ਦਸਤਾਵੇਜ਼ਾਂ ’ਤੇ ਦਸਤਖ਼ਤ ਨਹੀਂ ਕਰਨਗੇ, ਉਨ੍ਹਾਂ ਨੂੰ ਕੋਈ ਸੇਵਰੈਂਸ ਪੈਕੇਜ (ਮੁਆਵਜ਼ਾ) ਨਹੀਂ ਦਿੱਤਾ ਜਾਵੇਗਾ, ਭਾਵ ਦਸਤਖ਼ਤ ਨਹੀਂ, ਤਾਂ ਪੈਸਾ ਨਹੀਂ। ਕੰਪਨੀ ਨੇ ਅਜੇ ਤੱਕ ਇਸ ਪੂਰੇ ਮਾਮਲੇ ਜਾਂ ਆਪਣੀਆਂ ਇਨ੍ਹਾਂ ਸਖਤ ਸ਼ਰਤਾਂ ’ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਪੂਰੀ ਦੁਨੀਆ ’ਚ ਟੈਕਨਾਲੋਜੀ ਛਾਂਟੀ ’ਤੇ ਨਜ਼ਰ ਰੱਖਣ ਵਾਲੀ ਇਕ ਵੈੱਬਸਾਈਟ ਮੁਤਾਬਕ, ਇਸ ਸਾਲ ਹੁਣ ਤੱਕ 73,212 ਟੈਕਨਾਲੋਜੀ ਮੁਲਾਜ਼ਮ ਆਪਣੀ ਨੌਕਰੀ ਗੁਆ ਚੁੱਕੇ ਹਨ।
