ਇਸ ਮਹੀਨੇ ਮਾਰੂਤੀ ਸੁਜ਼ੂਕੀ ਵਧਾਏਗੀ ਕਾਰਾਂ ਦੀਆਂ ਕੀਮਤਾਂ
Thursday, Aug 02, 2018 - 08:22 AM (IST)
ਨਵੀਂ ਦਿੱਲੀ— ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਕਿਹਾ ਕਿ ਉਹ ਇਸ ਮਹੀਨੇ ਤੋਂ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕਾਰ ਦੀਆਂ ਕੀਮਤਾਂ ਵਧਾਉਣ ਵਾਲੀ ਹੈ। ਕੰਪਨੀ ਨੇ ਕਿਹਾ ਕਿ ਵਸਤੂਆਂ ਦੀ ਲਾਗਤ ਵਧਣ, ਵਿਦੇਸ਼ੀ ਰੈਗੂਲੇਟਰੀ 'ਚ ਉਤਰਾਅ-ਚੜ੍ਹਾਅ ਅਤੇ ਈਂਧਣ ਦੀਆਂ ਵਧਦੀਆਂ ਕੀਮਤਾਂ ਦੇ ਅਸਰ ਨੂੰ ਘੱਟ ਕਰਨ ਲਈ ਉਹ ਕੀਮਤਾਂ ਵਧਾ ਰਹੀ ਹੈ। ਕੰਪਨੀ ਨੇ ਕਿਹਾ ਕਿ ਉਹ ਅਜੇ ਇਸ ਗੱਲ 'ਤੇ ਵਿਸਥਾਰ ਨਾਲ ਕੰਮ ਕਰ ਰਹੀ ਹੈ ਕਿ ਕੀਮਤਾਂ 'ਚ ਕਿੰਨਾ ਵਾਧਾ ਕੀਤਾ ਜਾਵੇ। ਇਹ ਅਲੱਗ ਮਾਡਲਾਂ ਲਈ ਅਲੱਗ ਹੋਵੇਗੇ। ਕੰਪਨੀ ਦੇ ਸੀਨੀਅਰ ਕਾਰਜਕਾਰੀ ਨਿਰਦੇਸ਼ਕ (ਵਿਕਰੀ ਤੇ ਮਾਰਕੀਟਿੰਗ) ਆਰ. ਐੱਸ. ਕਲਸੀ ਨੇ ਇਕ ਇੰਟਰਵਿਊ ਦੌਰਾਨ ਕਿਹਾ, ''ਕੰਪਨੀ ਹੁਣ ਵਧੀ ਲਾਗਤ ਦਾ ਪੂਰਾ ਖਰਚ ਖੁਦ ਨਹੀਂ ਕਰ ਸਕਦੀ ਹੈ। ਹੁਣ ਸਾਡੀ ਇਹ ਮਜਬੂਰੀ ਹੋ ਗਈ ਹੈ ਕਿ ਅਸੀਂ ਕੀਮਤਾਂ ਵਧਾ ਕੇ ਵਧੀ ਲਾਗਤ ਦਾ ਕੁਝ ਹਿੱਸਾ ਖਪਤਕਾਰਾਂ 'ਤੇ ਪਾਈਏ।'' ਮਹਿੰਦਰਾ ਐਂਡ ਮਹਿੰਦਰਾ ਤੇ ਟਾਟਾ ਮੋਟਰਜ਼ ਵਰਗੀਆਂ ਹੋਰ ਕੰਪਨੀਆਂ ਨੇ ਵੀ ਲਾਗਤ 'ਚ ਵਾਧੇ ਦਾ ਹਵਾਲਾ ਦੇ ਕੇ ਅਗਸਤ ਮਹੀਨੇ 'ਚ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ।
ਵਿਕਰੀ ਜੁਲਾਈ 'ਚ ਮਾਮੂਲੀ ਗਿਰਾਵਟ ਨਾਲ 1,64,369 ਇਕਾਈ 'ਤੇ ਪਹੁੰਚੀ : ਮਾਰੂਤੀ ਸੁਜ਼ੂਕੀ ਇੰਡੀਆ ਦੀ ਵਿਕਰੀ ਇਸ ਸਾਲ ਜੁਲਾਈ ਮਹੀਨੇ 'ਚ ਨਾ-ਮਾਤਰ ਡਿੱਗ ਕੇ 1,64,369 ਇਕਾਈ 'ਤੇ ਆ ਗਈ। ਪਿਛਲੇ ਸਾਲ ਦੇ ਇਸ ਮਹੀਨੇ ਵਿਕਰੀ 1,65,346 ਇਕਾਈ ਰਹੀ ਸੀ। ਕੰਪਨੀ ਨੇ ਕਿਹਾ ਕਿ ਸਮੀਖਿਆ ਅਧੀਨ ਮਹੀਨੇ ਦੌਰਾਨ ਉਸ ਦੀ ਘਰੇਲੂ ਵਿਕਰੀ ਪਿਛਲੇ ਸਾਲ ਦੇ 1,54,001 ਇਕਾਈਆਂ ਦੀ ਤੁਲਨਾ 'ਚ 1,54,150 ਇਕਾਈਆਂ 'ਤੇ ਪਹੁੰਚ ਗਈ। ਆਲਟੋ ਤੇ ਵੈਗਨਾਰ ਸਣੇ ਮਿੰਨੀ ਕਾਰ ਸ਼੍ਰੇਣੀ ਦੀ ਵਿਕਰੀ 42,310 ਇਕਾਈਆਂ ਦੀ ਤੁਲਨਾ 'ਚ 10.9 ਫੀਸਦੀ ਡਿੱਗ ਕੇ 37,710 ਇਕਾਈਆਂ 'ਤੇ ਆ ਗਈ।
