ਜਿਪਸੀ ਦੇ ਸ਼ੌਕੀਨਾਂ ਨੂੰ ਝਟਕਾ, ਨੈਨੋ ਤੇ ਓਮਨੀ ਵੀ ਹੋ ਸਕਦੀ ਹੈ ਬੰਦ!

11/17/2018 3:54:23 PM

ਮੁੰਬਈ, (ਏਜੰਸੀਆਂ)— ਭਾਰਤ 'ਚ ਪ੍ਰਸਿੱਧ ਕਈ ਪੁਰਾਣੇ ਮਾਡਲਾਂ ਦਾ ਪ੍ਰਾਡਕਸ਼ਨ ਆਉਣ ਵਾਲੇ ਦੋ ਸਾਲਾਂ ਦੌਰਾਨ ਬੰਦ ਹੋਣ ਦੀ ਸੰਭਾਵਨਾ ਹੈ। ਇਕ ਰਿਪੋਰਟ ਮੁਤਾਬਕ ਅਗਲੇ ਦੋ ਸਾਲਾਂ 'ਚ ਸੁਰੱਖਿਆ ਸੰਬੰਧੀ ਅਤੇ ਬੀ. ਐੱਸ.-6 ਨਿਕਾਸੀ ਸੰਬੰਧੀ ਨਿਯਮ ਲਾਗੂ ਹੋਣ ਦੇ ਮੱਦੇਨਜ਼ਰ ਕਾਰ ਨਿਰਮਾਤਾ ਕਈ ਪੁਰਾਣੇ ਮਾਡਲਾਂ ਦਾ ਪ੍ਰਾਡਕਸ਼ਨ ਬੰਦ ਕਰ ਸਕਦੇ ਹਨ। ਜਿਨ੍ਹਾਂ ਕਾਰਾਂ ਦਾ ਪ੍ਰਾਡਕਸ਼ਨ ਬੰਦ ਹੋ ਸਕਦਾ ਹੈ ਉਨ੍ਹਾਂ 'ਚ ਮਾਰੂਤੀ ਸੁਜ਼ੂਕੀ ਦੀ ਓਮਨੀ ਵੀ ਸ਼ਾਮਲ ਹੈ, ਜੋ ਕਿ 1984 ਤੋਂ ਭਾਰਤ ਦੀ ਸਭ ਤੋਂ ਵੱਧ ਪਸੰਦੀਦਾ ਵੈਨ ਰਹੀ ਹੈ। ਇਸ ਦੇ ਇਲਾਵਾ ਦਹਾਕਿਆਂ ਤੋਂ ਮਿਲਟਰੀ ਅਤੇ ਸਕਿਓਰਿਟੀ ਸਰਵਿਸ ਲਈ ਪਸੰਦੀਦਾ ਰਹੀ ਜਿਪਸੀ ਵੀ ਬੰਦ ਹੋ ਸਕਦੀ ਹੈ।

ਰਿਪੋਰਟਾਂ ਮੁਤਾਬਕ, ਟਾਟਾ ਮੋਟਰਜ਼ ਵੱਲੋਂ ਨੈਨੋ ਦਾ ਪ੍ਰਾਡਕਸ਼ਨ ਵੀ ਬੰਦ ਕੀਤਾ ਜਾ ਸਕਦਾ ਹੈ, ਜਿਸ ਨੂੰ ਦੁਨੀਆ ਦੀ ਸਭ ਤੋਂ ਸਸਤੀ ਕਾਰ ਕਿਹਾ ਜਾਂਦਾ ਹੈ। ਰਿਪੋਰਟਾਂ ਮੁਤਾਬਕ, ਸ਼ਾਇਦ ਇਨ੍ਹਾਂ 'ਚ ਮਹਿੰਦਰਾ ਈ20 ਦਾ ਵੀ ਨਾਂ ਜੁੜ ਸਕਦਾ ਹੈ, ਜੋ ਕਿ ਭਾਰਤ ਦੀ ਇਕੋ-ਇਕ ਛੋਟੀ ਇਲੈਕਟ੍ਰਿਕ ਕਾਰ ਹੈ। ਖਬਰਾਂ ਇਹ ਵੀ ਹਨ ਕਿ ਹੋਂਡਾ ਕਾਰਸ ਨੇ ਬ੍ਰਿਓ ਅਤੇ ਹੁੰਡਈ ਨੇ ਈਓਨ ਦਾ ਪ੍ਰਾਡਕਸ਼ਨ ਬੰਦ ਕਰ ਦਿੱਤਾ ਹੈ।
ਓਮਨੀ ਅਤੇ ਹੁੰਡਈ ਈਓਨ ਨੂੰ ਕੁਝ ਹੱਦ ਤਕ ਛੱਡ ਕੇ ਬਾਕੀ ਦੂਜੇ ਮਾਡਲਾਂ 'ਤੇ ਵਿਕਰੀ ਘਟਣ ਕਾਰਨ ਇਨ੍ਹਾਂ ਦੇ ਬੰਦ ਹੋਣ 'ਤੇ ਤਲਵਾਰ ਲਟਕੀ ਹੈ। ਰਿਪੋਰਟਾਂ ਮੁਤਾਬਕ, ਨੈਨੋ ਅਤੇ ਈ20 ਦਾ ਪ੍ਰਾਡਕਸ਼ਨ ਅਪ੍ਰੈਲ 2019 ਤਕ ਬੰਦ ਕੀਤਾ ਜਾ ਸਕਦਾ ਹੈ, ਜਦੋਂ ਕਿ ਓਮਨੀ ਅਤੇ ਫੀਏਟ ਪੁੰਟੋਂ ਦਾ ਪ੍ਰਾਡਕਸ਼ਨ ਅਪ੍ਰੈਲ 2020 'ਚ ਬੰਦ ਹੋ ਸਕਦਾ ਹੈ। ਮਾਹਰਾਂ ਮੁਤਾਬਕ ਨਿਸਾਨ ਟੈਰੇਨੋ, ਫੀਏਟ ਲੀਨਿਆ ਅਤੇ ਫਾਕਸਵੈਗਨ ਐਮੀਓ ਦਾ ਪ੍ਰਾਡਕਸ਼ਨ ਵੀ ਤਦ ਤਕ ਲਈ ਰੁਕ ਸਕਦਾ ਹੈ ਜਦੋਂ ਤਕ ਇਨ੍ਹਾਂ 'ਚ ਨਵੇਂ ਇੰਜਣ ਨਹੀਂ ਆ ਜਾਂਦੇ। ਰਿਪੋਰਟਾਂ ਮੁਤਾਬਕ, ਅਪ੍ਰੈਲ 2019 ਤਕ ਨਵੇਂ ਸੁਰੱਖਿਆ ਨਿਯਮ ਲਾਗੂ ਹੋ ਜਾਣਗੇ ਅਤੇ ਕਾਰ ਨਿਰਮਾਤਾਵਾਂ ਨੂੰ ਮਾਡਲਾਂ 'ਚ ਸੇਫਟੀ ਫੀਚਰ ਸ਼ਾਮਲ ਕਰਨੇ ਹੋਣਗੇ। 2020 'ਚ ਬੀ. ਐੱਸ.-6 ਨਿਯਮ ਲਾਗੂ ਹੋ ਜਾਣਗੇ। ਇਸ ਦੌਰਾਨ ਕਾਰ ਨਿਰਮਾਤਾਵਾਂ ਵੱਲੋਂ ਇਹ ਮਾਡਲ ਬੰਦ ਕੀਤੇ ਜਾ ਸਕਦੇ ਹਨ। ਹਾਲਾਂਕਿ ਟਾਟਾ ਮੋਟਰਜ਼ ਤੇ ਮਹਿੰਦਰਾ ਨੇ ਆਪਣੇ ਮਾਡਲ ਬੰਦ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।


Related News