6 ਜਨਵਰੀ 2021 ਤੱਕ ਜਨ ਧਨ ਖਾਤਿਆਂ ਦੀ ਗਿਣਤੀ 41 ਕਰੋੜ ਤੋਂ ਪਾਰ
Tuesday, Jan 19, 2021 - 10:52 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀ. ਐੱਮ. ਜੇ. ਡੀ. ਵਾਈ.) ਤਹਿਤ ਖੁੱਲ੍ਹੇ ਬੈਂਕ ਖਾਤਿਆਂ ਦੀ ਗਿਣਤੀ 41 ਕਰੋੜ ਤੋਂ ਪਾਰ ਹੋ ਗਈ ਹੈ। ਵਿੱਤ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਯੋਜਨਾ ਤਹਿਤ 6 ਜਨਵਰੀ 2021 ਤੱਕ ਖਾਤਿਆਂ ਦੀ ਗਿਣਤੀ 41.6 ਕਰੋੜ ਹੋ ਗਈ।
ਵਿੱਤ ਮੰਤਰਾਲਾ ਨੇ ਟਵੀਟ ਕੀਤਾ ਕਿ ਸਰਕਾਰ ਸਾਰੇ ਨਾਗਰਿਕਾਂ ਨੂੰ ਵਿੱਤੀ ਸੇਵਾਵਾਂ ਨਾਲ ਜੋੜਨ ਲਈ ਵਚਨਬੱਧ ਹੈ। 6 ਜਨਵਰੀ 2021 ਤੱਕ ਜਨ ਧਨ ਖਾਤਿਆਂ ਦੀ ਗਿਣਤੀ 41 ਕਰੋੜ ਤੋਂ ਪਾਰ ਹੋ ਗਈ ਅਤੇ ਜ਼ੀਰੋ ਬੈਲੰਸ ਵਾਲੇ ਖਾਤਿਆਂ ਦੀ ਗਿਣਤੀ ਮਾਰਚ 2015 ਦੇ 58 ਫ਼ੀਸਦੀ ਤੋਂ ਘੱਟ ਹੋ ਕੇ 7.5 ਫ਼ੀਸਦੀ 'ਤੇ ਆ ਗਈ ਹੈ। ਇਸ ਦਾ ਮਤਲਬ ਹੈ ਕਿ ਲਗਭਗ ਹਰ ਜਨ ਧਨ ਖਾਤਾਧਾਰਕ ਹੁਣ ਇਸ ਦਾ ਇਸਤੇਮਾਲ ਕਰ ਰਿਹਾ ਹੈ।
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਆਜ਼ਾਦੀ ਦਿਹਾੜੇ ਦੇ ਸੰਬੋਧਨ ਵਿਚ ਜਨ ਧਨ ਯੋਜਨਾ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਸੀ। ਉਸੇ ਸਾਲ 28 ਅਗਸਤ ਨੂੰ ਇਸ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਸੀ। ਸਰਕਾਰ ਨੇ 2018 ਵਿਚ ਜ਼ਿਆਦਾ ਸਹੂਲਤਾਂ ਅਤੇ ਫਾਇਦਿਆਂ ਨਾਲ ਇਸ ਯੋਜਨਾ ਦਾ ਦੂਜਾ ਸੰਸਕਰਣ ਸ਼ੁਰੂ ਕੀਤਾ। 28 ਅਗਸਤ 2018 ਤੋਂ ਬਾਅਦ ਖੁੱਲ੍ਹੇ ਜਨ ਧਨ ਖਾਤਿਆਂ 'ਤੇ ਰੁਪੇ ਕਾਰਡ ਧਾਰਕਾਂ ਲਈ ਮੁਫ਼ਤ ਦੁਰਘਟਨਾ ਬੀਮਾ ਦਾ ਕਵਰ ਦੋ ਲੱਖ ਰੁਪਏ ਕਰ ਦਿੱਤਾ ਗਿਆ ਸੀ। ਇਕ ਹੋਰ ਟਵੀਟ ਵਿਚ ਵਿੱਤ ਮੰਤਰਾਲਾ ਨੇ ਕਿਹਾ ਕਿ 8 ਜਨਵਰੀ 2021 ਤੱਕ ਬੈਂਕਾਂ ਨੇ 1.68 ਲੱਖ ਕਰੋੜ ਰੁਪਏ ਦੀ ਕ੍ਰੈਡਿਟ ਸੀਮਾ ਨਾਲ 1.8 ਕਰੋੜ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਹਨ।