LIC ਦੇ IPO ਲਈ ਵੀਕੈਂਡ ਦੌਰਾਨ ਵੀ ਨਿਵੇਸ਼ਕ ਅਪਲਾਈ ਕਰ ਸਕਣਗੇ
Friday, May 06, 2022 - 11:19 AM (IST)
ਨਵੀਂ ਦਿੱਲੀ (ਭਾਸ਼ਾ) – ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਆਈ. ਪੀ. ਓ. ’ਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਦਾ ਮੌਕਾ ਦੇਣ ਲਈ ਇਸ਼ੂ ਨੂੰ ਵੀਕੈਂਡ ਦੌਰਾਨ ਵੀ ਖੁੱਲ੍ਹਾ ਰੱਖਿਆ ਜਾਏਗਾ। ਬੁੱਧਵਾਰ ਨੂੰ ਖੁੱਲ੍ਹਾ ਐੱਲ. ਆਈ. ਸੀ. ਦਾ ਇਸ਼ੂ 9 ਮਈ ਨੂੰ ਬੰਦ ਹੋਵੇਗਾ। ਇਸ ਦੌਰਾਨ 7 ਅਤੇ 8 ਮਈ ਨੂੰ ਵੀਕੈਂਡ ਹੋਣ ਕਾਰਨ ਆਮ ਤੌਰ ’ਤੇ ਕਾਰੋਬਾਰ ਬੰਦ ਰਹਿੰਦਾ ਹੈ ਪਰ ਵਿਸ਼ੇਸ਼ ਵਿਵਸਥਾ ਦੇ ਤਹਿਤ ਸ਼ਨੀਵਾਰ-ਐਤਵਾਰ ਨੂੰ ਵੀ ਇਸ ਇਸ਼ੂ ਦੀ ਖਰੀਦਦਾਰੀ ਕੀਤੀ ਜਾ ਸਕੇਗੀ।
ਐੱਲ. ਆਈ. ਸੀ. ਨੇ ਇਸ ਵਿਸ਼ੇਸ਼ ਵਿਵਸਥਾ ਬਾਰੇ ਸ਼ੇਅਰ ਬਾਜ਼ਾਰਾਂ ਨੂੰ ਸੂਚਿਤ ਕੀਤਾ ਹੈ। ਸੰਭਵ ਹੀ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਜਨਤਕ ਇਸ਼ੂ ਦੌਰਾਨ ਸ਼ਨੀਵਾਰ-ਐਤਵਾਰ ਨੂੰ ਵੀ ਖਰੀਦ ਦੀ ਛੋਟ ਦਿੱਤੀ ਗਈ ਹੈ। ਪਹਿਲਾਂ ਉਸ ਨੂੰ ਸਿਰਫ ਸ਼ਨੀਵਾਰ ਲਈ ਛੋਟ ਮਿਲੀ ਸੀ ਪਰ ਹੁਣ ਐਤਵਾਰ ਵੀ ਇਸ ’ਚ ਸ਼ਾਮਲ ਕਰ ਦਿੱਤਾ ਗਿਆ ਹੈ।
ਸਾਰੀਆਂ ਨਿਰਧਾਰਤ ਬੈਂਕ ਬ੍ਰਾਂਚਾਂ ਐਤਵਾਰ ਨੂੰ ਵੀ ਖੁੱਲ੍ਹੀਆਂ ਰਹਿਣਗੀਆਂ
ਵਿਸ਼ੇਸ਼ ਵਿਵਸਥਾ ਦੇ ਤਹਿਤ ਭਾਰਤੀ ਰਿਜ਼ਰਵ ਬੈਂਕ ਨੇ ਸਾਰੀਆਂ ਨਿਰਧਾਰਤ ਬੈਂਕ ਬ੍ਰਾਂਚਾਂ ਨੂੰ ਐਤਵਾਰ ਨੂੰ ਵੀ ਖੁੱਲ੍ਹਾ ਰੱਖਣ ਦਾ ਨਿਰਦੇਸ਼ ਦਿੱਤਾ ਹੈ ਤਾਂ ਕਿ ਲੋਕ ਐੱਲ. ਆਈ. ਸੀ. ਦੇ ਆਈ. ਪੀ. ਓ. ਦੀ ਖਰੀਦ ਲਈ ਅਰਜ਼ੀ ਦਾਖਲ ਕਰ ਸਕਣ। ਇਸ ਬਾਰੇ ਸਰਕਾਰ ਵਲੋਂ ਏ. ਐੱਸ. ਬੀ. ਏ. (ਖਾਤੇ ’ਚ ਬਲਾਕ ਕੀਤੀ ਗਈ ਰਾਸ਼ੀ ਰਾਹੀਂ ਸਮਰਥਿਤ ਅਰਜ਼ੀ) ਸਹੂਲਤ ਵਾਲੀਆਂ ਸਾਰੀਆਂ ਬੈਂਕ ਬ੍ਰਾਂਚਾਂ ਨੂੰ ਖੋਲ੍ਹੇ ਰੱਖਣ ਦੀ ਅਪੀਲ ਕੀਤੀ ਗਈ ਹੈ। ਏ. ਐੱਸ. ਬੀ. ਏ. ਵਿਵਸਥਾ ਰਾਹੀਂ ਕੋਈ ਨਿਵੇਸ਼ਕ ਜਨਤਕ ਇਸ਼ੂ ’ਚ ਸ਼ੇਅਰਾਂ ਦੀ ਖਰੀਦ ਲਈ ਅਰਜ਼ੀ ਦਾਖਲ ਕਰ ਸਕਦਾ ਹੈ।
ਇਹ ਵੀ ਪੜ੍ਹੋ : 'ਨੌਜਵਾਨਾਂ ਨੂੰ ਨਹੀਂ ਮਿਲ ਰਿਹਾ ਰੁਜ਼ਗਾਰ, ਬੇਰੁਜ਼ਗਾਰੀ ਦਰ ’ਚ ਫਿਰ ਹੋਇਆ ਵਾਧਾ'
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।