ਤਿਉਹਾਰਾਂ ''ਤੇ ਲੱਗੇਗਾ ਮਹਿੰਗਾਈ ਦਾ ਤੜਕਾ, 40-50 ਰੁਪਏ ਕਿਲੋ ਮਹਿੰਗਾ ਹੋਇਆ ਤੇਲ

Sunday, Sep 15, 2024 - 03:52 PM (IST)

ਜਲੰਧਰ - ਇਸ ਸਾਲ ਤਿਉਹਾਰੀ ਸੀਜ਼ਨ ਆਮ ਲੋਕਾਂ ਲਈ ਮਹਿੰਗਾ ਰਹਿਣ ਵਾਲਾ ਹੈ ਕਿਉਂਕਿ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋ ਗਿਆ ਹੈ। ਆਮ ਲੋਕਾਂ ਨੂੰ ਇਸ ਵਾਰ ਮਹਿੰਗਾਈ ਦਾ ਤਗੜਾ ਝਟਕਾ ਲੱਗੇਗਾ। ਇਕ ਹਫ਼ਤੇ ਵਿਚ ਹੀ ਰਿਫਾਈਂਡ ਤੇਲ ਦੀ ਕੀਮਤ ਵਿਚ 40 ਰੁਪਏ ਪ੍ਰਤੀ ਕਿੱਲੋ ਦੇ ਵਾਧੇ ਨੇ ਹੁਣ ਤੱਕ ਦੀਆਂ ਕੀਮਤਾਂ ਦਾ ਰਿਕਾਰਡ ਤੋੜ ਦਿੱਤਾ ਹੈ।  ਰਿਫਾਈਂਡ ਤੇਲ ਦੀਆਂ ਕੀਮਤਾਂ ਮੁੜ 5 ਸਾਲ ਪਹਿਲਾਂ ਵਾਲੇ ਪੱਧਰ 'ਤੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ ਜਦੋਂ ਰਿਫਾਈਂਡ ਤੇਲ ਦੀ ਕੀਮਤ 2000 ਰੁਪਏ ਪ੍ਰਤੀ ਟੀਨ ਤੋਂ ਟੱਪ ਜਾਣ ਕਰਕੇ ਲੋਕਾਂ ਵਿਚ ਹਾਹਾਕਾਰ ਮੱਚ ਗਈ ਸੀ। 

ਵਿਦੇਸ਼ ਤੋਂ ਰਿਫਾਈਂਡ ਤੇਲ ਮੰਗਵਾਉਣ ਲਈ 20 ਫ਼ੀਸਦੀ ਦਰਾਮਦ ਡਿਉਟੀ ਲਗਾਉਣ ਨਾਲ ਰਿਫਾਈਂਡ ਤੇਲ ਹੋਰ ਮਹਿੰਗਾ ਹੋ ਗਿਆ ਜਿਸ ਕਰਕੇ ਇਕ ਹਫ਼ਤੇ ਵਿਚ 1650 ਰੁਪਏ ਪ੍ਰਤੀ ਟੀਨ ਵਿਕਣ ਵਾਲਾ ਰਿਫਾਈਂਡ ਤੇਲ ਹੁਣ ਥੋਕ ਬਾਜ਼ਾਰ ਵਿਚ ਪ੍ਰਤੀ ਟੀਨ 2050 ਰੁਪਏ ਵਿਚ ਵਿਕ ਰਿਹਾ ਹੈ। 

ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਤਿਉਹਾਰੀ ਸੀਜ਼ਨ ਵਿਚ ਇਹ ਕੀਮਤਾਂ ਹੋਰ ਜ਼ਿਆਦਾ ਵਧ ਸਕਦੀਆਂ ਹਨ। ਤਿਉਹਾਰੀ ਸੀਜ਼ਨ ਵਿਚ ਕਰਵਾ ਚੌਥ ਦੇ ਤਿਉਹਾਰ ਲਈ ਬਾਜ਼ਾਰ ਵਿਚ ਸਭ ਤੋਂ ਜ਼ਿਆਦਾ ਮੱਠੀਆਂ ਅਤੇ ਫੈਣੀਆਂ ਦੀ ਵਿਕਰੀ ਹੁੰਦੀ ਹੈ। ਇਸ ਲਈ ਆਟੇ ਤੇ ਮੈਦੇ ਤੋਂ ਬਾਅਦ ਹੁਣ ਰਿਫਾਈਂਡ ਤੇਲ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਥੋਕ ਬਾਜ਼ਾਰ ਵਿਚ ਰਿਫਾਈਡ ਤੇਲ ਦਾ ਪਾਊਚ ਪਹਿਲਾਂ 100 ਰੁਪਏ ਦਾ ਵਿਕਦਾ ਸੀ ਤੇ ਪਰਚੂਨ ਵਿਚ ਉਹ ਪਾਊਚ 110 ਰੁਪਏ ਦਾ ਵਿਕਦਾ ਸੀ। ਪਰ ਹੁਣ ਇਸ ਦੀ ਕੀਮਤ 135 ਰੁਪਏ ਹੋ ਗਈ ਹੈ। 

ਵਿਆਹ ਦਾ ਸੀਜ਼ਨ

ਰਿਫਾਈਂਡ ਤੇਲ ਦੇ ਮਹਿੰਗਾ ਹੋਣ ਦਾ ਅਸਰ ਤਿਉਹਾਰੀ ਸੀਜ਼ਨ ਵਿਚ ਸਭ ਤੋਂ ਜ਼ਿਆਦਾ ਪੈਂਦਾ ਹੈ। ਸਰਦੀਆਂ ਵਿਚ ਠੰਡ ਦੇ ਵਧਣ ਨਾਲ ਤੇਲ ਦੀ ਖ਼ਪਤ ਵੀ ਵਧ ਜਾਂਦੀ ਹੈ। ਇਸ ਦੇ ਨਾਲ ਹੀ ਵਿਆਹ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ। ਤਿਉਹਾਰਾਂ ਵਿਚ ਮਠਿਆਈਆਂ, ਮੱਠੀਆਂ ਅਤੇ ਫੈਣੀਆਂ ਦੀ ਵਿਕਰੀ ਜ਼ਿਆਦਾ ਹੁੰਦੀ ਹੈ। ਤਿਉਹਾਰੀ ਸੀਜ਼ਨ ਦੀਆਂ ਇਕ ਦਮ ਵਧੀਆਂ ਕੀਮਤਾਂ ਨੇ ਰਿਫਾਈਂਡ ਤੇਲ ਦੀ ਕੀਮਤ ਵਿਚ ਵਾਧਾ ਨਹੀਂ ਕੀਤਾ ਹੈ ਸਗੋਂ ਹੋਰ ਵੀ ਕਈ ਵਸਤਾਂ ਵੀ ਮਹਿੰਗੀਆਂ ਹੋ ਗਈਆਂ ਹਨ। 115 ਰੁਪਏ ਦੀ ਵਿਕਣ ਵਾਲੀ ਸਰ੍ਹੋਂ ਦੇ ਤੇਲ ਦੀ ਬੋਤਲ ਹੁਣ 160 ਰੁਪਏ ਤੱਕ ਪੁੱਜ ਗਈ ਹੈ। ਤਿੰਨ ਦਿਨ ਪਹਿਲਾਂ ਥੋਕ ਬਾਜ਼ਾਰ ਵਿਚ 540 ਰੁਪਏ ਕਿੱਲੋ ਵਾਲੀ ਬਾਦਾਮ ਦੀ ਗਿਰੀ ਦੀ ਕੀਮਤ 740 ਰੁਪਏ ਕਿਲੋ ਪੁੱਜ ਗਈ ਹੈ। ਕਈ ਦੇਸੀ ਘਿਉ ਵਿਚ 50 ਰੁਪਏ ਕਿੱਲੋ ਦੀ ਤੇਜ਼ੀ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਇਸ ਵਾਰ ਟੈਂਡਰ ਵਾਲੀ ਸਰਕਾਰੀ ਕਣਕ ਜਾਰੀ ਨਾ ਹੋਣ ਕਰਕੇ ਆਟੇ, ਮੈਦੇ ਦੀਆਂ ਕੀਮਤਾਂ ਵਿਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕਣਕ ਦੀ ਕੀਮਤ ਵੀ ਵਧ ਕੇ  2750 ਰੁਪਏ ਤੱਕ ਪਹੁੰਚ ਗਈ ਹੈ।


Harinder Kaur

Content Editor

Related News