ਇੰਡੀਗੋ ਦਿੱਲੀ, ਪੱਛਮੀ ਬੰਗਾਲ ਦੇ ਦੁਰਗਾਪੁਰ ਵਿਚਕਾਰ ਸ਼ੁਰੂ ਕਰੇਗੀ ਉਡਾਣਾਂ
Wednesday, Feb 17, 2021 - 11:51 AM (IST)
ਨਵੀਂ ਦਿੱਲੀ- ਦਿੱਲੀ, ਬੇਂਗਲੁਰੂ ਤੋਂ ਸਿੱਧੇ ਪੱਛਮੀ ਬੰਗਾਲ ਦੇ ਦੁਰਗਾਪੁਰ ਲਈ ਵੀ ਉਡਾਣ ਲੈ ਸਕੋਗੇ। ਇੰਡੀਗੋ ਅਪ੍ਰੈਲ ਤੋਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ ਇੰਡੀਗੋ ਨੇ ਬੰਗਾਲ ਏਅਰੋਟਰੋਪੋਲਿਸ ਪ੍ਰੋਜੈਕਟ ਲਿਮਟਿਡ (ਬੀ. ਏ. ਪੀ. ਐੱਲ.) ਨਾਲ ਦੁਰਗਾਪੁਰ ਲਈ ਉਡਾਣਾਂ ਸ਼ੁਰੂ ਕਰਨ ਲਈ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ।
ਇੰਡੀਗੋ ਹਵਾਬਾਜ਼ੀ ਦੀ ਪ੍ਰਮੁੱਖ ਕੰਪਨੀ ਹੈ। ਸਰਕਾਰ ਲਗਾਤਾਰ ਖੇਤਰੀ ਹਵਾਈ ਸੰਪਰਕ ਨੂੰ ਮਜਬੂਤ ਕਰ ਰਹੀ ਹੈ। ਇੰਡੀਗੋ 22 ਅਪ੍ਰੈਲ 2021 ਤੋਂ ਦਿੱਲੀ, ਬੇਂਗਲੁਰੂ ਅਤੇ ਦੱਖਣੀ ਸ਼ਹਿਰ ਤੋਂ ਦੁਰਗਾਪੁਰ ਲਈ ਉਡਾਣਾਂ ਸ਼ੁਰੂ ਕਰੇਗੀ। ਕੰਪਨੀ ਦੇ ਮਾਲ ਅਧਿਕਾਰੀ ਅਤੇ ਮੁੱਖ ਰਣਨੀਤਕ ਸੰਜੈ ਕੁਮਾਰ ਨੇ ਕਿਹਾ ਕਿ ਸਾਨੂੰ ਇਸ ਨਾਲ ਬਹੁਤ ਖ਼ੁਸ਼ੀ ਹੈ।
ਕੁਮਾਰ ਨੇ ਕਿਹਾ ਕਿ ਦੁਰਗਾਪੁਰ ਪੱਛਮੀ ਬੰਗਾਲ ਦੇ ਸਭ ਤੋਂ ਵੱਡੇ ਉਦਯੋਗਿਕ ਕੇਂਦਰਾਂ ਵਿਚੋਂ ਇੱਕ ਹੋਣ ਕਰਕੇ ਮੁੱਖ ਵੱਡੇ ਸ਼ਹਿਰਾਂ ਅਤੇ ਇਸ ਸ਼ਹਿਰ ਦਰਮਿਆਨ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਨਾਲ ਖੇਤਰ ਵਿਚ ਆਰਥਿਕ ਵਿਕਾਸ ਨੂੰ ਮਜਬੂਤੀ ਮਿਲੇਗੀ। ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਕਿ ਦੁਰਗਾਪੁਰ ਉਡਾਣਾਂ ਲਈ ਸਾਰੀਆਂ ਰੈਗੂਲੇਟਰੀ ਪ੍ਰਵਾਨਗੀਆਂ ਮਿਲਣ ਤੋਂ ਬਾਅਦ ਇੰਡੀਗੋ ਛੇਤੀ ਹੀ ਬਰੇਲੀ ਅਤੇ ਰਾਜਕੋਟ ਨੂੰ ਆਪਣੇ ਨੈਟਵਰਕ ਵਿਚ ਸ਼ਾਮਲ ਕਰੇਗੀ।