Gold ਦੀ ਬੰਪਰ ਖ਼ਰੀਦਦਾਰੀ, ਤਿਉਹਾਰ ਮੌਕੇ ਭਾਰਤੀਆਂ ਨੇ ਖ਼ਰੀਦੇ ਕਰੋੜਾਂ ਦੇ ਸੋਨਾ-ਚਾਂਦੀ

Tuesday, Aug 20, 2024 - 06:31 PM (IST)

Gold ਦੀ ਬੰਪਰ ਖ਼ਰੀਦਦਾਰੀ, ਤਿਉਹਾਰ ਮੌਕੇ ਭਾਰਤੀਆਂ ਨੇ ਖ਼ਰੀਦੇ ਕਰੋੜਾਂ ਦੇ ਸੋਨਾ-ਚਾਂਦੀ

ਨਵੀਂ ਦਿੱਲੀ - ਭਾਰਤੀ ਗਾਹਕਾਂ ਨੇ ਇਸ ਰੱਖੜੀ 'ਤੇ ਸੋਨੇ ਦੀ ਕਾਫੀ ਖਰੀਦਦਾਰੀ ਕੀਤੀ ਹੈ। ਬਜਟ 'ਚ ਦਰਾਮਦ ਡਿਊਟੀ 'ਚ ਕਟੌਤੀ ਕਾਰਨ ਘਰੇਲੂ ਕੀਮਤਾਂ 'ਚ ਗਿਰਾਵਟ ਕਾਰਨ ਦੇਸ਼ ਭਰ 'ਚ ਕਰੋੜਾਂ ਰੁਪਏ ਦਾ ਸੋਨਾ ਵਿਕਿਆ ਹੈ।

ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਨੈਸ਼ਨਲ (ਆਈ.ਬੀ.ਜੇ.ਏ.) ਦੇ ਸਕੱਤਰ ਸੁਰਿੰਦਰ ਮਹਿਤਾ ਨੇ ਕਿਹਾ, ''ਸੋਮਵਾਰ ਨੂੰ ਰੱਖੜੀ ਨਾਲ ਭਾਰਤ 'ਚ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਦਾ ਪਹਿਲਾ ਸ਼ੁਭ ਦਿਨ ਹੈ। ਭਾਰਤ ਭਰ ਦੇ ਸੁਨਿਆਰਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੱਖੜੀ ਦੇ ਮੌਕੇ 'ਤੇ ਸੋਨੇ ਦੀ ਮੰਗ ਵਿੱਚ 50% ਦਾ ਵਾਧਾ ਹੋਇਆ ਹੈ।

ਕਰੋੜਾਂ ਦਾ ਸੋਨਾ ਵਿਕਿਆ

ਰੱਖੜੀ ਦੇ ਤਿਉਹਾਰ ਮੌਕੇ 'ਤੇ ਸਰਾਫਾ ਵਪਾਰੀਆਂ ਦੀ ਗੱਲ ਕਰੀਏ ਤਾਂ ਇਸ ਮੌਕੇ ਕਰੋੜਾਂ ਰੁਪਏ ਦਾ ਸੋਨਾ ਵਿਕਿਆ ਹੈ। ਸੋਨੇ-ਚਾਂਦੀ 'ਤੇ ਦਰਾਮਦ ਡਿਊਟੀ 'ਚ ਕਟੌਤੀ ਕਾਰਨ ਰੱਖੜੀ ਦੇ ਤਿਉਹਾਰ 'ਤੇ ਬਾਜ਼ਾਰ 'ਚ ਪੈਸੇ ਦੀ ਵਰਖਾ ਹੋਣ ਦੀ ਪਹਿਲਾਂ ਹੀ ਉਮੀਦ ਸੀ। ਦਰਾਮਦ ਡਿਊਟੀ 'ਚ ਕਟੌਤੀ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕਮੀ ਆਈ ਸੀ ਪਰ ਹੌਲੀ-ਹੌਲੀ ਇਨ੍ਹਾਂ ਦੀਆਂ ਕੀਮਤਾਂ ਵਧਦੀਆਂ ਗਈਆਂ।

ਇਸ ਦੇ ਬਾਵਜੂਦ ਰੱਖੜੀ 'ਤੇ 10 ਗ੍ਰਾਮ ਨਹੀਂ ਸਗੋਂ 7 ਗ੍ਰਾਮ ਸੋਨਾ ਸਭ ਤੋਂ ਵੱਧ ਵਿਕਿਆ ਹੈ। ਪਿਛਲੇ ਸਾਲ 3-4 ਗ੍ਰਾਮ ਸੋਨੇ ਦੀਆਂ ਵਸਤੂਆਂ ਸਭ ਤੋਂ ਵੱਧ ਵਿਕੀਆਂ। ਸਰਾਫਾ ਵਪਾਰੀਆਂ ਅਨੁਸਾਰ ਕੀਮਤ ਘੱਟ ਹੋਣ ਕਾਰਨ ਔਰਤਾਂ ਖਰੀਦਦਾਰਾਂ ਦੀ ਭੀੜ ਦੇਖਣ ਨੂੰ ਮਿਲੀ, ਜਿਸ ਦੇ ਮੱਦੇਨਜ਼ਰ ਕਈ ਸਰਾਫਾ ਵਪਾਰੀਆਂ ਨੇ ਖਰੀਦਦਾਰੀ ਅਨੁਸਾਰ ਗਾਹਕਾਂ ਨੂੰ ਤੋਹਫੇ ਵੀ ਦਿੱਤੇ। ਚਾਂਦੀ ਦੀਆਂ ਰੱਖੜੀਆਂ ਦੀ ਸਭ ਤੋਂ ਵੱਧ ਵਿਕਰੀ ਦੇਖਣ ਨੂੰ ਮਿਲੀ।

ਪਿਛਲੇ ਮਹੀਨੇ ਦੇ ਮੁਕਾਬਲੇ ਡਾਲਰ ਅਧਾਰਿਤ ਅੰਤਰਰਾਸ਼ਟਰੀ ਸੋਨੇ ਦੀਆਂ ਕੀਮਤਾਂ ਵਿੱਚ 5.6% ਵਾਧੇ ਦੇ ਬਾਵਜੂਦ, ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਬਜਟ ਤੋਂ ਇੱਕ ਦਿਨ ਪਹਿਲਾਂ 22 ਜੁਲਾਈ ਨੂੰ 75,541 ਰੁਪਏ ਪ੍ਰਤੀ 10 ਗ੍ਰਾਮ ਤੋਂ ਲਗਭਗ 2,000 ਰੁਪਏ ਪ੍ਰਤੀ 10 ਗ੍ਰਾਮ ਹੇਠਾਂ ਆ ਗਈਆਂ ਹਨ। ਸੋਮਵਾਰ ਨੂੰ ਸੋਨੇ ਦੀ ਕੀਮਤ 73,661 ਰੁਪਏ ਪ੍ਰਤੀ 10 ਗ੍ਰਾਮ ਸੀ। 23 ਜੁਲਾਈ ਦੇ ਬਜਟ 'ਚ ਸਰਕਾਰ ਨੇ ਸੋਨੇ 'ਤੇ ਦਰਾਮਦ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਸੀ।

ਕੇਰਲ ਸਥਿਤ ਜੋਯਾਲੁਕਾਸ ਗਰੁੱਪ ਦੇ ਸੀਈਓ ਬੇਬੀ ਜਾਰਜ ਅਨੁਸਾਰ, ਪਿਛਲੀ ਰੱਖੜੀ ਦੇ ਮੁਕਾਬਲੇ ਇਸ ਸਾਲ ਵਿਕਰੀ ਵਿੱਚ 20-25% ਦਾ ਵਾਧਾ ਹੋਇਆ ਹੈ। ਸੋਨੇ ਦੇ ਗਹਿਣਿਆਂ ਲਈ ਔਸਤ ਟਿਕਟ ਦਾ ਆਕਾਰ 1.10 ਲੱਖ ਰੁਪਏ ਹੈ, ਜਦੋਂ ਕਿ ਹੀਰੇ ਦੇ ਗਹਿਣਿਆਂ ਲਈ ਇਹ 1.25 ਲੱਖ ਰੁਪਏ ਹੈ।


author

Harinder Kaur

Content Editor

Related News