ਭਾਰਤ ਵੱਲੋਂ ਅਮਰੀਕਾ ਨੂੰ ਇੰਜੀਨੀਅਰਿੰਗ ਉਤਪਾਦਾਂ ਦਾ ਨਿਰਯਾਤ ਵਧਿਆ, 10 ਫ਼ੀਸਦੀ ਤੱਕ ਹੋਇਆ ਵਾਧਾ
Friday, Jun 27, 2025 - 11:49 AM (IST)

ਨੈਸ਼ਨਲ ਡੈਸਕ : ਅਪ੍ਰੈਲ-ਮਈ 2024-25 ਦੌਰਾਨ ਭਾਰਤ ਵੱਲੋਂ ਅਮਰੀਕਾ ਨੂੰ ਇੰਜੀਨੀਅਰਿੰਗ ਉਤਪਾਦਾਂ ਦਾ ਨਿਰਯਾਤ 10.4 ਫੀਸਦੀ ਵਧ ਕੇ 3.39 ਬਿਲੀਅਨ ਡਾਲਰ ਹੋ ਗਿਆ ਹੈ। ਇੰਜੀਨੀਅਰਿੰਗ ਨਿਰਯਾਤ ਸੰਵਰਧਨ ਕੌਂਸਲ (EEPC) ਅਨੁਸਾਰ ਮਈ ਵਿੱਚ ਇਹ ਨਿਰਯਾਤ 4.6 ਫੀਸਦੀ ਵਧ ਕੇ 1.75 ਬਿਲੀਅਨ ਡਾਲਰ ਹੋਇਆ। ਇਹ ਵਾਧਾ ਉਸ ਸਮੇਂ ਹੋਇਆ ਜਦੋਂ ਅਮਰੀਕਾ ਨੇ ਲੋਹੇ ਤੇ ਐਲੂਮੀਨਿਅਮ ਉਤਪਾਦਾਂ ‘ਤੇ 25 ਤੋਂ ਵਧਾ ਕੇ 50 ਫੀਸਦੀ ਤੱਕ ਟੈਕਸ ਲਾਗੂ ਕੀਤਾ।
EEPC ਮੁਖੀ ਪੰਕਜ ਚੱਡਾ ਨੇ ਦੱਸਿਆ ਕਿ ਭਾਰਤੀ ਨਿਰਯਾਤਕਾਰਾਂ ਨੇ ਟੈਕਸ ਵਧਣ ਦੇ ਬਾਵਜੂਦ ਆਪਣੀ ਗਤੀ ਬਣਾਈ ਰੱਖੀ। ਉਨ੍ਹਾਂ ਕਿਹਾ ਕਿ ਨਵੇਂ ਆਰਡਰ ਤੇ ਅਮਰੀਕੀ ਖਰੀਦਦਾਰਾਂ ਵੱਲੋਂ ਉਤਪਾਦਾਂ ਨੂੰ ਸਟਾਕ ਕਰਨ ਦੀ ਦੌੜ ਕਾਰਨ ਨਿਰਯਾਤ ਵਿੱਚ ਤੇਜ਼ੀ ਆਈ ਹੈ। ਅਮਰੀਕਾ ਨੂੰ ਭਾਰਤ ਵੱਲੋਂ ਲੋਹਾ ਅਤੇ ਇਸਪਾਤ ਨਿਰਯਾਤ 170 ਫੀਸਦੀ ਵਧ ਕੇ 158.4 ਮਿਲੀਅਨ ਡਾਲਰ ਹੋ ਗਿਆ, ਜਦਕਿ ਲੋਹਾ-ਇਸਪਾਤ ਉਤਪਾਦ 10 ਫੀਸਦੀ ਵਧ ਕੇ 518.9 ਮਿਲੀਅਨ ਡਾਲਰ ‘ਤੇ ਪਹੁੰਚ ਗਏ। ਉਦਯੋਗਿਕ ਮਸ਼ੀਨਰੀ ਨਿਰਯਾਤ 17 ਫੀਸਦੀ ਵਧ ਕੇ 774.1 ਮਿਲੀਅਨ ਡਾਲਰ ਅਤੇ ਵਿਦਿਊਤ ਮਸ਼ੀਨਰੀ 10 ਫੀਸਦੀ ਵਧ ਕੇ 500.8 ਮਿਲੀਅਨ ਡਾਲਰ ਹੋ ਗਈ। ਆਟੋ ਪਾਰਟਸ ਨਿਰਯਾਤ 394.7 ਮਿਲੀਅਨ ਡਾਲਰ ‘ਤੇ ਸਥਿਰ ਰਹੇ। ਹਾਲਾਂਕਿ ਭਾਰਤ ਦਾ ਕੁੱਲ ਇੰਜੀਨੀਅਰਿੰਗ ਨਿਰਯਾਤ ਮਈ ਵਿੱਚ 0.82 ਫੀਸਦੀ ਘਟ ਕੇ 9.89 ਬਿਲੀਅਨ ਡਾਲਰ ਰਹਿ ਗਿਆ ਪਰ ਅਪ੍ਰੈਲ-ਮਈ ਦੇ ਦੌਰਾਨ ਕੁੱਲ ਵਾਧਾ 4.77 ਫੀਸਦੀ ਦਰਜ ਕੀਤਾ ਗਿਆ। ਵੈਸਟ ਏਸ਼ੀਆ 'ਚ ਭੂ-ਰਾਜਨੀਤਿਕ ਤਣਾਅ ਕਾਰਨ ਨਿਰਯਾਤ ‘ਚ ਵੱਡੀ ਗਿਰਾਵਟ ਆਈ। ਸੰਯੁਕਤ ਅਰਬ ਅਮੀਰਾਤ ਨੂੰ ਨਿਰਯਾਤ 15.8 ਫੀਸਦੀ ਘਟ ਕੇ 683.38 ਮਿਲੀਅਨ ਡਾਲਰ, ਸਾਊਦੀ ਅਰਬ ਨੂੰ 42.6 ਫੀਸਦੀ ਘਟ ਕੇ 337.1 ਮਿਲੀਅਨ ਡਾਲਰ ਅਤੇ ਤੁਰਕੀ ਨੂੰ ਨਿਰਯਾਤ 61.5 ਫੀਸਦੀ ਘਟ ਕੇ 176.2 ਮਿਲੀਅਨ ਡਾਲਰ ਰਹਿ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8