ਤੇਲ ਅਤੇ ਗੈਸ ਸੈਕਟਰ ’ਚ ਭਾਰਤ ਦਾ ਜਲਵਾ, ਚੀਨ ਨੂੰ ਚੁਣੌਤੀ ਦੇਣ ਨੂੰ ਤਿਆਰ!
Tuesday, Sep 09, 2025 - 02:39 AM (IST)

ਨਵੀਂ ਦਿੱਲੀ - ਭਾਰਤ ਨੇ ਹਾਲ ਦੇ ਸਾਲਾਂ ’ਚ ਤੇਲ ਅਤੇ ਗੈਸ ਦੇ ਖੇਤਰ ’ਚ ਜਬਰਦਸਤ ਤਰੱਕੀ ਹਾਸਲ ਕੀਤੀ ਹੈ। ਲਗਾਤਾਰ ਨਿਵੇਸ਼, ਤਕਨੀਕੀ ਉੱਨਤੀ ਅਤੇ ਰਣਨੀਤੀਕ ਸਹਿਯੋਗਾਂ ਕਾਰਨ ਦੇਸ਼ ਨੇ ਇਸ ਅਹਿਮ ਸੈਕਟਰ ’ਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ।
ਹੁਣ ਭਾਰਤ ਨਾ ਸਿਰਫ ਘਰੇਲੂ ਮੰਗ ਪੂਰੀ ਕਰਨ ’ਚ ਸਮਰੱਥ ਹੋ ਰਿਹਾ ਹੈ, ਸਗੋਂ ਗਲੋਬਲ ਤੇਲ ਅਤੇ ਗੈਸ ਬਾਜ਼ਾਰ ’ਚ ਚੀਨ ਵਰਗੀਆਂ ਮਹਾਸ਼ਕਤੀਆਂ ਨੂੰ ਚੁਣੌਤੀ ਦੇਣ ਦੀ ਦਿਸ਼ਾ ’ਚ ਵੀ ਤੇਜ਼ੀ ਨਾਲ ਕਦਮ ਵਧਾ ਰਿਹਾ ਹੈ। ਇਸ ਉੱਭਰਦੇ ਹੋਏ ਪਰਿਦ੍ਰਿਸ਼ ਨਾਲ ਸਪੱਸ਼ਟ ਹੋ ਰਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਭਾਰਤ ਊਰਜਾ ਖੇਤਰ ’ਚ ਇਕ ਪ੍ਰਮੁੱਖ ਖਿਡਾਰੀ ਵਜੋਂ ਉੱਭਰੇਗਾ।
ਪਿਛਲੇ ਇਕ ਦਹਾਕੇ ਤੋਂ ਤੇਲ ਅਤੇ ਗੈਸ ਦੇ ਬਾਜ਼ਾਰ ’ਚ ਚੀਨ ਦਾ ਜਲਵਾ ਸੀ ਪਰ ਹੁਣ ਉਹ ਘੱਟ ਹੋ ਰਿਹਾ ਹੈ ਅਤੇ ਭਾਰਤ ਤੇਜ਼ੀ ਨਾਲ ਹੁਣ ਚੀਨ ਨੂੰ ਚੁਣੌਤੀ ਦੇਣ ਨੂੰ ਤਿਆਰ ਹੈ। ਗਲੋਬਲ ਕਮੋਡਿਟੀ ਕੰਪਨੀ ਟਰੈਫਿਗੁਰਾ ਨੇ ਕਿਹਾ ਹੈ ਕਿ ਬਹੁਤ ਛੇਤੀ ਭਾਰਤ ਦੀ ਤੇਲ ਮੰਗ ਚੀਨ ਨਾਲੋਂ ਅੱਗੇ ਨਿਕਲ ਜਾਵੇਗੀ।
ਭਾਰਤ ’ਚ ਤੇਜ਼ੀ ਨਾਲ ਉਦਯੋਗੀਕਰਨ ਹੋ ਰਿਹਾ ਹੈ, ਬੁਨਿਆਦੀ ਢਾਂਚੇ ਦਾ ਵਿਕਾਸ ਹੋ ਰਿਹਾ ਹੈ, ਮੱਧ ਵਰਗ ਵਧ ਰਿਹਾ ਹੈ ਅਤੇ ਲੋਕਾਂ ਦੀ ਯਾਤਰਾ ਕਰਨ ਦੀ ਜ਼ਰੂਰਤ ਵੀ ਵਧੀ ਹੈ। ਇਸ ਵਜ੍ਹਾ ਨਾਲ ਤੇਲ ਅਤੇ ਗੈਸ ਦੀ ਮੰਗ ਵਧ ਰਹੀ ਹੈ। ਓਧਰ, ਦੂਜੇ ਪਾਸੇ, ਚੀਨ ਦੀ ਅਰਥਵਿਵਸਥਾ ਮੱਠੀ ਪੈ ਰਹੀ ਹੈ ਅਤੇ ਉੱਥੇ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਜਿਸ ਨਾਲ ਚੀਨ ’ਚ ਤੇਲ ਦੀ ਮੰਗ ਘਟ ਰਹੀ ਹੈ।
ਅੱਜ ਐੱਸ. ਐਂਡ ਪੀ. ਗਲੋਬਲ ਕਮੋਡਿਟੀ ਇਨਸਾਈਟਸ ਦੇ ਇਕ ਪ੍ਰੋਗਰਾਮ ’ਚ ਟਰੈਫਿਗੁਰਾ ਦੇ ਮੁੱਖ ਅਰਥਸ਼ਾਸਤਰੀ ਸਾਦ ਰਹੀਮ ਨੇ ਦੱਸਿਆ ਕਿ ਜੇ ਚੀਨ ਦੇ ਸਟਾਕਿੰਗ ਵਾਲੇ ਹਿੱਸੇ ਨੂੰ ਹਟਾ ਦਿੱਤਾ ਜਾਵੇ, ਤਾਂ ਭਾਰਤ ਦੀ ਤੇਲ ਮੰਗ ਸਾਫ਼ ਤੌਰ ’ਤੇ ਚੀਨ ਨਾਲੋਂ ਅੱਗੇ ਨਿਕਲ ਜਾਵੇਗੀ। ਭਾਰਤ ਦੇ ਸ਼ਹਿਰੀ ਇਲਾਕਿਆਂ ਦੀ ਗਿਣਤੀ ਵਧ ਰਹੀ ਹੈ ਅਤੇ ਲੋਕਾਂ ਦੀ ਆਮਦਨੀ ਵੀ ਵਧ ਰਹੀ ਹੈ, ਜਿਸ ਨਾਲ ਤੇਲ ਦੀ ਮੰਗ ਨੇ ਰਫਤਾਰ ਫੜ ਲਈ ਹੈ। ਓਧਰ, ਚੀਨ ਦੀ ਤੇਲ ਖਪਤ ਹੁਣ ਹੌਲੀ-ਹੌਲੀ ਵਧ ਰਹੀ ਹੈ ਅਤੇ ਖਾਸ ਤੌਰ ’ਤੇ ਪੈਟਰੋਕੈਮੀਕਲਜ਼ ਲਈ ਹੀ ਵਧ ਰਹੀ ਹੈ।
ਸਟਾਕ ਬਣਾਉਣ ਲਈ ਤੇਲ ਖਰੀਦ ਰਿਹੈ ਚੀਨ
ਜਿੱਥੇ ਚੀਨ ’ਚ ਤੇਲ ਦੀ ਮੰਗ ਮੱਠੀ ਪੈ ਰਹੀ ਹੈ, ਉੱਥੇ ਹੀ, ਉਹ ਕਾਫ਼ੀ ਮਾਤਰਾ ’ਚ ਤੇਲ ਆਪਣੇ ਸਟਾਕ ’ਚ ਜਮ੍ਹਾ ਕਰ ਰਿਹਾ ਹੈ। ਇਸ ਦਾ ਮਤਲਬ ਹੈ ਕਿ ਚੀਨ ਅਜੇ ਆਪਣੀ ਲੋੜ ਤੋਂ ਵੱਧ ਤੇਲ ਖਰੀਦ ਰਿਹਾ ਹੈ ਅਤੇ ਭਵਿੱਖ ਲਈ ਇਸ ਨੂੰ ਬਚਾ ਰਿਹਾ ਹੈ।
ਗਨਵੋਰ ਗਰੁੱਪ ਦੇ ਰਿਸਰਚ ਹੈੱਡ ਫਰੈਡਰਿਕ ਲਾਸੇਰੇ ਨੇ ਦੱਸਿਆ ਕਿ ਚੀਨ ਪਿਛਲੇ ਕੁਝ ਮਹੀਨਿਆਂ ’ਚ ਰੋਜ਼ਾਨਾ ਲੱਗਭਗ 2 ਲੱਖ ਬੈਰਲ ਵਾਧੂ ਤੇਲ ਆਪਣੇ ਸਟਾਕ ’ਚ ਜੋੜ ਰਿਹਾ ਹੈ। ਇਹ ਕਦਮ ਚੀਨ ਦੇ ਰਣਨੀਤਕ ਪੈਟਰੋਲੀਅਮ ਭੰਡਾਰ (ਐੱਸ. ਪੀ. ਆਰ.) ਨੂੰ ਵਧਾਉਣ ਲਈ ਚੁੱਕਿਆ ਜਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਚੀਨ ਇਹ ਸਟਾਕਿੰਗ ਲੰਮੇਂ ਸਮੇਂ ਤੱਕ ਨਹੀਂ ਕਰ ਸਕੇਗਾ ਅਤੇ ਜੇ ਬਾਜ਼ਾਰ ’ਚ ਜ਼ਿਆਦਾ ਤੇਲ ਆ ਗਿਆ, ਤਾਂ ਇਸ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ।
2026 ’ਚ ਤੇਲ ਦੀ ਮੰਗ ਘਟੇਗੀ
ਅਗਲੇ ਸਾਲ ਦੁਨੀਆ ’ਚ ਤੇਲ ਦੀ ਮੰਗ ਵਧਣ ਦੀ ਰਫਤਾਰ ਹੌਲੀ ਹੋ ਜਾਵੇਗੀ। ਟਰੈਫਿਗੁਰਾ ਦੇ ਸਾਦ ਰਹੀਮ ਮੁਤਾਬਕ 2026 ’ਚ ਤੇਲ ਦੀ ਮੰਗ ਲੱਗਭਗ 10 ਲੱਖ ਬੈਰਲ ਰੋਜ਼ਾਨਾ ਤੋਂ ਵੀ ਘੱਟ ਵਧੇਗੀ। ਅਜਿਹੇ ਸਮੇਂ ’ਚ ਜਦੋਂ ਓਪੇਕ ਪਲੱਸ ਦੇਸ਼ ਆਪਣੀ ਤੇਲ ਉਤਪਾਦਨ ਸਮਰੱਥਾ ਵਧਾ ਰਹੇ ਹਨ, ਤਾਂ ਬਾਜ਼ਾਰ ’ਚ ਤੇਲ ਦੀ ਸਪਲਾਈ ਵੱਧ ਹੋ ਜਾਵੇਗੀ। ਇਸ ਨਾਲ ਤੇਲ ਦੀਆਂ ਕੀਮਤਾਂ ’ਤੇ ਦਬਾਅ ਪੈ ਸਕਦਾ ਹੈ।
ਭਾਰਤ ਲਈ ਵੱਡਾ ਮੌਕਾ
ਭਾਰਤ ’ਚ ਤੇਲ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ, ਜੋ ਦੇਸ਼ ਦੀ ਆਰਥਕ ਮਜ਼ਬੂਤੀ ਦਾ ਸੰਕੇਤ ਹੈ ਪਰ ਇਹ ਭਾਰਤ ਲਈ ਇਕ ਵੱਡੀ ਜ਼ਿੰਮੇਵਾਰੀ ਵੀ ਹੈ। ਵਧਦੀਆਂ ਤੇਲ ਦੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਦੇਸ਼ ਨੂੰ ਆਪਣੀ ਊਰਜਾ ਸੁਰੱਖਿਆ ’ਤੇ ਖਾਸ ਧਿਆਨ ਦੇਣਾ ਹੋਵੇਗਾ। ਨਾਲ ਹੀ, ਸਾਨੂੰ ਨਵਿਆਉਣਯੋਗ ਅਤੇ ਬਦਲਵੇਂ ਊਰਜਾ ਸਰੋਤਾਂ ਨੂੰ ਅਪਣਾਉਣਾ ਵੀ ਜ਼ਰੂਰੀ ਹੈ, ਤਾਂ ਜੋ ਤੇਲ ’ਤੇ ਪੂਰੀ ਤਰ੍ਹਾਂ ਨਿਰਭਰ ਨਾ ਰਹਿਣਾ ਪਵੇ।
ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵੱਧ ਰਹੀ ਹੈ। ਮੂਡੀਜ਼ ਦੀ ਇਕ ਰਿਪੋਰਟ ਮੁਤਾਬਕ, 2025 ’ਚ ਭਾਰਤ ਦੀ ਜੀ. ਡੀ. ਪੀ. 6.3 ਫ਼ੀਸਦੀ ਅਤੇ 2026 ’ਚ 6.5 ਫ਼ੀਸਦੀ ਤੱਕ ਵਧ ਸਕਦੀ ਹੈ। ਇਸ ਨਾਲ ਭਾਰਤ ਜੀ-20 ਦੇਸ਼ਾਂ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਦੇਸ਼ ਬਣ ਜਾਵੇਗਾ।
ਭਾਰਤ ’ਚ ਟ੍ਰਾਂਸਪੋਰਟ ਲਈ ਤੇਲ ਦੀ ਮੰਗ ਵਧ ਰਹੀ ਹੈ ਅਤੇ ਸਰਕਾਰੀ ਤੇਲ ਕੰਪਨੀਆਂ ਰਿਫਾਈਨਿੰਗ ਸਮਰੱਥਾ ਵਧਾਉਣ ’ਚ ਨਿਵੇਸ਼ ਕਰ ਰਹੀਆਂ ਹਨ। ਇਸ ਨਾਲ ਤੇਲ ਦੀ ਮੰਗ ਲਗਾਤਾਰ ਵਧਦੀ ਰਹੇਗੀ।