RBI ਦੀਆਂ ਮਹਿੰਗਾਈ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਝਟਕਾ, ਪ੍ਰਚੂਨ ਮਹਿੰਗਾਈ ਦਰ 7 ਫੀਸਦੀ ’ਤੇ ਪਹੁੰਚੀ

09/13/2022 11:34:31 AM

ਨਵੀਂ ਦਿੱਲੀ (ਭਾਸ਼ਾ) - ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਇਕ ਵਾਰ ਫਿਰ ਵਧ ਕੇ 7 ਫੀਸਦੀ ਤੋਂ ਪਾਰ ਪਹੁੰਚ ਗਿਆ ਹੈ। ਜੁਲਾਈ ’ਚ 6.71 ਫੀਸਦੀ ’ਤੇ ਆਉਣ ਤੋਂ ਬਾਅਦ ਇਸ ਦਾ ਵਧਣਾ ਚਿੰਤਾ ਦਾ ਵਿਸ਼ਾ ਇਸ ਲਈ ਹੈ, ਕਿਉਂਕਿ ਇਸ ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀਆਂ ਸਮੁੱਚੀਆਂ ਕੋਸ਼ਿਸ਼ਾਂ ਨੂੰ ਝਟਕਾ ਦਿੱਤਾ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਵੱਲੋਂ ਅੱਜ ਅਗਸਤ ਮਹੀਨੇ ਦੇ ਮਹਿੰਗਾਈ ਅੰਕੜੇ ਜਾਰੀ ਕੀਤੇ ਗਏ।

ਅਗਸਤ ਦੀ ਪ੍ਰਚੂਨ ਮਹਿੰਗਾਈ ਦਾ ਅੰਕੜਾ 7 ਫੀਸਦੀ ’ਤੇ ਹੋਣਾ ਅੰਦਾਜ਼ੇ ਨਾਲੋਂ ਥੋੜ੍ਹਾ ਵੱਧ ਹੈ। ਇਕ ਸਰਵੇਖਣ ਅਨੁਸਾਰ ਸੀ. ਪੀ. ਆਈ. ਮਹਿੰਗਾਈ ਵਧ ਕੇ 6.9 ਫੀਸਦੀ ਹੋ ਸਕਦੀ ਸੀ। ਸੀ. ਪੀ. ਆਈ. ਮਹਿੰਗਾਈ ਹੁਣ ਲਗਾਤਾਰ 35 ਮਹੀਨਿਆਂ ਦੇ ਆਰ. ਬੀ. ਆਈ. ਦੇ 4 ਫੀਸਦੀ ਦੀ ਮੱਧ-ਮਿਆਦ ਦੇ ਟੀਚੇ ਤੋਂ ਉੱਪਰ ਅਤੇ ਲਗਾਤਾਰ 8 ਮਹੀਨਿਆਂ ਤੋਂ ਕੇਂਦਰੀ ਬੈਂਕ ਦੀ 2-6 ਫੀਸਦੀ ਦੀ ਸਹਿਣਯੋਗ ਹੱਦ (ਟਾਲਰੈਂਸ ਰੇਂਜ) ਤੋਂ ਉੱਪਰ ਬਣੀ ਹੋਈ ਹੈ।

ਅਗਸਤ ’ਚ 7.62 ਫੀਸਦੀ ਰਹੀ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ

ਅੰਕੜਿਆਂ ਅਨੁਸਾਰ, ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਅਗਸਤ ’ਚ 7.62 ਫੀਸਦੀ ਰਹੀ, ਜੋ ਜੁਲਾਈ ’ਚ 6.69 ਫੀਸਦੀ ਸੀ। ਉੱਥੇ ਹੀ, ਪਿਛਲੇ ਸਾਲ ਅਗਸਤ ’ਚ ਇਹ 3.11 ਫੀਸਦੀ ਸੀ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਆਰ. ਬੀ. ਆਈ. ਨੇ ਰੈਪੋ ਦਰ ਨੂੰ 0.5 ਫੀਸਦੀ ਵਧਾ ਕੇ 5.4 ਫੀਸਦੀ ਕਰ ਦਿੱਤਾ। ਆਰ. ਬੀ. ਆਈ. ਨੇ ਪਿਛਲੀਆਂ ਤਿੰਨ ਕਰੰਸੀ ਨੀਤੀ ਸਮੀਖਿਆਵਾਂ ’ਚ ਨੀਤੀਗਤ ਦਰ ਰੈਪੋ ’ਚ 1.40 ਫੀਸਦੀ ਦਾ ਵਾਧਾ ਕੀਤਾ ਹੈ।

ਉਦਯੋਗਿਕ ਉਤਪਾਦਨ ਦੀ ਵਾਧਾ ਦਰ 2.4 ਫੀਸਦੀ ਰਹੀ

ਦੇਸ਼ ਦੇ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ’ਚ ਜੁਲਾਈ ਦੌਰਾਨ 2.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਕ ਸਾਲ ਪਹਿਲਾਂ ਜੁਲਾਈ, 2021 ਦੌਰਾਨ ਆਈ. ਆਈ. ਪੀ. ’ਚ 11.5 ਫੀਸਦੀ ਦਾ ਵਾਧਾ ਹੋਇਆ ਸੀ। ਰਾਸ਼ਟਰੀ ਅੰਕੜਾ ਦਫਤਰ (ਐੱਨ. ਐੱਸ. ਓ.) ਵੱਲੋਂ ਜਾਰੀ ਆਈ. ਆਈ. ਪੀ. ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।

ਅੰਕੜਿਆਂ ਅਨੁਸਾਰ, ਜੁਲਾਈ 2022 ’ਚ ਨਿਰਮਾਣ ਖੇਤਰ ਦਾ ਉਤਪਾਦਨ 3.2 ਫੀਸਦੀ ਵਧਿਆ ਹੈ। ਇਸ ਤੋਂ ਇਲਾਵਾ, ਮਾਈਨਿੰਗ ਉਤਪਾਦਨ ’ਚ ਜੁਲਾਈ ਦੌਰਾਨ 3.3 ਫੀਸਦੀ ਦੀ ਗਿਰਾਵਟ, ਜਦੋਂ ਕਿ ਬਿਜਲੀ ਉਤਪਾਦਨ ’ਚ 2.3 ਫੀਸਦੀ ਦਾ ਵਾਧਾ ਹੋਇਆ।

ਜ਼ਿਕਰਯੋਗ ਹੈ ਕਿ ਅਪ੍ਰੈਲ, 2020 ’ਚ ਕੋਵਿਡ-19 ਮਹਾਮਾਰੀ ਕਾਰਨ ਉਦਯੋਗਿਕ ਉਤਪਾਦਨ ’ਤੇ ਕਾਫੀ ਨਕਾਰਾਤਮਕ ਅਸਰ ਹੋਇਆ ਸੀ ਅਤੇ ਇਹ 57.3 ਫੀਸਦੀ ਤੱਕ ਡਿੱਗ ਗਿਆ ਸੀ।


Harinder Kaur

Content Editor

Related News