ਸਾਊਦੀ ਅਰਬ ਬਣਾ ਰਿਹਾ ਨਵਾਂ ਪਲਾਨ, ਸਫਲ ਹੋਇਆ ਤਾਂ ਤੇਲ ਦੀਆਂ ਕੀਮਤਾਂ ਡਿੱਗਣਗੀਆਂ ਧੜੰਮ
Friday, Aug 15, 2025 - 10:48 AM (IST)

ਨਵੀਂ ਦਿੱਲੀ(ਭਾਸ਼ਾ) - ਤੇਲ ਬਾਜ਼ਾਰ ’ਚ ਇਕ ਦਿਲਚਸਪ ਬਦਲਾਅ ਹੋ ਰਿਹਾ ਹੈ। ਦੁਨੀਆ ਦਾ ਸਭ ਤੋਂ ਵੱਡਾ ਤੇਲ ਬਰਾਮਦਕਾਰ ਸਾਊਦੀ ਅਰਬ ਹੁਣ ਆਪਣੀਆਂ ਬਿਜਲੀ ਜ਼ਰੂਰਤਾਂ ਪੂਰਾ ਕਰਨ ਲਈ ਤੇਜ਼ੀ ਨਾਲ ਨਵਿਆਉਣਯੋਗ ਊਰਜਾ ਵੱਲ ਵੱਧ ਰਿਹਾ ਹੈ, ਜਿਸ ਨਾਲ ਘਰੇਲੂ ਤੇਲ ਖਪਤ ਘਟੇਗੀ ਅਤੇ ਬਰਾਮਦ ਵਧੇਗੀ।
ਪਹਿਲਾਂ, ਸਾਊਦੀ ਅਰਬ ’ਚ ਗਰਮੀਆਂ ਦੀ ਤੇਜ਼ ਗਰਮੀ ’ਚ ਬਿਜਲੀ ਬਣਾਉਣ ਲਈ ਵੱਡੀ ਮਾਤਰਾ ’ਚ ਕਰੂਡ ਆਇਲ ਅਤੇ ਫਿਊਲ ਆਇਲ ਖਪਤ ਕੀਤੀ ਜਾਂਦੀ ਸੀ। ਦੇਸ਼ ਦੀ ਕਰੀਬ 25-30 ਫੀਸਦੀ ਤੇਲ ਖਪਤ ਸਿਰਫ ਪਾਵਰ ਪਲਾਂਟਸ ’ਚ ਹੁੰਦੀ ਸੀ। ਹੁਣ ਸਰਕਾਰ ਨੇ 2030 ਤੱਕ 130 ਗੀਗਾਵਾਟ ਨਵਿਆਉਣਯੋਗ ਊਰਜਾ ਲਾਉਣ ਦਾ ਟੀਚਾ ਰੱਖਿਆ ਹੈ, ਜੋ ਭਾਰਤ ’ਚ ਮੌਜੂਦਾ ਸੋਲਰ ਪਾਵਰ ਸਮਰੱਥਾ ਦੇ ਬਰਾਬਰ ਹੈ। ਜੇਕਰ ਇਹ ਯੋਜਨਾ ਸਫਲ ਹੁੰਦੀ ਹੈ ਤਾਂ ਆਉਣ ਵਾਲੇ 5 ਸਾਲਾਂ ’ਚ ਦੁਨੀਆ ’ਚ ਤੇਲ ਦੀ ਮੰਗ ’ਚ ਸਭ ਤੋਂ ਵੱਡੀ ਗਿਰਾਵਟ ਇੱਥੋਂ ਆ ਸਕਦੀ ਹੈ।
ਪਿੱਛਲੀ ਮੱਠੀ ਰਫਤਾਰ, ਹੁਣ ਤੇਜ਼ ਪ੍ਰਗਤੀ
ਸਾਊਦੀ ਅਰਬ ’ਚ ਵੱਡੇ ਪ੍ਰਾਜੈਕਟਸ ਦੇ ਪੂਰੇ ਹੋਣ ਨੂੰ ਲੈ ਕੇ ਅਕਸਰ ਸ਼ੱਕ ਰਿਹਾ ਹੈ ਕਿਉਂਕਿ ਕਈ ਮੈਗਾ ਪ੍ਰਾਜੈਕਟ ਅਧੂਰੇ ਹਨ ਪਰ ਨਵਿਆਉਣਯੋਗ ਊਰਜਾ ’ਚ ਹੁਣ ਤੇਜ਼ੀ ਨਾਲ ਕੰਮ ਹੋ ਰਿਹਾ ਹੈ। 2024 ਤੋਂ ਹੁਣ ਤੱਕ ਏ. ਸੀ. ਡਬਲਯੂ. ਏ. ਪਾਵਰ, ਜੋ ਦੇਸ਼ ਦੀ ਸਭ ਤੋਂ ਵੱਡੀ ਬਿਜਲੀ ਅਤੇ ਪਾਣੀ ਕੰਪਨੀ ਹੈ, ਨੇ 4.9 ਗੀਗਾਵਾਟ ਸੋਲਰ ਪ੍ਰਾਜੈਕਟ ਸ਼ੁਰੂ ਕੀਤੇ ਹਨ ਅਤੇ ਅਗਲੇ ਸਾਲ ਦੇ ਆਖਿਰ ਤੱਕ ਇੰਨਾ ਹੀ ਹੋਰ ਜੋੜਨ ਦਾ ਟੀਚਾ ਹੈ।
ਹਾਲ ਹੀ ’ਚ ਕੰਪਨੀ ਨੇ 15 ਗੀਗਾਵਾਟ ਦੇ ਨਵੇਂ ਪ੍ਰਾਜੈਕਟ ਲਈ ਵੀ ਸੌਦੇ ਕੀਤੇ ਹਨ, ਜੋ 2028 ਤੱਕ ਪੂਰੇ ਹੋਣਗੇ। ਏ. ਸੀ. ਡਬਲਯੂ. ਏ. ਦਾ ਟੀਚਾ ਹੈ ਕਿ 2030 ਤੱਕ 78 ਗੀਗਾਵਾਟ ਸਮਰੱਥਾ ਹਾਸਲ ਕੀਤੀ ਜਾਵੇ। ਇਹ ਓਨੀ ਬਿਜਲੀ ਹੈ, ਜਿੰਨੀ ਸਾਊਦੀ ਨੇ ਪਿਛਲੇ ਸਾਲ ਤੇਲ ਤੋਂ ਬਣਾਈ ਸੀ।
ਤੇਲ ਬਾਜ਼ਾਰ ’ਤੇ ਅਸਰ
ਸਾਊਦੀ ਅਰਾਮਕੋ ਦੇ ਮੁਖੀ ਅਮੀਨ ਨਾਸਰ ਅਨੁਸਾਰ ਜੇਕਰ ਘਰੇਲੂ ਬਿਜਲੀ ਉਤਪਾਦਨ ਤੋਂ ਤੇਲ ਹਟਾ ਦਿੱਤਾ ਜਾਵੇ ਤਾਂ ਓਨਾ ਹੀ ਫਾਇਦਾ ਹੋਵੇਗਾ, ਜਿੰਨਾ ਨਵੇਂ ਖੂਹ ਪੁੱਟਣ ਨਾਲ ਹੁੰਦਾ ਹੈ। ਇਸ ਦਾ ਮਤਲੱਬ ਹੈ ਕਿ ਜ਼ਿਆਦਾ ਤੇਲ ਬਰਾਮਦ ਲਈ ਉਪਲੱਬਧ ਹੋਵੇਗਾ। ਸਾਊਦੀ ਅਰਬ ਦੀ ਗਰਿੱਡ ’ਚ ਜਿੰਨਾ ਤੇਲ ਵਰਤੋਂ ਹੁੰਦਾ ਹੈ, ਓਨਾ ਭਾਰਤ ਦੇ ਸਾਰੇ ਵਾਹਨ (ਕਾਰ ਅਤੇ ਸਕੂਟਰ) ਮਿਲ ਕੇ ਵੀ ਨਹੀਂ ਵਰਤੋਂ ਕਰਦੇ। ਜੇਕਰ 2030 ਤੱਕ ਇਹ ਖਪਤ ਖਤਮ ਹੋ ਗਈ, ਤਾਂ ਗਲੋਬਲ ਤੇਲ ਬਾਜ਼ਾਰ ’ਚ ਸਪਲਾਈ ਦਾ ਦਬਾਅ ਹੋਰ ਵਧ ਸਕਦਾ ਹੈ ਅਤੇ ਕੀਮਤਾਂ ’ਤੇ ਅਸਰ ਪਵੇਗਾ।