LPG ਗੈਸ ਸਿਲੰਡਰ ਵਾਪਸ ਕਰਨ ''ਤੇ ਮਿਲਣਗੇ 500 ਰੁਪਏ, ਜਾਣੋ ਪੂਰੀ ਪ੍ਰਕਿਰਿਆ

Tuesday, Oct 06, 2026 - 06:53 PM (IST)

LPG ਗੈਸ ਸਿਲੰਡਰ ਵਾਪਸ ਕਰਨ ''ਤੇ ਮਿਲਣਗੇ 500 ਰੁਪਏ, ਜਾਣੋ ਪੂਰੀ ਪ੍ਰਕਿਰਿਆ

ਨਵੀਂ ਦਿੱਲੀ : ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਦੇ 5 ਕਿੱਲੋ ਵਾਲੇ 'ਛੋਟੂ' ਐੱਲ.ਪੀ.ਜੀ. (LPG) ਸਿਲੰਡਰ 'ਤੇ ਗਾਹਕਾਂ ਲਈ ਇੱਕ ਵਿਸ਼ੇਸ਼ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ, ਜਦੋਂ ਵੀ ਗਾਹਕ ਆਪਣਾ 'ਛੋਟੂ' ਗੈਸ ਸਿਲੰਡਰ ਵਾਪਸ (ਸਰੈਂਡਰ) ਕਰਨਗੇ, ਤਾਂ ਉਨ੍ਹਾਂ ਨੂੰ ਪ੍ਰਤੀ ਸਿਲੰਡਰ 500 ਰੁਪਏ ਦੀ ਨਿਸ਼ਚਿਤ ਬਾਏਬੈਕ (Buyback) ਰਕਮ ਵਾਪਸ ਮਿਲੇਗੀ।

ਇਹ ਕਨੈਕਸ਼ਨ ਖਾਸ ਤੌਰ 'ਤੇ ਦੂਜੇ ਸ਼ਹਿਰਾਂ ਵਿੱਚ ਨੌਕਰੀ ਜਾਂ ਪੜ੍ਹਾਈ ਦੇ ਲਿਹਾਜ਼ ਨਾਲ ਰਹਿੰਦੇ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਦੀ ਗੈਸ ਦੀ ਖਪਤ ਘੱਟ ਹੈ ਜਾਂ ਜਿਨ੍ਹਾਂ ਕੋਲ ਉੱਥੋਂ ਦਾ ਸਥਾਨਕ ਪਤੇ ਦਾ ਸਬੂਤ ਨਹੀਂ ਹੁੰਦਾ। ਇਸ ਸੁਵਿਧਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਕੁਨੈਕਸ਼ਨ ਲੈਣ ਲਈ ਕਿਸੇ ਲੋਕਲ ਐਡਰੈੱਸ ਪਰੂਫ਼ ਦੀ ਲੋੜ ਨਹੀਂ ਪੈਂਦੀ। ਗਾਹਕ ਸਿਰਫ਼ ਆਪਣਾ ਕੋਈ ਵੀ ਵੈਧ ਪਛਾਣ ਪੱਤਰ (ID Proof) ਦਿਖਾ ਕੇ ਨਵਾਂ ਕੁਨੈਕਸ਼ਨ ਤੁਰੰਤ ਪ੍ਰਾਪਤ ਕਰ ਸਕਦੇ ਹਨ। ਇਸ ਲਈ ਕੋਈ ਸਕਿਓਰਿਟੀ ਡਿਪਾਜ਼ਿਟ ਵੀ ਜਮ੍ਹਾਂ ਨਹੀਂ ਕਰਵਾਉਣਾ ਪੈਂਦਾ।

ਗਾਹਕ ਆਪਣਾ ਕੰਮ ਖਤਮ ਹੋਣ ਜਾਂ ਸ਼ਹਿਰ ਛੱਡਣ ਸਮੇਂ ਇਸ ਸਿਲੰਡਰ ਨੂੰ ਆਸਾਨੀ ਨਾਲ ਵਾਪਸ ਕਰ ਸਕਦੇ ਹਨ ਅਤੇ 500 ਰੁਪਏ ਦੀ ਰਕਮ ਪ੍ਰਾਪਤ ਕਰ ਸਕਦੇ ਹਨ, ਚਾਹੇ ਉਨ੍ਹਾਂ ਨੇ ਇਸ ਨੂੰ ਜਿੰਨੇ ਵੀ ਦਿਨ ਵਰਤਿਆ ਹੋਵੇ। ਇਹ ਸਿਲੰਡਰ 'ਇੰਡੇਨ' (Indane) ਡਿਸਟ੍ਰੀਬਿਊਟਰਸ਼ਿਪ ਤੋਂ ਇਲਾਵਾ ਇੰਡੀਅਨ ਆਇਲ ਦੇ ਰੀਟੇਲ ਆਊਟਲੇਟਾਂ, ਚੋਣਵੀਆਂ ਕਰਿਆਨੇ ਦੀਆਂ ਦੁਕਾਨਾਂ ਅਤੇ ਲੋਕਲ ਸੁਪਰਮਾਰਕੀਟਾਂ ਤੋਂ ਖਰੀਦਿਆ ਜਾਂ ਰਿਫਿਲ ਕਰਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, 25 ਰੁਪਏ ਦੇ ਵਾਧੂ ਡਿਲੀਵਰੀ ਚਾਰਜ 'ਤੇ ਘਰ ਬੈਠੇ ਵੀ ਰਿਫਿਲ ਡਿਲੀਵਰੀ ਦੀ ਸੁਵਿਧਾ ਉਪਲਬਧ ਹੈ।


author

Inder Prajapati

Content Editor

Related News